Amritsar News: ਪਾਰਲੀਮੈਂਟ ਹਮਲੇ ਵਾਲੇ ਤਾਂ ਘਰੋਂ ਚੁੱਕ ਲਏ ਪਰ ਬੇਅਦਬੀ ਕਰਨ ਵਾਲਿਆਂ ਦਾ ਪਤਾ ਲਾਉਣ ‘ਚ ਸਰਕਾਰ ਫ਼ੇਲ੍ਹ-ਜਥੇਦਾਰ
ਸਿੱਖਾਂ ਵੱਲੋਂ ਇਹ ਸੁਨੇਹਾ ਹੈ ਕਿ ਜਿਹੜਾ ਸਾਡੇ ਗੁਰੂ ਧਾਮਾਂ ਉੱਤੇ ਹਮਲਾ ਕਰਨ ਲਈ ਆਵੇਗਾ ਉਹ ਬਖਸ਼ਿਆ ਨਹੀਂ ਜਾਏਗਾ ਚਾਹੇ ਉਹ ਇੰਦਰਾ ਗਾਂਧੀ ਹੋਵੇ ਚਾਹੇ ਅਬਦਾਲੀ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਅੱਜ ਤੱਕ ਇਹ ਨਹੀਂ ਪਤਾ ਲਗਾ ਸਕੀ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਸੀ
Amritsar News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਹਮਲਾ ਹੋਇਆ ਤਾਂ ਦੋਸ਼ੀਆਂ ਨੂੰ ਝੱਟ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਣ ਲਈ ਸਰਕਾਰਾਂ ਫ਼ੇਲ੍ਹ ਸਾਬਤ ਹੋਈਆਂ ਹਨ। ਜਥੇਦਾਰ ਨੇ ਕਿਹਾ ਕਿ 18 ਦਸੰਬਰ 2021 ਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਇੱਕ ਦੁਸ਼ਟ ਵੱਲੋਂ ਬੇਅਦਬੀ ਕੀਤੀ ਗਈ ਜਿਸ ਨੂੰ ਬਾਅਦ ਚੋਂ ਟਾਸਕ ਫੋਰਸ ਵਲੋਂ ਸਜਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਮਾਮਲੇ ਦੇ ਵਿੱਚ ਵੀ ਅਸੀਂ ਇੱਕ ਕਮੇਟੀ ਬਣਾਈ ਹੋਈ ਹੈ ਤੇ ਛੇਤੀ ਹੀ ਉਸਦੀ ਰਿਪੋਰਟ ਜਨਤਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰਾਂ ਚਾਹੁਣ ਤਾਂ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾ ਸਕਦਾ ਹੈ। ਜੇ ਸੰਸਦ ਉੱਤੇ ਹਮਲਾ ਕਰਨ ਵਾਲਿਆਂ ਨੂੰ ਘਰੋਂ ਵਿੱਚੋਂ ਫੜ੍ਹਿਆ ਜਾ ਸਕਦਾ ਹੈ ਤਾਂ ਬੇਅਦਬੀ ਕਰਨ ਵਾਲਿਆਂ ਨੂੰ ਕਿਉਂ ਨਹੀਂ ਫੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਨਲਾਇਕੀ ਦੇ ਕਾਰਨ ਤੇ ਸਿੱਖਾਂ ਦੇ ਮਨਾਂ ਤੇ ਠੇਸ ਪਹੁੰਚਾਉਣ ਨੂੰ ਲੈ ਕੇ ਇਹ ਦੋਸ਼ੀ ਨਹੀਂ ਫੜੇ ਜਾ ਰਹੇ ਹਨ।
ਉੱਥੇ ਹੀ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਅੱਜ ਦੋ ਸਾਲ ਪੂਰੇ ਹੋ ਚੁੱਕੇ ਹਨ ਜਦੋਂ ਦਰਬਾਰ ਸਾਹਿਬ ਦੇ ਅੰਦਰ ਇੱਕ ਦੋਸ਼ੀ ਵੱਲ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਲ ਖਾਲਸਾ ਦੇ ਆਗੂ ਨੇ ਕਿਹਾ ਕਿ ਇਸ ਸਾਜ਼ਸ਼ ਪਿੱਛੇ ਦੇ ਚਿਹਰੇ ਅਜੇ ਤੱਕ ਬੇਨਕਾਬ ਨਹੀਂ ਹੋਏ ਤੇ ਸਰਕਾਰਾਂ ਇਸ ਵਿੱਚ ਬੁਰੀ ਤਰ੍ਹਾਂ ਨਾਲ ਫੇਲ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਸਾਜ਼ਿਸ਼ ਕਰਤਾ ਅੱਜ ਵੀ ਆਪਣੀ ਜਗ੍ਹਾ ਉੱਤੇ ਮਹਿਫੂਜ਼ ਬੈਠੇ ਹੋਏ ਹਨ ਤੇ ਉਹ ਸਿੱਖ ਕੌਮ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਦਲ ਖਾਲਸਾ ਵੱਲੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿੱਚ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਖ਼ੁਦ ਇਸ ਸਾਜ਼ਸ਼ ਦਾ ਪਰਦਾਫਾਸ਼ ਕਰਨ ਤੇ ਉਹ ਚਿਹਰੇ ਬੇਨਕਾਬ ਕਰਨ। ਉਨ੍ਹਾਂ ਕਿਹਾ ਕਿ ਉਹ ਹਮਲਾ ਸਾਡੇ ਪੰਥ ਤੇ ਸਾਡੀ ਰੂਹ ਉੱਤੇ ਸੀ ਜਿੰਨਾ ਚਿਰ ਤੱਕ ਉਹ ਸਾਜ਼ਿਸ਼ ਕਰਤਾ ਫੜੇ ਨਹੀਂ ਜਾਂਦੇ ਉਨ੍ਹਂ ਨੂੰ ਸਜ਼ਾਵਾਂ ਨਹੀਂ ਹੁੰਦੀਆਂ ਉਨ੍ਹਾਂ ਚਿਰ ਤੱਕ ਸਾਡੇ ਇਹ ਅੰਦੋਲਨ ਜਾਰੀ ਰਹਿਣਗੇ
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਵਿਦੇਸ਼ਾਂ ਵਿੱਚ ਸਿੱਖਾਂ ਦੇ ਕਤਲ ਕਰਵਾ ਰਹੀ ਹੈ। ਸਿੱਖੀ ਨੂੰ ਉਨ੍ਹਾਂ ਦੀ ਰੂਹ ਉੱਤੇ ਜ਼ਖ਼ਮ ਦੇਣਾ ਚਾਹੁੰਦੀ ਹੈ ਤੇ ਸਰਕਾਰ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਕੇ ਉਹਨਾਂ ਨੂੰ ਵੰਡਣਾ ਚਾਹੁੰਦੀ ਹੈ। ਬੇਅਦਬੀਆਂ ਦਾ ਦੌਰ 2015 ਤੋਂ ਸ਼ੁਰੂ ਹੋਇਆ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਵੱਲੋਂ ਇਹ ਸੁਨੇਹਾ ਹੈ ਕਿ ਜਿਹੜਾ ਸਾਡੇ ਗੁਰੂ ਧਾਮਾਂ ਉੱਤੇ ਹਮਲਾ ਕਰਨ ਲਈ ਆਵੇਗਾ ਉਹ ਬਖਸ਼ਿਆ ਨਹੀਂ ਜਾਏਗਾ ਚਾਹੇ ਉਹ ਇੰਦਰਾ ਗਾਂਧੀ ਹੋਵੇ ਚਾਹੇ ਅਬਦਾਲੀ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰਾਂ ਅੱਜ ਤੱਕ ਇਹ ਨਹੀਂ ਪਤਾ ਲਗਾ ਸਕੀ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਜਿਸ ਨੇ ਇੱਥੇ ਬੇਅਦਬੀ ਕੀਤੀ ਸੀ ਸਰਕਾਰਾਂ ਪੂਰੀ ਤਰ੍ਹਾਂ ਫੇਲ ਸਾਬਤ ਹੋਈਆਂ ਹਨ।