5G Services Rollout Soon: ਜਲਦੀ ਲਾਂਚ ਹੋਵੇਗੀ 5ਜੀ ਮੋਬਾਈਲ ਸੇਵਾ, ਕੈਬਨਿਟ ਨੇ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਦਿੱਤੀ ਮਨਜ਼ੂਰੀ
ਦੇਸ਼ ਵਿੱਚ ਜਲਦੀ ਹੀ 5G ਮੋਬਾਈਲ ਸੇਵਾ ਸ਼ੁਰੂ ਹੋਣ ਜਾ ਰਹੀ। 5ਜੀ ਸਪੈਕਟਰਮ ਦੀ ਨਿਲਾਮੀ ਦਾ ਰਸਤਾ ਸਾਫ਼ ਹੋ ਗਿਆ ਹੈ। PM ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਨੇ ਅਗਲੇ 20 ਸਾਲਾਂ ਲਈ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਮਨਜ਼ੂਰੀ ਦਿੱਤੀ।
5G Services Rollout Soon: ਦੇਸ਼ ਵਿੱਚ ਜਲਦੀ ਹੀ 5G ਮੋਬਾਈਲ ਸੇਵਾ ਸ਼ੁਰੂ ਹੋਣ ਜਾ ਰਹੀ ਹੈ। 5ਜੀ ਸਪੈਕਟਰਮ ਦੀ ਨਿਲਾਮੀ ਦਾ ਰਸਤਾ ਸਾਫ਼ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਗਲਵਾਰ ਨੂੰ ਹੋਈ ਕੈਬਨਿਟ ਮੀਟਿੰਗ ਨੇ ਅਗਲੇ 20 ਸਾਲਾਂ ਲਈ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਮਨਜ਼ੂਰੀ ਦਿੱਤੀ। ਸਪੈਕਟਰਮ ਦੀ ਨਿਲਾਮੀ ਜੁਲਾਈ ਦੇ ਅੰਤ ਤੋਂ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਨਿੱਜੀ ਕੈਪਟਿਵ ਨੈੱਟਵਰਕਾਂ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਜਿਸ ਦੇ ਉਪਯੋਗ ਨਾਲ ਉਦਯੋਗਾਂ ਤੇ ਟੈਕਨਾਲੋਜੀ ਦਿੱਗਜਾਂ ਕੋਲ ਆਪਣੇ ਨੈੱਟਵਰਕ ਹੋ ਸਕਦੇ ਹਨ ਜਿਸ ਨਾਲ ਮਸ਼ੀਨ-ਟੂ-ਮਸ਼ੀਨ ਸੰਚਾਰ, ਇੰਟਰਨੈੱਟ ਆਫ਼ ਥਿੰਗਜ਼ ਅਤੇ ਆਟੋਮੋਟਿਵ, ਸਿਹਤ ਸੰਭਾਲ, ਖੇਤੀਬਾੜੀ, ਊਰਜਾ ਤੇ ਹੋਰ ਖੇਤਰਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਪਲੀਕੇਸ਼ਨਾਂ ਨੂੰ ਸਮਰੱਥ ਬਣਾਉਣ ਲਈ ਵਰਤਿਆ ਜਾਵੇਗਾ।
ਇਸ ਸਬੰਧੀ ਗੁਜਰਾਤ ਦੇ ਸੰਚਾਰ ਰਾਜ ਮੰਤਰੀ ਦੇਵਸਿੰਘ ਚੌਹਾਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਸਪੈਕਟਰਮ ਦੀ ਨਿਲਾਮੀ ਜਲਦੀ ਹੀ ਕੀਤੀ ਜਾਵੇਗੀ ਅਤੇ ਨਵੀਂ 5ਜੀ ਸੇਵਾ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਭਾਰਤ ਦੀਆਂ ਚਾਰ ਕੰਪਨੀਆਂ ਨੂੰ ਸਪੈਕਟਰਮ ਅਲਾਟ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਇਸ ਦਾ ਟਰਾਇਲ ਪੂਰਾ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਬਜਟ ਦੌਰਾਨ ਕਿਹਾ ਸੀ ਕਿ 5ਜੀ ਮੋਬਾਈਲ ਸੇਵਾਵਾਂ ਸਾਲ 2022-2023 ਵਿੱਚ ਸ਼ੁਰੂ ਹੋਣਗੀਆਂ।
ਇਸ ਤੋਂ ਇਲਾਵਾ ਏਅਰਟੈੱਲ, ਰਿਲਾਇੰਸ ਜੀਓ, ਵੋਡਾਫੋਨ-ਆਈਡੀਆ ਵਰਗੀਆਂ ਭਾਰਤ ਦੀਆਂ ਮਸ਼ਹੂਰ ਟੈਲੀਕਾਮ ਕੰਪਨੀਆਂ ਨੇ 5ਜੀ ਸੇਵਾਵਾਂ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਭਾਰਤ ਸਰਕਾਰ ਸਾਰੀਆਂ ਟੈਲੀਕਾਮ ਕੰਪਨੀਆਂ ਨਾਲ ਵੀ ਗੱਲਬਾਤ ਕਰ ਰਹੀ ਹੈ, ਯਾਨੀ ਹੁਣ ਸਪੈਕਟਰਮ ਦੀ ਨਿਲਾਮੀ ਵੀ ਜਲਦੀ ਹੀ ਹੋਣ ਵਾਲੀ ਹੈ। ਕੁਝ ਦਿਨ ਪਹਿਲਾਂ ਟਰਾਈ ਨੇ ਕਈ ਬੈਂਡਾਂ ਵਿੱਚ ਲਗਪਗ 7.5 ਲੱਖ ਕਰੋੜ ਰੁਪਏ ਦੇ ਏਅਰਵੇਵਜ਼ ਦੀ ਨਿਲਾਮੀ ਕਰਨ ਦੀ ਆਪਣੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਸੀ।