ਏਅਰਟੈੱਲ ਨੇ ਪੁਰਾਣਾ ਪਲਾਨ ਸੋਧ ਜੀਓ ਨੂੰ ਪਾਇਆ ਵਖ਼ਤ
ਨਵੀਂ ਦਿੱਲੀ: ਰਿਲਾਇੰਸ ਜੀਓ ਅਤੇ ਏਅਰਟੈੱਲ ਵਿਚਾਲੇ ਛਿੜੀ ਡੇਟਾ ਜੰਗ ਲਗਾਤਾਰ ਜਾਰੀ ਹੈ। ਏਸੇ ਲੜੀ 'ਚ ਏਅਰਟੈੱਲ ਨੇ 649 ਰੁਪਏ ਵਾਲੇ ਪੋਸਟਪੇਡ ਪਲਾਨ ਨੂੰ ਸੋਧਿਆ ਹੈ। ਹੁਣ ਇਸ ਪਲਾਨ 'ਚ ਪਹਿਲਾਂ ਦੇ ਮੁਕਾਬਲੇ 80 ਫ਼ੀਸਦੀ ਜ਼ਿਆਦਾ ਡੇਟਾ ਦਿੱਤਾ ਜਾ ਰਿਹਾ ਹੈ।
ਨਵੇਂ ਰੀਵਾਈਜ਼ ਪਲਾਨ 'ਚ 90 ਜੀਬੀ 4ਜੀ ਡੇਟਾ ਦਿੱਤਾ ਜਾ ਰਿਹਾ ਹੈ ਜਦਕਿ ਪਹਿਲਾਂ ਇਸ 'ਚ 50 ਜੀਬੀ ਡੇਟਾ ਦਿੱਤਾ ਜਾ ਰਿਹਾ ਸੀ। ਰਿਲਾਇੰਸ ਜੀਓ ਨਾਲ ਇਸ ਪਲਾਨ ਦੀ ਤੁਲਨਾ ਕਰੀਏ ਤਾਂ ਜੀਓ ਕੋਲ 199 ਰੁਪਏ ਦਾ ਪੋਸਟਪੇਡ ਪਲਾਨ ਹੈ ਜੋ 25 ਜੀਬੀ ਡੇਟਾ ਦਿੰਦਾ ਹੈ। ਇਸ ਤੋਂ ਪਹਿਲਾਂ ਰਿਲਾਇੰਸ ਜੀਓ ਕੋਲ 799 ਰੁਪਏ ਦਾ ਇਕ ਪਲਾਨ ਸੀ ਜਿਸ 'ਚ 90 ਜੀਬੀ ਡੇਟਾ ਦਿੱਤਾ ਜਾਂਦਾ ਸੀ ਪਰ ਕੰਪਨੀ ਨੇ ਇਸ ਪਲਾਨ ਨੂੰ ਬੰਦ ਕਰ ਦਿੱਤਾ ਹੈ। ਅਜਿਹੇ 'ਚ ਏਅਰਟੈੱਲ ਦਾ ਇਹ ਨਵਾਂ 649 ਰੁਪਏ ਵਾਲਾ ਰੀਵਾਈਜ਼ਡ ਪਲਾਨ ਜੀਓ 'ਤੇ ਭਾਰੀ ਪੈ ਸਕਦਾ ਹੈ।
ਟੈਲੀਕਾਮ ਟਾਕ ਦੇ ਮੁਤਾਬਕ ਏਅਰਟੈੱਲ ਦੇ 649 ਰੁਪਏ ਵਾਲੇ ਪਲਾਨ ਦੀ ਵਿਸਥਾਰ 'ਚ ਗੱਲ ਕਰੀਏ ਤਾਂ ਇਸ 'ਚ 90 ਜੀਬੀ ਡੇਟਾ ਹਰ ਮਹੀਨੇ ਦਿੱਤਾ ਜਾਵੇਗਾ ਤੇ ਨਾਲ ਹੀ 100 ਮੈਸੇਜ ਰੋਜ਼ਾਨਾ ਤੇ ਅਸੀਮਤ ਵੌਈਸ ਕਾਲ ਦਿੱਤੀ ਜਾ ਰਹੀ ਹੈ। ਇਸ ਪਲਾਨ 'ਚ ਰੋਲਓਵਰ ਦੀ ਵੀ ਸੁਵਿਧਾ ਦਿੱਤੀ ਜਾ ਰਹੀ ਹੈ। ਰੋਲਓਵਰ ਤੋਂ ਭਾਵ ਕਿ ਜੋ ਡਾਟਾ ਯੂਜ਼ਰ ਨਹੀਂ ਵਰਤਦੇ ਉਹ ਅਗਲੇ ਮਹੀਨੇ ਦੇ ਖਾਤੇ 'ਚ ਜੁੜ ਜਾਵੇਗਾ। ਇਸ ਪਲਾਨ 'ਚ ਵਿੰਕ ਮਿਊਜ਼ਿਕ ਦਾ ਮੁਫ਼ਤ ਸਬਸਕ੍ਰਿਪਸ਼ਨ ਤੇ ਇੱਕ ਸਾਲ ਤਕ ਅਮੇਜ਼ਨ ਪ੍ਰਾਈਮ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲੇਗਾ।
ਦੱਸ ਦੇਈਏ ਕਿ ਏਅਰਟੈੱਲ ਦਾ ਇਹ ਪਲਾਨ ਅਜੇ ਕੁਝ ਚੋਣਵੇਂ ਯੂਜ਼ਰਜ਼ ਲਈ ਉਪਲਬਧ ਹੈ ਪਰ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਰੀਵਾਈਜ਼ਡ ਪਲਾਨ ਨੂੰ ਜਲਦ ਹੀ ਬਾਕੀ ਯੂਜ਼ਰਜ਼ ਲਈ ਵੀ ਜਾਰੀ ਕੀਤਾ ਜਾਵੇਗਾ।