Reciprocal Tariff: ਟੰਰਪ ਨਾਲ ਮੋਦੀ ਦੀ ਯਾਰੀ ਨਹੀਂ ਆਈ ਕਿਸੇ ਕੰਮ, ਅਮਰੀਕਾ ਨੇ ਠੋਕਿਆ 26% ਟੈਰਿਫ, ਕਾਰੋਬਾਰੀਆਂ 'ਚ ਮੱਚੀ ਹਾਹਾਕਾਰ
Trump Reciprocal Tariff Announcement: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੋਸਤੀ ਕਿਸੇ ਕੰਮ ਨਹੀਂ ਆਈ। ਟਰੰਪ ਨੇ ਸਾਰੀਆਂ ਦਲੀਲਾਂ ਨੂੰ ਰੱਦ ਕਰਦਿਆਂ ਭਾਰਤ ਉਪਰ ਮੋਟਾ ਟੈਰਿਫ

Trump Reciprocal Tariff Announcement: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੋਸਤੀ ਕਿਸੇ ਕੰਮ ਨਹੀਂ ਆਈ। ਟਰੰਪ ਨੇ ਸਾਰੀਆਂ ਦਲੀਲਾਂ ਨੂੰ ਰੱਦ ਕਰਦਿਆਂ ਭਾਰਤ ਉਪਰ ਮੋਟਾ ਟੈਰਿਫ ਠੋਕ ਦਿੱਤਾ ਹੈ। ਟਰੰਪ ਨੇ ਭਾਰਤੀ ਉਤਪਾਦਾਂ ਉਪਰ 26% ਟੈਰਿਫ ਲਾਇਆ ਹੈ। ਅਮਰੀਕਾ ਦੀ ਇਸ ਕਾਰਵਾਈ ਨਾਲ ਭਾਰਤੀ ਅਰਥਵਿਵਸਥਾ ਉਪਰ ਢੂੰਘਾ ਅਸਰ ਪੈਣ ਦੇ ਆਸਾਰ ਹਨ। ਐਲਾਨ ਮਗਰੋਂ ਭਾਰਤੀ ਸ਼ੇਅਰ ਬਾਜ਼ਾਰ ਧੜੰਮ ਕਰਕੇ ਡਿੱਗ ਗਿਆ। ਭਾਰਤੀ ਕਾਰੋਬਾਰੀਆਂ ਅੰਦਰ ਸਹਿਮ ਦਾ ਮਾਹੌਲ ਬਣ ਗਿਆ।
ਟਰੰਪ ਨੇ ਬੁੱਧਵਾਰ ਦੇਰ ਰਾਤ ਭਾਰਤ 'ਤੇ 26% ਟੈਰਿਫ (ਰੈਸਾਪ੍ਰੋਕਲ ਟੈਰਿਫ) ਲਗਾਉਣ ਦਾ ਐਲਾਨ ਕੀਤਾ। ਟਰੰਪ ਨੇ ਕਿਹਾ ਕਿ ਭਾਰਤ ਬਹੁਤ ਸਖ਼ਤ ਹੈ। ਮੋਦੀ ਮੇਰੇ ਚੰਗੇ ਦੋਸਤ ਹਨ, ਪਰ ਉਹ ਸਾਡੇ ਨਾਲ ਸਹੀ ਵਿਵਹਾਰ ਨਹੀਂ ਕਰ ਰਹੇ। ਟਰੰਪ ਨੇ ਕਿਹਾ, ਭਾਰਤ ਅਮਰੀਕਾ 'ਤੇ 52% ਤੱਕ ਟੈਰਿਫ ਲਾਉਂਦਾ ਹੈ। ਇਸ ਲਈ ਅਮਰੀਕਾ ਭਾਰਤ 'ਤੇ 26% ਟੈਰਿਫ ਲਾਏਗਾ। ਦੂਜੇ ਦੇਸ਼ ਸਾਡੇ ਤੋਂ ਜੋ ਟੈਰਿਫ ਵਸੂਲ ਰਹੇ ਹਨ, ਅਸੀਂ ਉਸ ਤੋਂ ਲਗਪਗ ਅੱਧਾ ਟੈਰਿਫ ਵਸੂਲ ਕਰਾਂਗੇ। ਇਸ ਲਈ ਟੈਰਿਫ ਪੂਰੀ ਤਰ੍ਹਾਂ ਰੈਸੀਪ੍ਰੋਕਲ ਨਹੀਂ ਹੋਣਗੇ। ਮੈਂ ਇਹ ਕਰ ਸਕਦਾ ਸੀ, ਪਰ ਇਹ ਬਹੁਤ ਸਾਰੇ ਦੇਸ਼ਾਂ ਲਈ ਮੁਸ਼ਕਲ ਹੋਵੇਗਾ। ਅਸੀਂ ਇਹ ਨਹੀਂ ਕਰਨਾ ਚਾਹੁੰਦੇ।
ਦੱਸ ਦਈਏ ਕਿ ਅਮਰੀਕਾ ਵੱਲੋਂ ਭਾਰਤ ਤੋਂ ਇਲਾਵਾ ਚੀਨ 'ਤੇ 34%, ਯੂਰਪੀਅਨ ਯੂਨੀਅਨ 'ਤੇ 20%, ਦੱਖਣੀ ਕੋਰੀਆ 'ਤੇ 25%, ਜਾਪਾਨ 'ਤੇ 24%, ਵੀਅਤਨਾਮ 'ਤੇ 46% ਤੇ ਤਾਈਵਾਨ 'ਤੇ 32% ਟੈਰਿਫ ਲਾਇਆ ਜਾਵੇਗਾ। ਅਮਰੀਕਾ ਨੇ ਲਗਪਗ 60 ਦੇਸ਼ਾਂ 'ਤੇ ਉਨ੍ਹਾਂ ਦੇ ਟੈਰਿਫ ਦੇ ਮੁਕਾਬਲੇ ਅੱਧਾ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਦੂਜੇ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਸਾਰੇ ਸਮਾਨ 'ਤੇ 10% ਬੇਸਲਾਈਨ (ਘੱਟੋ-ਘੱਟ) ਟੈਰਿਫ ਲਗਾਇਆ ਜਾਵੇਗਾ।
ਹਾਸਲ ਜਾਣਕਾਰੀ ਮੁਤਾਬਕ ਬੇਸਲਾਈਨ ਟੈਰਿਫ 5 ਅਪ੍ਰੈਲ ਨੂੰ ਲਾਗੂ ਹੋਵੇਗਾ ਤੇ ਰੈਸੀਪ੍ਰੋਕਲ ਟੈਰਿਫ 9 ਅਪ੍ਰੈਲ ਦੀ ਅੱਧੀ ਰਾਤ 12 ਵਜੇ ਤੋਂ ਬਾਅਦ ਲਾਗੂ ਹੋਵੇਗਾ। ਬੇਸਲਾਈਨ ਟੈਰਿਫ ਵਪਾਰ ਦੇ ਆਮ ਨਿਯਮਾਂ ਦੇ ਤਹਿਤ ਆਯਾਤ 'ਤੇ ਲਗਾਏ ਜਾਂਦੇ ਹਨ, ਜਦੋਂ ਕਿ ਰੈਸੀਪ੍ਰੋਕਲ ਟੈਰਿਫ ਕਿਸੇ ਹੋਰ ਦੇਸ਼ ਦੁਆਰਾ ਲਗਾਏ ਗਏ ਟੈਰਿਫ ਦੇ ਜਵਾਬ ਵਿੱਚ ਲਗਾਏ ਜਾਂਦੇ ਹਨ।
ਟਰੰਪ ਨੇ ਕਿਹਾ ਕਿ ਅਮਰੀਕਾ ਵਿਦੇਸ਼ਾਂ ਵਿੱਚ ਬਣੇ ਵਾਹਨਾਂ 'ਤੇ 25% ਟੈਰਿਫ ਲਗਾਏਗਾ। ਹੁਣ ਤੱਕ ਅਮਰੀਕਾ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਮੋਟਰਸਾਈਕਲਾਂ 'ਤੇ ਸਿਰਫ 2.4% ਟੈਰਿਫ ਲੈਂਦਾ ਸੀ। ਜਿੱਥੇ ਭਾਰਤ 60%, ਵੀਅਤਨਾਮ 70% ਤੇ ਹੋਰ ਦੇਸ਼ ਇਸ ਤੋਂ ਵੀ ਵੱਧ ਚਾਰਜ ਲੈ ਰਹੇ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ 50 ਸਾਲਾਂ ਤੱਕ ਅਮਰੀਕਾ ਨੂੰ ਲੁੱਟਿਆ, ਪਰ ਇਹ ਅੱਜ ਖਤਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਅਮੀਰ ਹੋਵੇਗਾ। ਅੱਜ ਅਸੀਂ ਅਮਰੀਕੀ ਕਾਮਿਆਂ ਲਈ ਖੜ੍ਹੇ ਹਾਂ। ਅਸੀਂ ਆਖਰਕਾਰ ਅਮਰੀਕਾ ਫਸਟ ਨੂੰ ਲਾਗੂ ਕਰ ਰਹੇ ਹਾਂ। ਅਸੀਂ ਸੱਚਮੁੱਚ ਬਹੁਤ ਅਮੀਰ ਹੋ ਸਕਦੇ ਹਾਂ। ਅਸੀਂ ਇੰਨੇ ਅਮੀਰ ਹੋ ਸਕਦੇ ਹਾਂ ਕਿ ਇਹ ਅਵਿਸ਼ਵਾਸ਼ਯੋਗ ਲੱਗਦਾ ਹੈ, ਪਰ ਹੁਣ ਅਸੀਂ ਸਿਆਣੇ ਹੋ ਰਹੇ ਹਾਂ।
ਟਰੰਪ ਨੇ ਕਿਹਾ ਕਿ ਅਮਰੀਕਾ ਹੁਣ ਟੈਰਿਫ ਦੇ ਮਾਮਲੇ ਵਿੱਚ ਬਰਾਬਰ ਜਵਾਬ ਦੇਵੇਗਾ। ਜਿਹੜੇ ਦੇਸ਼ ਅਮਰੀਕੀ ਬਾਜ਼ਾਰ ਤੱਕ ਪਹੁੰਚ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਜੇਕਰ ਕੋਈ ਕੰਪਨੀ ਟੈਰਿਫ ਤੋਂ ਛੋਟ ਚਾਹੁੰਦੀ ਹੈ, ਤਾਂ ਉਸ ਨੂੰ ਆਪਣਾ ਉਤਪਾਦ ਅਮਰੀਕਾ ਵਿੱਚ ਬਣਾਉਣਾ ਹੋਵੇਗਾ। ਟੈਰਿਫ ਅਮਰੀਕਾ ਨੂੰ ਅੱਗੇ ਵਧਣ ਵਿੱਚ ਮਦਦ ਕਰਨਗੇ। ਬਹੁਤ ਸਾਰੇ ਦੇਸ਼ਾਂ ਨੇ ਅਮਰੀਕੀ ਬਾਜ਼ਾਰ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਅਮੀਰ ਬਣਾਇਆ, ਪਰ ਫਿਰ ਆਪਣੇ ਬਾਜ਼ਾਰ ਅਮਰੀਕੀ ਸਾਮਾਨ ਲਈ ਬੰਦ ਕਰ ਦਿੱਤੇ। ਹੁਣ ਅਮਰੀਕਾ ਆਪਣੇ ਫਾਇਦਿਆਂ ਬਾਰੇ ਸੋਚੇਗਾ। ਹੁਣ ਨੌਕਰੀਆਂ ਤੇ ਫੈਕਟਰੀਆਂ ਅਮਰੀਕਾ ਵਾਪਸ ਆਉਣਗੀਆਂ।
ਟਰੰਪ ਨੇ ਕਿਹਾ ਕਿ ਕੈਨੇਡਾ ਦੇ ਡੇਅਰੀ ਟੈਰਿਫ ਸਾਡੇ ਕਿਸਾਨਾਂ ਲਈ ਨਿਰਪੱਖ ਨਹੀਂ ਹਨ। ਅਮਰੀਕਾ ਕੈਨੇਡਾ ਤੇ ਮੈਕਸੀਕੋ ਵਰਗੇ ਦੇਸ਼ਾਂ ਨੂੰ ਆਪਣੇ ਉਦਯੋਗਾਂ ਨੂੰ ਬਣਾਈ ਰੱਖਣ ਵਿੱਚ ਮਦਦ ਕਰਨ ਲਈ ਸਬਸਿਡੀਆਂ ਦਿੰਦਾ ਹੈ। ਅਸੀਂ ਆਪਣੇ ਮਹਾਨ ਕਿਸਾਨਾਂ ਤੇ ਪਸ਼ੂ ਪਾਲਕਾਂ ਲਈ ਵੀ ਖੜ੍ਹੇ ਹਾਂ ਜਿਨ੍ਹਾਂ ਨਾਲ ਦੁਨੀਆ ਭਰ ਦੇ ਦੇਸ਼ ਬੇਰਹਿਮੀ ਨਾਲ ਪੇਸ਼ ਆਉਂਦੇ ਹਨ। ਟਰੰਪ ਨੇ ਕਿਹਾ ਕਿ ਅੱਜ ਅਮਰੀਕਾ ਲਈ ਆਰਥਿਕ ਆਜ਼ਾਦੀ ਦਾ ਦਿਨ ਹੈ। ਸਾਨੂੰ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣਾ ਪਵੇਗਾ।
ਡੋਨਾਲਡ ਟਰੰਪ ਦੇ ਟੈਰਿਫ ਐਲਾਨ ਤੋਂ ਬਾਅਦ ਵ੍ਹਾਈਟ ਹਾਊਸ ਨੇ ਭਾਰਤ 'ਤੇ ਵਿਲੱਖਣ ਸਰਟੀਫਿਕੇਟ ਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ। ਇੱਕ ਬਿਆਨ ਵਿੱਚ ਵ੍ਹਾਈਟ ਹਾਊਸ ਨੇ ਕਿਹਾ ਕਿ ਭਾਰਤ ਰਸਾਇਣਾਂ, ਦੂਰਸੰਚਾਰ ਉਤਪਾਦਾਂ ਤੇ ਮੈਡੀਕਲ ਉਪਕਰਣਾਂ ਵਰਗੇ ਖੇਤਰਾਂ ਵਿੱਚ ਗੁੰਝਲਦਾਰ ਪ੍ਰਮਾਣੀਕਰਣਾਂ ਦੀ ਮੰਗ ਕਰਦਾ ਹੈ, ਜਿਸ ਕਾਰਨ ਅਮਰੀਕੀ ਕੰਪਨੀਆਂ ਲਈ ਭਾਰਤ ਵਿੱਚ ਆਪਣੇ ਉਤਪਾਦ ਵੇਚਣਾ ਮੁਸ਼ਕਲ ਹੋ ਜਾਂਦਾ ਹੈ।
ਵ੍ਹਾਈਟ ਹਾਊਸ ਨੇ ਇੱਕ ਤੱਥ ਸ਼ੀਟ ਵਿੱਚ ਕਿਹਾ ਹੈ ਕਿ 'ਭਾਰਤ ਰਸਾਇਣਾਂ, ਦੂਰਸੰਚਾਰ ਉਤਪਾਦਾਂ ਤੇ ਮੈਡੀਕਲ ਉਪਕਰਣਾਂ ਵਰਗੇ ਖੇਤਰਾਂ ਵਿੱਚ ਬੋਝਲ ਤੇ ਵਿਲੱਖਣ ਟੈਸਟਿੰਗ ਤੇ ਪ੍ਰਮਾਣੀਕਰਣ ਜ਼ਰੂਰਤਾਂ ਲਾਗੂ ਕਰਦਾ ਹੈ, ਜਿਸ ਕਾਰਨ ਅਮਰੀਕੀ ਕੰਪਨੀਆਂ ਲਈ ਭਾਰਤ ਵਿੱਚ ਆਪਣੇ ਉਤਪਾਦਾਂ ਨੂੰ ਵੇਚਣਾ ਮੁਸ਼ਕਲ ਜਾਂ ਮਹਿੰਗਾ ਹੋ ਜਾਂਦਾ ਹੈ।' ਜੇਕਰ ਇਹਨਾਂ ਰੁਕਾਵਟਾਂ ਨੂੰ ਹਟਾ ਦਿੱਤਾ ਜਾਂਦਾ ਹੈ, ਤਾਂ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਅਮਰੀਕੀ ਨਿਰਯਾਤ ਘੱਟੋ-ਘੱਟ $5.3 ਬਿਲੀਅਨ ਸਾਲਾਨਾ ਵਧੇਗਾ।






















