Punjab News: ਪੱਲੇਦਾਰੀ ਕਰਦੇ ਕੌਮੀ ਹਾਕੀ ਖਿਡਾਰੀ ਨੂੰ ਮਿਲੇ ਸੀਐਮ ਭਗਵੰਤ ਮਾਨ, ਹਾਕੀ ਕੋਚ ਵਜੋਂ ਨੌਕਰੀ ਦੇਣ ਦਾ ਐਲਾਨ
ਪਰਮਜੀਤ ਸਿੰਘ ਵੱਲੋਂ ਪੱਲੇਦਾਰੀ ਕਰਨ ਬਾਰੇ ਖਬਰ ਮੀਡੀਆ ਵਿੱਚ ਆਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀ ਨਾਲ ਮੁਲਾਕਾਤ ਕੀਤੀ ਹੈ। ਸੀਐਮ ਭਗਵੰਤ ਮਾਨ ਨੇ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਸਿੰਘ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
Punjab News: ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਸਿੰਘ ਵੱਲੋਂ ਪੱਲੇਦਾਰੀ ਕਰਨ ਬਾਰੇ ਖਬਰ ਮੀਡੀਆ ਵਿੱਚ ਆਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀ ਨਾਲ ਮੁਲਾਕਾਤ ਕੀਤੀ ਹੈ। ਸੀਐਮ ਭਗਵੰਤ ਮਾਨ ਨੇ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਸਿੰਘ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
ਸੀਐਮ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਸਿੰਘ, ਜੋ ਸਰਕਾਰਾਂ ਦੀ ਅਣਗਹਿਲੀ ਦਾ ਸ਼ਿਕਾਰ ਨੇ ਤੇ ਹੁਣ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਰਹੇ ਨੇ…ਪਰਮਜੀਤ ਨੂੰ ਮਿਲਣ ਲਈ ਸੱਦਿਆ ਤੇ ਹਾਕੀ ਦੇ ਕੋਚ ਵਜੋਂ ਭਰਤੀ ਕਰਨ ਦਾ ਭਰੋਸਾ ਦਿੱਤਾ…ਜਲਦ ਹੀ ਕਾਗਜ਼ੀ ਕੰਮ ਪੂਰਾ ਕਰਕੇ ਨੌਕਰੀ ਦੇਵਾਂਗੇ…ਖਿਡਾਰੀਆਂ ਦਾ ਮਾਣ-ਸਨਮਾਨ ਕਰਨਾ ਸਾਡਾ ਫ਼ਰਜ਼ ਹੈ…।
ਫ਼ਰੀਦਕੋਟ ਜ਼ਿਲ੍ਹੇ ਦੇ ਨੈਸ਼ਨਲ ਹਾਕੀ ਖਿਡਾਰੀ ਪਰਮਜੀਤ ਸਿੰਘ,ਜੋ ਸਰਕਾਰਾਂ ਦੀ ਅਣਗਹਿਲੀ ਦਾ ਸ਼ਿਕਾਰ ਨੇ ਤੇ ਹੁਣ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਰਹੇ ਨੇ…ਪਰਮਜੀਤ ਨੂੰ ਮਿਲਣ ਲਈ ਸੱਦਿਆ ਤੇ ਹਾਕੀ ਦੇ ਕੋਚ ਵਜੋਂ ਭਰਤੀ ਕਰਨ ਦਾ ਭਰੋਸਾ ਦਿੱਤਾ…ਜਲਦ ਹੀ ਕਾਗਜ਼ੀ ਕੰਮ ਪੂਰਾ ਕਰਕੇ ਨੌਕਰੀ ਦੇਵਾਂਗੇ…ਖਿਡਾਰੀਆਂ ਦਾ ਮਾਣ-ਸਨਮਾਨ ਕਰਨਾ ਸਾਡਾ ਫ਼ਰਜ਼ ਹੈ… pic.twitter.com/XDSxx92Gwu
— Bhagwant Mann (@BhagwantMann) February 2, 2023
ਦੱਸ ਦਈਏ ਕਿ ਇਸ ਵੇਲੇ ਕੌਮੀ ਹਾਕੀ ਖਿਡਾਰੀ ਫਰੀਦਕੋਟ ਦੇ ਗੁਦਾਮਾਂ ’ਚ ਬੋਰੀਆਂ ਢੋਅ ਰਿਹਾ ਹੈ। ਅਹਿਮ ਗੱਲ ਹੈ ਕਿ ਪਰਮਜੀਤ ਸਿੰਘ ਕਦੇ ਹਾਕੀ ਦੇ ਮੈਦਾਨ ਵਿੱਚ ਭਾਰਤ ਵੱਲੋਂ ਖੇਡਦਾ ਰਿਹਾ ਹੈ। ਨੌਂ ਕੌਮੀ ਤੇ ਸੂਬਾਈ ਟੂਰਨਾਮੈਂਟ ਖੇਡਣ ਵਾਲਾ ਖਿਡਾਰੀ ਪਰਮਜੀਤ ਸਿੰਘ ਹੁਣ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪੱਲੇਦਾਰੀ ਕਰ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ 31 ਸਾਲਾ ਪਰਮਜੀਤ ਸਿੰਘ ਨੇ ਸਕੂਲ ਪੱਧਰ ਤੋਂ ਹਾਕੀ ਖੇਡਣਾ ਸ਼ੁਰੂ ਕੀਤਾ ਸੀ। ਇਸ ਮਗਰੋਂ ਉਸ ਨੇ ਜ਼ਿਲ੍ਹਾ ਤੇ ਫਿਰ ਕੌਮੀ ਪੱਧਰ ’ਤੇ ਹਾਕੀ ਦੇ ਮੈਦਾਨ ਵਿੱਚ ਜੌਹਰ ਵਿਖਾਏ। ਪਰਮਜੀਤ ਨੇ ਦੱਸਿਆ ਕਿ ਉਸ ਨੇ 2005 ਵਿਚ ਸਬ-ਜੂਨੀਅਰ ਵਰਗ ਦੇ ਕੌਮੀ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਸਾਲ 2006 ਵਿੱਚ ਜੂਨੀਅਰ ਵਰਗ ਦੇ ਕੌਮੀ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਲ 2007 ਵਿਚ ਸਬ-ਜੂਨੀਅਰ ਵਰਗ ਦੇ ਕੌਮੀ ਮੁਕਾਬਲੇ ’ਚ ਸ਼ਮੂਲੀਅਤ ਕੀਤੀ। ਸਾਲ 2008 ਵਿਚ ਜੂਨੀਅਰ ਵਰਗ ਦੇ ਸੂਬਾਈ ਮੁਕਾਬਲੇ ’ਚ ਕਾਂਸੇ ਦਾ ਤਗ਼ਮਾ ਜਿੱਤਿਆ। ਸਾਲ 2009 ਵਿਚ ਪਹਿਲਾ ਚੈਲੇਂਜ ਕੱਪ ਟੂਰਨਾਮੈਂਟ ਖੇਡ ਕੇ ਸੋਨ ਤਗ਼ਮਾ ਜਿੱਤਿਆ। ਸਾਲ 2015 ਵਿਚ ਸੀਨੀਅਰ ਸਟੇਟ ਗੋਲਡ ਕੱਪ ਜਿੱਤਿਆ।
ਪਰਮਜੀਤ ਨੇ ਦੱਸਿਆ ਕਿ ਜੋ ਖਿਡਾਰੀ ਉਸ ਨਾਲ ਹਾਕੀ ਟੀਮ ਵਿਚ ਖੇਡਦੇ ਸਨ, ਉਹ ਸਰਕਾਰੀ ਮਹਿਕਮਿਆਂ ਵਿੱਚ ਉੱਚ ਅਹੁਦਿਆਂ ’ਤੇ ਤਾਇਨਾਤ ਹਨ। ਉਸ ਨੂੰ ਪੰਜਾਬ ਪੁਲਿਸ ਤੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਠੇਕਾ ਆਧਾਰ ’ਤੇ ਨੌਕਰੀ ਮਿਲੀ ਸੀ। ਉਹ ਦੋਵਾਂ ਮਹਿਕਮਿਆਂ ਵੱਲੋਂ ਖੇਡਦਾ ਰਿਹਾ ਪਰ ਠੇਕਾ ਖ਼ਤਮ ਹੋਣ ਮਗਰੋਂ ਮੁੜ ਘਰ ਬੈਠ ਗਿਆ।
ਉਸ ਨੇ ਦੱਸਿਆ ਕਿ ਉਹ ਜਦੋਂ ਬਿਜਲੀ ਬੋਰਡ ਵਿਚ ਕੰਮ ਕਰਦਾ ਸੀ ਤਾਂ ਹਾਦਸੇ ਵਿੱਚ ਉਸ ਦੇ ਸੱਜੇ ਹੱਥ ਦਾ ਅੰਗੂਠਾ ਨੁਕਸਾਨਿਆ ਗਿਆ ਸੀ। ਉਹ ਖ਼ੁਦ ਇਸ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ। ਉਸ ਨੇ ਇਲਾਜ ਵਾਸਤੇ ਮਦਦ ਲਈ ਕਾਫ਼ੀ ਚਾਰਾਜੋਈ ਕੀਤੀ ਪਰ ਕੋਈ ਮਦਦ ਨਾ ਮਿਲੀ। ਇਸ ਕਾਰਨ ਉਹ ਹਾਕੀ ਖੇਡਣ ਤੋਂ ਵਾਂਝਾ ਹੋ ਗਿਆ। ਉਸ ਨੇ ਕਿਹਾ ਕਿ ਜੇ ਉਸ ਦਾ ਸਹੀ ਇਲਾਜ ਹੋ ਜਾਵੇ ਤਾਂ ਉਹ ਮੁੜ ਖੇਡ ਸਕਦਾ ਹੈ।