‘ਹਾਊਸ ਆਫ ਕਾਮਨਜ਼’ ਨੇ ਨਵੰਬਰ ਮਹੀਨੇ ਨੂੰ ‘ਹਿੰਦੂ ਵਿਰਾਸਤੀ ਮਹੀਨੇ’ ਵਜੋਂ ਮਨਾਉਣ ਦੀ ਦਿੱਤੀ ਪ੍ਰਵਾਨਗੀ
ਕੈਨੇਡਾ ਦੇ ਹੇਠਲੇ ਸਦਨ ‘ਹਾਊਸ ਆਫ ਕਾਮਨਜ਼’ ਨੇ ਨਵੰਬਰ ਮਹੀਨੇ ਨੂੰ ‘ਹਿੰਦੂ ਵਿਰਾਸਤੀ ਮਹੀਨੇ’ ਵਜੋਂ ਮਨਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਇਹ ਮਤਾ ਇੱਕ ਇੰਡੋ-ਕੈਨੇਡੀਅਨ ਸੰਸਦ ਮੈਂਬਰ ਵੱਲੋਂ ਪਾਸ ਕੀਤਾ ਗਿਆ ਹੈ। ਹੇਠਲੇ ਸਦਨ ਤੋਂ ਪਾਸ ਹੋਣ ਤੋਂ ਬਾਅਦ, ਪ੍ਰਸਤਾਵ ਹੁਣ ਉਪਰਲੇ ਸਦਨ ਸੈਨੇਟ ਵਿੱਚ ਜਾਵੇਗਾ, ਜਿੱਥੇ ਇਸ 'ਤੇ ਬਹਿਸ ਹੋਣ ਦੀ ਉਮੀਦ ਹੈ। ਹਾਲਾਂਕਿ ਜੇਕਰ ਇਹ ਮਤਾ ਉਪਰਲੇ ਸਦਨ ਵੱਲੋਂ ਵੀ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਅਗਲੇ ਮਹੀਨੇ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਕੈਨੇਡਾ ਵਿੱਚ ਅਜਿਹੇ 'ਵਿਰਾਸਤ ਮਹੀਨੇ' ਪਹਿਲਾਂ ਹੀ ਕਈ ਧਰਮਾਂ ਨੂੰ ਸਮਰਪਿਤ ਹਨ। ਉਦਾਹਰਣ ਵਜੋਂ, ਅਪ੍ਰੈਲ ਦਾ ਮਹੀਨਾ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਜਦੋਂ ਕਿ ਕੈਨੇਡੀਅਨ ਮਈ ਨੂੰ ਯਹੂਦੀ ਵਿਰਾਸਤੀ ਮਹੀਨੇ ਵਜੋਂ ਮਨਾਉਂਦੇ ਹਨ। ਇਸ ਦੇ ਨਾਲ ਹੀ ਅਕਤੂਬਰ ਨੂੰ ਕੈਨੇਡੀਅਨ ਇਸਲਾਮਿਕ ਹਿਸਟਰੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ। 'ਹਿੰਦੂ ਵਿਰਾਸਤੀ ਮਹੀਨੇ' ਲਈ ਇਹ ਪ੍ਰਸਤਾਵ ਮਈ ਵਿਚ ਹਾਊਸ ਆਫ ਕਾਮਨਜ਼ ਵਿਚ ਪੇਸ਼ ਕੀਤਾ ਗਿਆ ਸੀ। ਇਸ ਨੂੰ ਔਟਵਾ ਖੇਤਰ ਵਿੱਚ ਨੇਪੀਅਨ ਦੀ ਨੁਮਾਇੰਦਗੀ ਕਰਨ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਦੇ ਇੱਕ ਸੰਸਦ ਮੈਂਬਰ ਚੰਦਰ ਆਰੀਆ ਦੁਆਰਾ ਸਦਨ ਵਿੱਚ ਲਿਆਂਦਾ ਗਿਆ ਸੀ।






















