ਕੋਰੋਨਾ ਨਾਲ ਵੱਡੇ ਸੰਕਟ 'ਚ ਘਿਰਿਆ ਅਮਰੀਕਾ, 2.2 ਕਰੋੜ ਲੋਕ ਬੇਰੁਜ਼ਗਾਰ, ਲੋਕ ਰੋਟੀ ਨੂੰ ਤਰਸੇ, ਹੁਣ ਦਾਨੀਆਂ 'ਤੇ ਟੇਕ
ਵਾਇਰਸ ਦੇ ਪਸਾਰ ਨੂੰ ਰੋਕਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਲੌਕਡਾਊਨ ਹੈ, ਜਿਸ ਦੇ ਚੱਲਦਿਆਂ ਕਈ ਕਾਰੋਬਾਰ ਠੱਪ ਹੋ ਗਏ ਹਨ ਤੇ 2.2 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਹਨ। ਕੋਰੋਨਾ ਵਾਇਰਸ ਦੀ ਲਪੇਟ 'ਚ ਅਮਰੀਕਾ 'ਚ ਹੁਣ ਤਕ 7,92,759 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 42,514 ਮੌਤਾਂ ਹੋ ਗਈਆਂ ਹਨ
ਚੰਡੀਗੜ੍ਹ: ਕੋਰਨਾ ਵਾਇਰਸ ਦੀ ਲਪੇਟ 'ਚ ਬੁਰੀ ਤਰ੍ਹਾਂ ਘਿਰੇ ਅਮਰੀਕਾ ਦਾ ਆਰਥਿਕ ਪੱਖੋਂ ਲੱਕ ਟੁੱਟ ਚੁੱਕਾ ਹੈ। ਵਾਇਰਸ ਦੇ ਪਸਾਰ ਨੂੰ ਰੋਕਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਲੌਕਡਾਊਨ ਹੈ, ਜਿਸ ਦੇ ਚੱਲਦਿਆਂ ਕਈ ਕਾਰੋਬਾਰ ਠੱਪ ਹੋ ਗਏ ਹਨ ਤੇ 2.2 ਕਰੋੜ ਲੋਕ ਬੇਰੁਜ਼ਗਾਰ ਹੋ ਗਏ ਹਨ। ਕੋਰੋਨਾ ਵਾਇਰਸ ਦੀ ਲਪੇਟ 'ਚ ਅਮਰੀਕਾ 'ਚ ਹੁਣ ਤਕ 7,92,759 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 42,514 ਮੌਤਾਂ ਹੋ ਗਈਆਂ ਹਨ।
ਮਹਾਮਾਰੀ ਦੌਰਾਨ ਬੇਰੁਜ਼ਗਾਰ ਹੋਏ ਲੋਕ ਵੀ ਵੱਡਾ ਸੰਤਾਪ ਹੰਢਾ ਰਹੇ ਹਨ। ਇਨ੍ਹਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਦੀ ਢਿੱਡ ਭਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਣ ਲਈ ਲੋਕ ਘੰਟਿਆਂ ਬੱਧੀ ਬੈਂਕ ਦੇ ਬਾਹਰ ਲਾਈਨਾਂ 'ਚ ਆਪਣਾ ਨੰਬਰ ਆਉਣ ਦਾ ਇੰਤਜ਼ਾਰ ਕਰਦੇ ਹਨ। ਲੌਕਡਾਊਨ ਦੌਰਾਨ ਸਖ਼ਤ ਪਾਬੰਦੀਆਂ ਦੇ ਚੱਲਦਿਆਂ ਲੋਕ ਖਾਣ-ਪੀਣ ਦੀਆਂ ਚੀਜ਼ਾਂ ਲਈ ਦਾਨੀ ਲੋਕਾਂ 'ਤੇ ਨਿਰਭਰ ਹਨ।
ਪੈਂਸਿਲਵੇਨੀਆ ਦੇ ਗ੍ਰੇਟਰ ਪਿਟਸਬਰਗ ਕਮਿਊਨਿਟੀ ਫੂਡ ਬੈਂਕ 'ਚ ਲੌਕਡਾਊਨ ਤੋਂ ਬਾਅਦ ਖਾਣੇ ਦੇ ਪੈਕੇਟਾਂ ਦੀ ਮੰਗ ਮਾਰਚ ਮਹੀਨੇ 40 ਫੀਸਦ ਵਧ ਗਈ ਸੀ। ਇਸ ਕੇਂਦਰ ਦੇ ਬਾਹਰ ਕਰੀਬ ਇਕ ਹਜ਼ਾਰ ਕਾਰਾਂ ਇਸ ਗੱਲ ਦੀ ਗਵਾਹੀ ਭਰ ਰਹੀਆਂ ਸਨ ਕਿ ਉੱਥੇ ਬੇਰੁਜ਼ਗਾਰੀ ਦਾ ਕੀ ਹਾਲ ਹੈ। ਇਸ ਤਰ੍ਹਾਂ ਵੱਖ-ਵੱਖ ਕੇਂਦਰਾਂ 'ਚ 227 ਟਨ ਖਾਣੇ ਦੇ ਪੈਕੇਟ ਵੰਡੇ ਜਾ ਰਹੇ ਹਨ।
ਨਿਊ ਆਰਲੀਨਸ ਤੋਂ ਲੈਕੇ ਡੇਟ੍ਰਾਇਟ ਤਕ ਪੂਰੇ ਅਮਰੀਕਾ 'ਚ ਲੋਕ ਬੇਰੁਜ਼ਗਾਰ ਹੋਣ ਤੋਂ ਬਾਅਦ ਫੂਡ ਬੈਂਕਾਂ ਦਾ ਰੁਖ਼ ਕਰ ਰਹੇ ਹਨ। ਟੈਕਸਾਸ ਤੇ ਐਂਟੋਨੀਓ ਦੇ ਫੂਡ ਬੈਂਕ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਇੱਥੋਂ ਦੇ ਹਾਲਾਤ ਸਮਝਣ 'ਚ ਕਾਫੀ ਮਦਦ ਮਿਲੀ। ਬੀਤੀ 9 ਅਪ੍ਰੈਲ ਨੂੰ ਸਾਹਮਣੇ ਆਈ ਤਸਵੀਰ 'ਚ ਫੂਡ ਬੈਂਕ ਦੇ ਬਾਹਰ 1000 ਕਾਰਾਂ ਖੜੀਆਂ ਸਨ। ਜ਼ਾਹਿਰ ਹੈ ਇਹ ਲੋਕ ਹੁਣ ਫੂਡ ਬੈਂਕ 'ਤੇ ਰੋਜ਼ ਦੀ ਰੋਟੀ ਲਈ ਨਿਰਭਰ ਹਨ।
ਦੁਨੀਆਂ 'ਚ ਸ਼ਕਤੀਸ਼ਾਲੀ ਮੰਨੇ ਜਾਂਦੇ ਦੇਸ਼ ਅਮਰੀਕਾ ਦਾ ਵੀ ਕਦੇ ਇਹ ਹਾਲ ਹੋਵੇਗਾ ਕਦੇ ਕਿਸੇ ਨੇ ਕਿਆਸ ਵੀ ਨਹੀਂ ਲਾਇਆ ਹੋਵੇਗਾ ਪਰ ਜੋ ਮੌਜੂਦਾ ਹਾਲਾਤ ਬਣੇ ਹਨ ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਕੁਝ ਵੀ ਸਥਾਈ ਨਹੀਂ। (ਸ੍ਰੋਤ-ਕੌਮਾਂਤਰੀ ਮੀਡੀਆ ਰਿਪੋਰਟਾਂ)