FCPA: ਪੀਐਮ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਗੌਤਮ ਅਡਾਨੀ ਨੂੰ ਵੱਡੀ ਰਾਹਤ! ਟਰੰਪ ਨੇ ਰੱਦ ਕੀਤਾ 50 ਸਾਲ ਪੁਰਾਣਾ ਕਾਨੂੰਨ
Trump Repeals Anti Corruption Laws Abroad: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਦੋ ਦਿਨ ਪਹਿਲਾਂ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਗਪਗ 50

Trump Repeals Anti Corruption Laws Abroad: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਦੋ ਦਿਨ ਪਹਿਲਾਂ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਗਪਗ 50 ਸਾਲ ਪੁਰਾਣੇ ਵਿਦੇਸ਼ੀ ਭ੍ਰਿਸ਼ਟ ਅਭਿਆਸ ਐਕਟ (FCPA) ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਨਾਲ ਵਿਦੇਸ਼ਾਂ ਵਿੱਚ ਕਾਰੋਬਾਰ ਲਈ ਰਿਸ਼ਵਤ ਦੇਣਾ ਹੁਣ ਅਪਰਾਧ ਨਹੀਂ ਰਹੇਗਾ। ਇਸ ਕਾਨੂੰਨ ਤਹਿਤ ਹੀ ਅਮਰੀਕਾ ਵਿੱਚ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਜਿਸ ਵਿੱਚ ਅਡਾਨੀ 'ਤੇ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਯੋਜਨਾ ਬਣਾਉਣ ਦਾ ਦੋਸ਼ ਹੈ। ਟਰੰਪ ਨੇ ਇਹ ਫੈਸਲਾ ਪ੍ਰਧਾਨ ਮੰਤਰੀ ਮੋਦੀ ਦੇ ਅਮਰੀਕਾ ਦੌਰੇ ਤੋਂ ਦੋ ਦਿਨ ਪਹਿਲਾਂ ਲਿਆ ਹੈ।
ਰਾਇਟਰਜ਼ ਦੇ ਅਨੁਸਾਰ, ਟਰੰਪ ਨੇ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਇਸ ਕਾਨੂੰਨ ਤਹਿਤ ਲਏ ਗਏ ਫੈਸਲਿਆਂ ਦੀ ਸਮੀਖਿਆ ਲਈ ਦਿਸ਼ਾ-ਨਿਰਦੇਸ਼ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਟਰੰਪ ਨੇ ਨਿਆਂ ਵਿਭਾਗ ਨੂੰ ਉਨ੍ਹਾਂ ਅਮਰੀਕੀਆਂ 'ਤੇ ਮੁਕੱਦਮਾ ਚਲਾਉਣਾ ਬੰਦ ਕਰਨ ਦਾ ਹੁਕਮ ਦਿੱਤਾ ਹੈ ਜੋ ਦੂਜੇ ਦੇਸ਼ਾਂ ਵਿੱਚ ਕਾਰੋਬਾਰ ਜਿੱਤਣ ਜਾਂ ਬਣਾਈ ਰੱਖਣ ਲਈ ਵਿਦੇਸ਼ੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ੀ ਹਨ।
ਅਡਾਨੀ 'ਤੇ ਅਰਬਾਂ ਦੀ ਧੋਖਾਧੜੀ ਦਾ ਦੋਸ਼
ਪਿਛਲੇ ਸਾਲ ਅਮਰੀਕਾ ਵਿੱਚ ਉਦਯੋਗਪਤੀ ਗੌਤਮ ਅਡਾਨੀ ਸਮੇਤ 8 ਲੋਕਾਂ 'ਤੇ ਅਰਬਾਂ ਰੁਪਏ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ। ਚਾਰਜਸ਼ੀਟ ਅਨੁਸਾਰ, ਅਡਾਨੀ ਦੀ ਕੰਪਨੀ ਨੇ ਭਾਰਤ ਵਿੱਚ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਨੂੰ ਗਲਤ ਤਰੀਕਿਆਂ ਨਾਲ ਹਾਸਲ ਕੀਤਾ। ਇਸ ਲਈ ਸਰਕਾਰੀ ਅਧਿਕਾਰੀਆਂ ਨੂੰ 250 ਮਿਲੀਅਨ ਡਾਲਰ ਯਾਨੀ ਲਗਪਗ 2,029 ਕਰੋੜ ਰੁਪਏ ਰਿਸ਼ਵਤ ਦੇਣ ਦੀ ਯੋਜਨਾ ਬਣਾਈ ਗਈ ਸੀ।
ਇਸ ਤੋਂ ਇਲਾਵਾ ਮੁਲਜ਼ਮਾਂ ਨੇ ਅਮਰੀਕੀ ਨਿਵੇਸ਼ਕਾਂ ਤੇ ਬੈਂਕਾਂ ਨੂੰ ਝੂਠ ਬੋਲ ਕੇ ਪੈਸੇ ਇਕੱਠੇ ਕੀਤੇ। ਇਹ ਪੂਰਾ ਮਾਮਲਾ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਤੇ ਇੱਕ ਹੋਰ ਫਰਮ ਨਾਲ ਸਬੰਧਤ ਸੀ। ਇਹ ਕੇਸ 24 ਅਕਤੂਬਰ 2024 ਨੂੰ ਨਿਊਯਾਰਕ ਦੀ ਸੰਘੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ।
FCPA ਐਕਟ ਕੀ ਹੈ?
ਸੰਘੀ ਭ੍ਰਿਸ਼ਟ ਅਭਿਆਸ ਐਕਟ (FCPA) ਸੰਯੁਕਤ ਰਾਜ ਅਮਰੀਕਾ ਦੁਆਰਾ 1977 ਵਿੱਚ ਲਾਗੂ ਕੀਤਾ ਗਿਆ ਸੀ। ਇਸ ਤਹਿਤ ਅਮਰੀਕਾ ਵਿੱਚ ਰਜਿਸਟਰਡ ਕੰਪਨੀਆਂ ਨੂੰ ਕਾਰੋਬਾਰ ਤੇ ਹੋਰ ਉਦੇਸ਼ਾਂ ਲਈ ਵਿਦੇਸ਼ੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ 'ਤੇ ਪਾਬੰਦੀ ਲਗਾਈ ਗਈ ਸੀ। ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਇਸ ਕਾਨੂੰਨ ਨੂੰ ਰੋਕਣ ਦੇ ਹੁਕਮ 'ਤੇ ਦਸਤਖ਼ਤ ਕਰਦੇ ਹੋਏ ਟਰੰਪ ਨੇ ਕਿਹਾ, "ਇਹ ਫੈਸਲਾ ਅਮਰੀਕਾ ਵਿੱਚ ਨਵੇਂ ਵਪਾਰਕ ਮੌਕੇ ਲਿਆਏਗਾ।" ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਇਸ ਕਾਨੂੰਨ ਨੂੰ ਖਤਮ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਉਨ੍ਹਾਂ ਇਸ ਨੂੰ ਇੱਕ ਭਿਆਨਕ ਕਾਨੂੰਨ ਦੱਸਦੇ ਹੋਏ ਕਿਹਾ ਸੀ ਕਿ ਇਸ ਕਾਨੂੰਨ ਕਾਰਨ ਦੁਨੀਆ ਸਾਡੇ 'ਤੇ ਹੱਸ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
