Tokyo Olympics 2020: ਪਰਦੇ ਪਿਛਲਾ ਸੱਚ! ਭਾਰਤ ਦੇ 7 ਉਲੰਪਿਕ ਤਮਗ਼ਿਆਂ ਪਿਛਲੀ ਤਾਕਤ, 7 ਕੋਚ ਵਿਦੇਸ਼ੀ, ਸਿਰਫ ਇੱਕ ਭਾਰਤੀ
Tokyo Olympics: ਹਰੇਕ ਕੋਚ ਆਪਣੇ ਖਿਡਾਰੀ ਨੂੰ ਸਦਾ ਸੋਨ ਤਮਗ਼ੇ ਲਈ ਹੀ ਤਿਆਰੀ ਕਰਵਾਉਂਦਾ ਹੈ ਪਰ 135 ਕਰੋੜ ਦੇ ਲਗਭਗ ਆਬਾਦੀ ਵਿੱਚੋਂ ਸਿਰਫ਼ 7 ਤਮਗ਼ਿਆਂ ਦਾ ਦੇਸ਼ ’ਚ ਆਉਣਾ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਟੋਕੀਓ ਉਲੰਪਿਕਸ 2020, ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਇਸ ਵਰ੍ਹੇ 2021 ’ਚ 23 ਜੁਲਾਈ ਤੋਂ 8 ਅਗਸਤ ਤੱਕ ਹੋਈਆਂ। ਇਸ ਵਿੱਚ ਭਾਰਤ ਨੇ ਇੱਕ ਸੋਨ ਤਮਗ਼ੇ ਸਮੇਤ ਕੁੱਲ 7 ਤਮਗ਼ੇ ਜਿੱਤੇ। ਉਹ ਸਾਰੇ ਐਥਲੀਟ-ਖਿਡਾਰੀ ਹੁਣ ਦੇਸ਼ ਦੇ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇ ‘ਸਟਾਰ’ ਹਨ ਪਰ ਉਨ੍ਹਾਂ ਨੂੰ ਲਗਾਤਾਰ ਸ਼ਾਨਦਾਰ ਸਿਖਲਾਈ ਦੇਣ ਅਤੇ ਉਨ੍ਹਾਂ ਦਾ ਮਨੋਬਲ ਵਧਾਉਣ ਪਿੱਛੇ ਉਨ੍ਹਾਂ ਦੇ ਕੋਚਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ-ਜਿਨ੍ਹਾਂ ਬਾਰੇ ਅਕਸਰ ਬਹੁਤ ਘੱਟ ਗੱਲ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਇਸ ਵਾਰ ਦੇ ਭਾਰਤ ਦੇ 7 ਤਮਗ਼ਿਆਂ ਪਿੱਛੇ ਇਸ ਵਾਰ 7 ਕੋਚ ਵਿਦੇਸ਼ੀ ਹਨ, ਸਿਰਫ਼ ਇੱਕੋ ਭਾਰਤੀ ਹੈ।
ਦੁਨੀਆ ਭਰ ਦੇ ਚੁਣ ਕੇ ਆਏ ਖਿਡਾਰੀਆਂ ਅਤੇ ਐਥਲੀਟਾਂ ਨੂੰ ਬਹੁਤ ਬਾਰੀਕੀ ਨਾਲ ਸਿਖਲਾਈ ਦੇਣੀ ਪੈਂਦੀ ਹੈ। ਹਰੇਕ ਕੋਚ ਆਪਣੇ ਖਿਡਾਰੀ ਨੂੰ ਸਦਾ ਸੋਨ ਤਮਗ਼ੇ ਲਈ ਹੀ ਤਿਆਰੀ ਕਰਵਾਉਂਦਾ ਹੈ ਪਰ 135 ਕਰੋੜ ਦੇ ਲਗਭਗ ਆਬਾਦੀ ਵਿੱਚੋਂ ਸਿਰਫ਼ 7 ਤਮਗ਼ਿਆਂ ਦਾ ਦੇਸ਼ ’ਚ ਆਉਣਾ ਤੇ ਉਨ੍ਹਾਂ ਪਿੱਛੇ ਵੀ 7 ਵਿਦੇਸ਼ੀ ਕੋਚਾਂ ਤੇ ਕੇਵਲ ਇੱਕ ਭਾਰਤੀ ਕੋਚਦਾ ਯੋਗਦਾਨ ਹੋਣਾ ਆਪਣੇ-ਆਪ ਵਿੱਚ ਅਨੇਕ ਸੁਆਲ ਖੜ੍ਹੇ ਕਰਦਾ ਹੈ।
ਐਥਲੀਟ-ਖਿਡਾਰੀ ਤਾਂ ਸਿਰਫ਼ ਦੁਨੀਆ ਨੂੰ ਸਾਹਮਣੇ ਦਿਸਦੇ ਹਨ, ਉਨ੍ਹਾਂ ਨੂੰ ਤਿਆਰ ਕਰਨ ਪਿੱਛੇ ਅਸਲ ਤਾਕਤ ਤੇ ਦਿਮਾਗ਼ ਉਨ੍ਹਾਂ ਦੇ ਕੋਚਾਂ ਦੀ ਲੱਗੇ ਹੁੰਦੇ ਹਨ। ਪਰ ਉਹ ਕਿਉਂਕਿ ਪਰਦੇ ਪਿੱਛੇ ਰਹਿੰਦੇ ਹਨ, ਇਸ ਲਈ ਉਨ੍ਹਾਂ ਨੂੰ ਜਾਣ ਹੀ ਨਹੀਂ ਪਾਉਂਦਾ। ਆਓ ਜਾਣੀਏ ਇਸ ਵਾਰ ਕਿਹੜੇ ਕੋਚਾਂ ਕਰ ਕੇ ਭਾਰਤ ਨੂੰ 7 ਉਲੰਪਿਕ ਤਮਗ਼ੇ ਹਾਸਲ ਹੋ ਸਕੇ।
· ਭਾਰਤ ਨੂੰ ਜਾਪਾਨ ਦੀ ਰਾਜਧਾਨੀ ਟੋਕੀਓ ’ਚ ਹੋਈਆਂ ਉਲੰਪਿਕਸ-2020 ’ਚ ਇਕਲੌਤਾ ਸੋਨ ਤਮਗ਼ਾ ਜਿੱਤਣ ਵਾਲੇ ਐਥਲੀਟ ਨੀਰਜ ਚੋਪੜਾ ਦਾ ਨਾਂਅ ਅੱਜ ਬੱਚੇ-ਬੱਚੇ ਦੀ ਜ਼ੁਬਾਨ ’ਤੇ ਹੈ। ਉਨ੍ਹਾਂ ਜੈਵਲਿਨ ਥ੍ਰੋਅ ਰਾਹੀਂ ਭਾਰਤ ਦਾ ਨਾਂਅ ਉੱਚਾ ਕੀਤਾ ਹੈ। ਨੀਰਜ ਚੋਪੜਾ ਦੇ ਮੁੱਖ ਕੋਚ ਦਾ ਨਾਂ ਯੂਵੇ ਹ੍ਹੌਨ (Uwe Hohn) ਹੈ ਤੇ ਉਹ ਜਰਮਨੀ ਦੇ ਹਨ। ਨੀਰਜ ਦੇ ਬਾਇਓਮਕੈਨੀਕਲ ਮਾਹਿਰ ਡਾ. ਕਲੌਸ ਬਾਰਟੋਨੀਜ਼ ਹਨ। ਉਹ ਵੀ ਜਰਮਨੀ ਦੇ ਹੀ ਹਨ।
ਕੋਚ ਯੁਵੇ ਦਾ ਸਰੀਰ ਬਿਲਕੁਲ ਇੱਕ ਕਮਾਨ ਵਾਂਗ ਮਜ਼ਬੂਤ ਤੇ ਲਚਕਦਾਰ ਹੈ ਤੇ ਜੈਵਲਿਨ ਉਨ੍ਹਾਂ ਲਈ ਇੱਕ ਤੀਰ ਵਾਂਗ ਹੈ। ਇਹ ਗੱਲ ਹੋਰ ਕਿਸੇ ਨੇ ਨਹੀਂ ਡਾ. ਬਾਰਟੋਨੀਜ਼ ਨੇ ਆਖੀ ਹੈ। ਨੀਰਜ ਨੂੰ ਮਜ਼ਬੂਤ ਪਰ ਲਚਕਦਾਰ ਬਣਾਉਣ ਪਿੱਛੇ ਯੁਵੇ ਤੇ ਡਾ. ਬਾਰਟੋਨੀਜ਼ ਦੀ ਜੋੜੀ ਦਾ ਬਹੁਤ ਵੱਡਾ ਹੱਥ ਰਿਹਾ ਹੈ।
ਯੁਵੇ ਹ੍ਹੌਨ ਹੀ ਹੁਣ ਤੱਕ ਦੁਨੀਆ ਦੇ ਅਜਿਹੇ ਇੱਕੋ-ਇੱਕ ਐਥਲੀਟ ਹਨ, ਜਿਨ੍ਹਾਂ ਦੇ ਨਾਂਅ ਜੈਵਲਿਨ (ਬਰਛਾ/ਭਾਲਾ) 100 ਮੀਟਰ ਤੋਂ ਵੀ ਵੱਧ ਦੂਰੀ ਤੱਕ ਸੁੱਟਣ ਦਾ ਰਿਕਾਰਡ ਹੈ। ਉਨ੍ਹਾਂ ਨੇ ਹੀ ਨੀਰਜ ਚੋਪੜਾ ਨੂੰ 2018 ਦੀਆਂ ਕੌਮਨਵੈਲਥ ਤੇ ਏਸ਼ਿਆਈ ਖੇਡਾਂ ਦਾ ਸਟਾਰ ਬਣਾਇਆ ਸੀ। ਯੁਵੇ ਹ੍ਹੌਨ ਨੇ ਹੀ ਡਾ. ਮਾਰਟੀਨਜ਼ ਦੀਆਂ ਸੇਵਾਵਾਂ ਆਪਣੇ ਐਥਲੀਟ ਨੀਰਜ ਚੋਪੜਾ ਲੈਣ ਦੀ ਸਿਫ਼ਾਰਸ਼ ਕੀਤੀ ਸੀ।
· 49 ਕਿਲੋਗ੍ਰਾਮ ਵਰਗ ਲਈ ਵੇਟਲਿਫ਼ਟਿੰਗ ’ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਮੀਰਾਬਾਈ ਚਾਨੂੰ ਦੇ ਮੁੱਖ ਰਾਸ਼ਟਰੀ ਕੋਚ ਵਿਜੇ ਸ਼ਰਮਾ ਹਨ, ਜੋ ਭਾਰਤੀ ਹਨ। ਵਿਜੇ ਸ਼ਰਮਾ 2014 ਦੌਰਾਨ ਰਾਸ਼ਟਰੀ ਚੈਂਪੀਅਨ ਰਹੇ ਸਨ। ਉਨ੍ਹਾਂ ਉਸੇ ਵਰ੍ਹੇ ਕੌਮਨਵੈਲਥ ਖੇਡਾਂ ਲਈ ਪੁਰਸ਼ਾਂ ਦੀ ਟੀਮ ਦਾ ਚਾਰਜ ਸੰਭਾਲਿਆ ਸੀ।
ਵਿਜੇ ਸ਼ਰਮਾ ਦੇ ਗੁੱਟ ’ਤੇ ਸੱਟ ਲੱਗ ਜਾਣ ਕਾਰਣ ਉਨ੍ਹਾਂ ਨੂੰ ਆਪਣਾ ਖੇਡ ਕਰੀਅਰ ਅਧਵਾਟੇ ਹੀ ਛੱਡਣਾ ਪਿਆ ਸੀ। ਮੀਰਾਬਾਈ ਚਾਨੂੰ 2016 ਦੀਆਂ ਰੀਓ ਉਲੰਪਿਕਸ ’ਚ ਤਮਗ਼ਾ ਜਿੱਤਣ ਤੋਂ ਰਹਿ ਗਏ ਸਨ ਤੇ ਉਨ੍ਹਾਂ ਦਾ ਦਿਲ ਟੁੱਟ ਗਿਆ ਸੀ। ਫਿਰ ਉਨ੍ਹਾਂ ’ਚ ਦੋਬਾਰਾ ਮਨੋਬਲ ਭਰਨ ਪਿੱਛੇ ਵਿਜੇ ਸ਼ਰਮਾ ਹੁਰਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਵਿਜੇ ਸ਼ਰਮਾ ਪਹਿਲਾਂ ਉੱਤਰ ਪ੍ਰਦੇਸ਼ ਦੀ ਸੂਬਾਈ ਟੀਮ ਦੇ ਕੋਚ ਹੁੰਦੇ ਸਨ ਤੇ 2012 ’ਚ ਉਨ੍ਹਾਂ ਰਾਸ਼ਟਰੀ ਪੱਧਰ ਦੀ ਟੀਮ ਦੀ ਕੋਚਿੰਗ ਦਾ ਅਹਿਮ ਜ਼ਿੰਮਾ ਸੰਭਾਲਿਆ ਸੀ।
· ਇੰਝ ਹੀ ਐਥਲੀਟ ਰਵੀ ਦਹੀਆ ਨੇ 57 ਕਿਲੋਗ੍ਰਾਮ ਵਰਗ ਫ਼੍ਰੀ–ਸਟਾਈਲ ਕੁਸ਼ਤੀ (ਰੈੱਸਲਿੰਗ) ’ਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ ਤੇ ਉਨ੍ਹਾਂ ਦੇ ਕੋਚ ਕਮਲ ਮਾਲੀਕੋਵ ਹਨ, ਜੋ ਰੂਸੀ ਮੂਲ ਦੇ ਹਨ। ਮਾਲੀਕੋਵ ਇੱਕ ਫ਼ਿੱਟਨੈੱਸ ਟ੍ਰੇਨਰ ਹਨ। ਉਨ੍ਹਾਂ ਨੇ ਹੀ ਸੁਸ਼ੀਲ ਕੁਮਾਰ ਨੂੰ ਟੋਕੀਓ ਉਲੰਪਿਕਸ ’ਚ ਕੁਆਲੀਫ਼ਾਈ ਹੋਣ ਦੀ ਤਿਆਰੀ ਕਰਵਾਈ ਸੀ। ਉਨ੍ਹਾਂ ਨੂੰ ਭਾਰਤ ’ਚ ਦੋ ਵਾਰ ਤਮਗ਼ਾ ਮਿਲ ਚੁੱਕਾ ਹੈ।
· 65 ਕਿਲੋਗ੍ਰਾਮ ਫ਼੍ਰੀ-ਸਟਾਈਲ ਕੁਸ਼ਤੀ ’ਚ ਕਾਂਸੇ ਦਾ ਤਮਗ਼ਾ ਜਿੱਤਣ ਵਾਲੇ ਬਜਰੰਗ ਪੂਨੀਆ ਦੇ ਕੋਚ ਸ਼ੈਕੋ ਬੈਂਟੀਨਾਈਡਿਸ (Shako Bentinidis) ਹਨ, ਜੋ ਜਾਰਜੀਆ ਦੇਸ਼ ਨਾਲ ਸਬੰਧਤ। ਉਨ੍ਹਾਂ ਦੀ ਅਗਵਾਈ ਹੇਠ ਹਰਿਆਣਾ ਦੇ ਬਜਰੰਗ ਪੂਨੀਆ ਨੇ ਇੱਕ ਤੋਂ ਇੱਕ ਦਾਅ ਪੇਚ ਸਿੱਖੇ ਹਨ।
· ਮਹਿਲਾ ਵੈਲਟਰ ਵੇਟ ਬੌਕਸਿੰਗ ’ਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਲਵਲੀਨਾ ਬੋਰਗੋਹੇਨ ਦੇ ਮੁੱਖ ਕੋਚ ਦਾ ਨਾਂਅ ਰਫ਼ਾਏਲ ਬਰਗਾਮੈਸਕੋ ਹਨ, ਜੋ ਇਟਲੀ ਦੇ ਹਨ। ਰਫ਼ਾਏਲ ਖ਼ੁਦ ਇੱਕ ਉਲੰਪੀਅਨ ਦੇ ਪੁੱਤਰ ਹਨ ਤੇ ਪੰਜ ਵਾਰ ਰਾਸ਼ਟਰੀ ਚੈਂਪੀਅਨ ਰਹਿ ਚੁੱਕੇ ਹਨ। ਉਹ ਕੋਚ ਵਜੋਂ ਬੀਜਿੰਗ, ਲੰਦਨ ਤੇ ਰੀਓ ਉਲੰਪਿਕਸ ’ਚ ਆਪਣੇ ਖਿਡਾਰੀਆਂ ਨੂੰ ਸਿਖਲਾਈ ਦੇ ਚੁੱਕੇ ਹਨ। ਸਾਲ 2001 ਤੋਂ ਲੈ ਕੇ 2007 ਤੱਕ ਉਨ੍ਹਾਂ ਇਤਾਲਵੀ ਮਹਿਲਾ ਟੀਮ ਦਾ ਮਾਰਗ–ਦਰਸ਼ਨ ਕੀਤਾ ਸੀ। ਹੁਣ ਉਨ੍ਹਾਂ ਦਾ ਨਾਂ ਹਾਈ ਪਰਫ਼ਾਰਮੈਂਸ ਡਾਇਰੈਕਟਰ ਵਜੋਂ ਸ਼ੁਮਾਰ ਹੁੰਦਾ ਹੈ।
· ਮਹਿਲਾਵਾਂ ਦੇ ਸਿੰਗਲਜ਼ ਬੈਡਮਿੰਟਨ ’ਚ ਕਾਂਸੇ ਦਾ ਤਮਗ਼ਾ ਜਿੱਤਣ ਵਾਲੇ ਪੀ.ਵੀ. ਸਿੰਧੂ ਦੇ ਕੋਚ ਪਾਰਕ ਤਾਏ ਸਾਂਗ ਦੱਖਣੀ ਕੋਰੀਆ ਦੇ ਹਨ। ਉਂਝ ਤਾਂ ਪੀਵੀ ਸਿੰਧੂ ਦੀ ਗੇਮ ਤਾਕਤ ਤੇ ਹੱਥ ਦੀ ਸ਼ਾਨਦਾਰ ਸਪੀਡ ਉੱਤੇ ਆਧਾਰਤ ਹੁੰਦੀ ਹੈ ਪਰ ਉਨ੍ਹਾਂ ਨੂੰ ਜਿੱਤਣ ਲਈ ਹਾਲੇ ਹੋਰ ਵੀ ਵੈਰਾਇਟੀ ਤੇ ਡਾਇਮੈਨਸ਼ਨਜ਼ ਦੀ ਜ਼ਰੂਰਤ ਸੀ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਮੁਤਾਬਕ ਕੋਚ ਪਾਰਕ ਤਾਏ–ਸਾਂਗ ਹੁਣ ਤੱਕ ਸੁੰਗ ਜੀ ਹਿਊਨ ਜਿਹੇ ਸ਼ਾਨਦਾਰ ਖਿਡਾਰੀਆਂ ਦੇ ਕੋਚ ਰਹਿ ਚੁੱਕੇ ਹਨ। ਉਨ੍ਹਾਂ ਹੀ ਪੀਵੀ ਸਿੰਧੂ ਨੂੰ ਟਾਰਗੈੱਟ ਉੱਤੇ ਵਾਜਬ ਤਰੀਕੇ ਧਿਆਨ ਲਾਉਣਾ ਸਿਖਾਇਆ।
· ਭਾਰਤ ਦੀ ਪੁਰਸ਼ ਹਾਕੀ ਟੀਮ ਇਸ ਵਾਰ ਕਾਂਸੇ ਦਾ ਤਮਗ਼ਾ ਲੈ ਕੇ ਆਈ ਹੈ; ਉਸ ਦੇ ਕੋਚ ਗ੍ਰਾਮ ਰੀਡ ਹਨ, ਜੋ ਆਸਟ੍ਰੇਲੀਆ ਦੇ ਜੰਮਪਲ਼ ਹਨ। ਗ੍ਰਾਮ ਰੀਡ ਨੇ ਭਾਰਤੀ ਟੀਮ ਦੀ ਮਾਨਸਿਕਤਾ ਨੂੰ ਬਦਲਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਹੁਣ ਸਾਡੀ ਟੀਮ ਮਹਿੰਗੀਆਂ ਗ਼ਲਤੀਆਂ ਨਹੀਂ ਕਰਦੀ। ਸੈਮੀਫ਼ਾਈਨਲ ’ਚ ਬੈਲਜੀਅਮ ਤੋਂ ਹਾਰਨ ਪਿੱਛੋਂ ਇਹ ਗ੍ਰਾਮ ਰੀਡ ਹੀ ਸਨ, ਜਿਨ੍ਹਾਂ ਨੇ ਟੀਮ ਦਾ ਮਨੋਬਲ ਵਧਾਇਆ ਤੇ ਉਸ ਨੂੰ ਕਾਂਸੇ ਦੇ ਤਮਗ਼ੇ ਤੱਕ ਪਹੁੰਚਾਇਆ। ਹਾਕੀ ਵਿੱਚ ਤਮਗ਼ਿਆਂ ਲਈ 41 ਸਾਲਾਂ ਦਾ ਸੋਕਾ ਖ਼ਤਮ ਹੋਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904