Hemkunt Sahib: ਖਿੱਚ ਲਵੋ ਹੇਮਕੁੰਟ ਸਾਹਿਬ ਯਾਤਰਾ ਦੀ ਤਿਆਰੀ, 25 ਮਈ ਨੂੰ ਖੁੱਲ੍ਹਣਗੇ ਸੰਗਤਾਂ ਲਈ ਕਪਾਟ
ਹੇਮਕੁੰਟ ਸਾਹਿਬ ਯਾਤਰਾ ਦੀ ਤਿਆਰੀ ਸ਼ੁਰੂ ਹੋ ਗਈ ਹੈ। ਬਰਫ ਹਟਾਉਣ ਦਾ ਕੰਮ ਜੰਗੀ ਪੱਧਰ ਉਪਰ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਰਸਤਾ ਤਿਆਰ ਕਰਨ ਤੇ ਹੋਰ ਪ੍ਰਬੰਧ 20 ਮਈ ਤੱਕ ਮੁਕੰਮਲ ਹੋ ਜਾਣਗੇ।
Hemkunt Sahib: ਹੇਮਕੁੰਟ ਸਾਹਿਬ ਯਾਤਰਾ ਦੀ ਤਿਆਰੀ ਸ਼ੁਰੂ ਹੋ ਗਈ ਹੈ। ਬਰਫ ਹਟਾਉਣ ਦਾ ਕੰਮ ਜੰਗੀ ਪੱਧਰ ਉਪਰ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਰਸਤਾ ਤਿਆਰ ਕਰਨ ਤੇ ਹੋਰ ਪ੍ਰਬੰਧ 20 ਮਈ ਤੱਕ ਮੁਕੰਮਲ ਹੋ ਜਾਣਗੇ। 25 ਮਈ ਨੂੰ ਸੰਗਤਾਂ ਵਾਸਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹੇ ਜਾਣਗੇ। ਇਸ ਨਾਲ ਇਹ ਇਸ ਵਰ੍ਹੇ ਦੀ ਸਾਲਾਨਾ ਯਾਤਰਾ ਆਰੰਭ ਹੋ ਜਾਵੇਗੀ।
ਹਾਸਲ ਜਾਣਕਾਰੀ ਮੁਤਾਬਕ ਉੱਤਰਾਖੰਡ ਸਥਿਤ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ਤੇ ਸਥਾਪਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ ਮਾਰਗ ਤਿਆਰ ਕਰਨ ਲਈ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਗੁਰਦੁਆਰੇ ਤੋਂ ਤਿੰਨ ਕਿਲੋਮੀਟਰ ਪਹਿਲਾਂ ਬਰਫ ਦੀ ਕਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਖੇਤਰ ਵਿੱਚ ਇਸ ਵੇਲੇ ਲਗਪਗ 8 ਫੁੱਟ ਤੱਕ ਬਰਫ ਹੈ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਭਾਰਤੀ ਫੌਜ ਦੇ ਜਵਾਨ ਤੇ ਗੁਰਦੁਆਰਾ ਟਰੱਸਟ ਦੇ ਸੇਵਾਦਾਰਾਂ ਦਾ ਇੱਕ 50 ਮੈਂਬਰੀ ਦਲ ਸਾਲਾਨਾ ਯਾਤਰਾ ਵਾਸਤੇ ਰਸਤੇ ਤਿਆਰ ਕਰਨ ਤੇ ਹੋਰ ਪ੍ਰਬੰਧਾਂ ਲਈ ਸੇਵਾ ਕਰ ਰਿਹਾ ਹੈ। ਇਸ ਦਲ ਨੇ 22 ਤੋ 27 ਅਪਰੈਲ ਤੱਕ ਗੁਰਦੁਆਰਾ ਗੋਬਿੰਦ ਧਾਮ ਵਿਖੇ ਬਰਫ ਹਟਾਈ ਹੈ ਤੇ ਹੋਰ ਪ੍ਰਬੰਧ ਕੀਤੇ ਹਨ। ਇਸ ਤੋਂ ਬਾਅਦ ਹੁਣ ਉੱਪਰਲੇ ਛੇ ਕਿਲੋਮੀਟਰ ਰਸਤੇ ਦੀ ਤਿਆਰੀ ਦਾ ਕੰਮ ਸ਼ੁਰੂ ਕੀਤਾ ਗਿਆ।
ਗੁਰਦੁਆਰਾ ਸ੍ਰੀ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ ਤੇ ਗੁਰਦੁਆਰੇ ਦੇ ਸੇਵਾਦਾਰਾਂ ਦਾ ਇਹ ਦਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੋਂ ਤਿੰਨ ਕਿਲੋਮੀਟਰ ਪਿੱਛੇ ਅਟਲਾਕੋਟੀ ਗਲੇਸ਼ੀਅਰ ਵਿਖੇ ਬਰਫ ਹਟਾਉਣ ਦਾ ਕੰਮ ਕਰ ਰਿਹਾ ਹੈ। ਇਸ ਥਾਂ ਤੇ ਇਸ ਵੇਲੇ ਛੇ ਤੋਂ ਅੱਠ ਫੁੱਟ ਤੋਂ ਵਧੇਰੇ ਬਰਫ ਹੈ। ਮੁੱਢਲੇ ਤੌਰ ਤੇ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਪਹਿਲਾਂ ਆਵਾਜਾਈ ਦਾ ਰਸਤਾ ਤਿਆਰ ਕੀਤਾ ਜਾ ਰਿਹਾ ਤਾਂ ਜੋ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚ ਮਾਰਗ ਤਿਆਰ ਹੋ ਸਕੇ ਤੇ ਸਾਮਾਨ ਦੀ ਆਵਾਜਾਈ ਸ਼ੁਰੂ ਹੋ ਸਕੇ।
ਇਸ ਵੇਲੇ ਉਨ੍ਹਾਂ ਨੂੰ ਤਿੰਨ ਕਿਲੋਮੀਟਰ ਹੇਠਾਂ ਗੁਰਦੁਆਰਾ ਗੋਬਿੰਦ ਧਾਮ ਵਿਖੇ ਆ ਕੇ ਰਾਤ ਦਾ ਠਹਿਰਾਅ ਕਰਨਾ ਪੈ ਰਿਹਾ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਇਸ ਵੇਲੇ 10 ਤੋਂ 15 ਫੁੱਟ ਤੱਕ ਬਰਫ ਹੈ। ਗੁਰਦੁਆਰੇ ਦੀ ਇਮਾਰਤ ਦੇ ਆਲੇ ਦੁਆਲੇ ਪੂਰੀ ਤਰ੍ਹਾਂ ਬਰਫ ਜੰਮੀ ਹੋਈ ਹੈ ਤੇ ਸਰੋਵਰ ਵੀ ਬਰਫ ਨਾਲ ਜੰਮਿਆ ਹੋਇਆ ਹੈ। ਫੌਜ ਦੇ ਜਵਾਨਾਂ ਵੱਲੋਂ ਪਹਿਲਾਂ ਰਸਤਾ ਤਿਆਰ ਕੀਤਾ ਜਾਵੇਗਾ ਤੇ ਫਿਰ ਉੱਪਰ ਤੋਂ ਹੇਠਾਂ ਵੱਲ ਨੂੰ ਆਉਂਦੇ ਹੋਏ ਰਸਤੇ ਨੂੰ ਚੌੜਾ ਕਰਦੇ ਹੋਏ ਹੋਰ ਪ੍ਰਬੰਧ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਵੀ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਖੇਤਰ ਵਿੱਚ ਮੌਸਮ ਖਰਾਬ ਹੈ ਤੇ ਲਗਾਤਾਰ ਬਰਫਬਾਰੀ ਹੁੰਦੀ ਰਹਿੰਦੀ ਹੈ। ਉੱਤਰਾਖੰਡ ਵਿੱਚ ਬਾਕੀ ਚਾਰ ਧਾਮ ਦੀ ਯਾਤਰਾ ਮਈ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਰਹੀ ਹੈ ਜਿਨ੍ਹਾਂ ਵਿੱਚ ਗੰਗੋਤਰੀ, ਯਮਨੋਤਰੀ, ਬਦਰੀਨਾਥ ਤੇ ਕੇਦਾਰਨਾਥ ਧਾਮ ਸ਼ਾਮਲ ਹਨ।