(Source: ECI/ABP News)
Master Saleem: ਨਹੀਂ ਖਤਮ ਹੋ ਰਹੀਆਂ ਮਾਸਟਰ ਸਲੀਮ ਦੀਆਂ ਮੁਸ਼ਕਲਾਂ, ਚਿੰਤਪੂਰਨੀ 'ਤੇ ਵਿਵਾਦਤ ਬਿਆਨ ਦਾ ਮਾਮਲਾ ਕੋਰਟ ਪਹੁੰਚਿਆ
Master Saleem Controversy:ਜਲੰਧਰ 'ਚ ਬਾਬਾ ਮੁਰਾਦ ਸ਼ਾਹ ਮੇਲੇ ਦੌਰਾਨ ਮਾਤਾ ਚਿੰਤਪੁਰਨੀ 'ਤੇ ਵਿਵਾਦਿਤ ਬਿਆਨ ਦੇ ਕੇ ਵਿਵਾਦਾਂ 'ਚ ਘਿਰੇ ਗਾਇਕ ਮਾਸਟਰ ਸਲੀਮ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।

Master Saleem Controversy: ਜਲੰਧਰ 'ਚ ਬਾਬਾ ਮੁਰਾਦ ਸ਼ਾਹ ਮੇਲੇ ਦੌਰਾਨ ਮਾਤਾ ਚਿੰਤਪੁਰਨੀ 'ਤੇ ਵਿਵਾਦਿਤ ਬਿਆਨ ਦੇ ਕੇ ਵਿਵਾਦਾਂ 'ਚ ਘਿਰੇ ਗਾਇਕ ਮਾਸਟਰ ਸਲੀਮ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਨ੍ਹਾਂ ਦੇ ਵਿਵਾਦਤ ਬਿਆਨ ਦਾ ਇਹ ਮਾਮਲਾ ਹੁਣ ਅਦਾਲਤ ਤੱਕ ਪਹੁੰਚ ਗਿਆ ਹੈ। ਇਸੇ ਸ਼ਹਿਰ ਦੇ ਦੀਵਾਨ ਨਗਰ ਵਾਸੀ ਗੌਰਵ ਨੇ ਜਲੰਧਰ ਦੇ ਥਾਣਾ ਕੈਂਟ ਵਿੱਚ ਮਾਸਟਰ ਸਲੀਮ ਖ਼ਿਲਾਫ਼ ਦਿੱਤੀ ਸ਼ਿਕਾਇਤ ’ਤੇ ਕੇਸ ਦਰਜ ਨਾ ਕਰਨ ’ਤੇ ਐਸਐਚਓ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 156 (3) ਤਹਿਤ ਕੇਸ ਦਰਜ ਕਰਾਇਆ ਹੈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਥਾਣਾ ਇੰਚਾਰਜ ਨੂੰ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ।
ਗੌਰਵ ਦੀ ਦਰਖਾਸਤ ਨੂੰ ਸਵੀਕਾਰ ਕਰਦਿਆਂ ਜੂਨੀਅਰ ਮੈਜਿਸਟ੍ਰੇਟ ਪਹਿਲੀ ਸ਼੍ਰੇਣੀ ਮਿਸ ਅਰਪਨਾ ਨੇ ਥਾਣਾ ਕੈਂਟ ਦੇ ਇੰਚਾਰਜ ਨੂੰ 21 ਸਤੰਬਰ ਨੂੰ ਤਲਬ ਕੀਤਾ ਹੈ। ਅਦਾਲਤ ਨੇ ਆਪਣੇ ਹੁਕਮਾਂ 'ਚ ਥਾਣਾ ਕੈਂਟ ਦੇ ਐੱਸਐੱਚਓ ਨੂੰ ਆਪਣੀ ਰਿਪੋਰਟ ਪੇਸ਼ ਕਰਨ ਅਤੇ ਉਸ ਕੋਲ ਪੁੱਜੀ ਸ਼ਿਕਾਇਤ ਸਬੰਧੀ ਅਦਾਲਤ ਨੂੰ ਜਵਾਬ ਦੇਣ ਦੇ ਨਿਰਦੇਸ਼ ਦਿੱਤੇ ਹਨ। ਸ਼ਿਕਾਇਤ ਦੇਣ ਵਾਲੇ ਗੌਰਵ ਨੇ ਆਪਣੀ ਅਪੀਲ ਵਿੱਚ ਲਿਖਿਆ ਹੈ ਕਿ ਥਾਣਾ ਕੈਂਟ ਦੇ ਇੰਚਾਰਜ ਉਸ ਦੀ ਸ਼ਿਕਾਇਤ ’ਤੇ ਮਾਸਟਰ ਸਲੀਮ ਖ਼ਿਲਾਫ਼ ਕੇਸ ਦਰਜ ਨਹੀਂ ਕਰ ਰਹੇ। ਮਾਸਟਰ ਸਲੀਮ ਨੇ ਬਾਬਾ ਮੁਰਾਦ ਸ਼ਾਹ ਮੇਲੇ ਵਿੱਚ ਕੱਵਾਲੀ ਦੌਰਾਨ ਗਾਲੀ ਗਲੋਚ ਕੀਤਾ ਸੀ।
ਗੌਰਵ ਨੇ ਆਪਣੀ ਸ਼ਿਕਾਇਤ ਵਿੱਚ ਸ਼ਾਹੀਨ ਅਬਦੁੱਲਾ ਬਨਾਮ ਯੂਨੀਅਨ ਆਫ ਇੰਡੀਆ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਪਿਛਲੇ ਸਾਲ 21 ਅਕਤੂਬਰ ਦੇ ਫੈਸਲੇ ਦਾ ਹਵਾਲਾ ਦਿੱਤਾ ਹੈ ਅਤੇ ਮਾਸਟਰ ਸਲੀਮ ਵਿਰੁੱਧ ਕੇਸ ਦਰਜ ਕਰਨ ਲਈ ਥਾਣਾ ਕੈਂਟ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਹੈ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਲਿਖਿਆ ਹੈ ਕਿ ਕੋਈ ਵੀ ਅਜਿਹੀ ਬਿਆਨਬਾਜ਼ੀ ਕਰਦਾ ਹੈ, ਜਿਸ ਨਾਲ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ ਅਤੇ ਜੇਕਰ ਉਸ ਵਿਰੁੱਧ ਕੋਈ ਸ਼ਿਕਾਇਤ ਨਹੀਂ ਮਿਲਦੀ, ਤਾਂ ਵੀ ਉਸ ਵਿਰੁੱਧ ਖੁਦ ਨੋਟਿਸ ਲੈ ਕੇ ਕੇਸ ਦਰਜ ਕੀਤਾ ਜਾ ਸਕਦਾ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਅਧਿਕਾਰੀ ਸ਼ਿਕਾਇਤ ਮਿਲਣ 'ਤੇ ਕਾਰਵਾਈ ਨਹੀਂ ਕਰਦਾ ਤਾਂ ਇਸ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
