ਕੋਰੋਨਾ ਦੀ ਚੌਥੀ ਲਹਿਰ ਦੀ ਆਹਟ: ਦੇਸ਼ ਦੇ 29 ਜ਼ਿਲ੍ਹਿਆਂ 'ਚ ਕੋਰੋਨਾ ਬੇਕਾਬੂ, ਦਿੱਲੀ-ਗੁਜਰਾਤ ਤੇ ਹਰਿਆਣਾ 'ਚ ਗ੍ਰਾਫ ਚੜ੍ਹਿਆ
Corona Update in India: ਹੁਣ ਭਾਰਤ ਦੇ ਅੰਕੜੇ ਵੀ ਡਰਾ ਰਹੇ ਹਨ। ਪਿਛਲੇ 28 ਦਿਨਾਂ 'ਚ ਦੇਸ਼ ਵਿੱਚ 5,474 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 40 ਹਜ਼ਾਰ 866 ਲੋਕ ਸੰਕਰਮਿਤ ਪਾਏ ਗਏ। ਹਾਲਾਂਕਿ ਇਹ ਵੀ ਰਾਹਤ ਦੀ ਗੱਲ ਹੈ ਕਿ ਇਨ੍ਹਾਂ ਚਾਰ ਹਫ਼ਤਿਆਂ 'ਚ 58 ਹਜ਼ਾਰ 158 ਲੋਕ ਸੰਕਰਮਣ ਤੋਂ ਠੀਕ ਵੀ ਹੋਏ ਹਨ।
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ (Coronavirus) ਫਿਰ ਤੋਂ ਫੈਲਣਾ ਸ਼ੁਰੂ ਹੋ ਗਿਆ ਹੈ। ਇਹ ਚੌਥੀ ਲਹਿਰ (Fourth Wave of Corona) ਦੀ ਆਹਟ ਵੀ ਹੋ ਸਕਦੀ ਹੈ। ਅੰਕੜੇ ਵੀ ਉਸ ਦਿਸ਼ਾ ਵੱਲ ਇਸ਼ਾਰਾ ਕਰ ਰਹੇ ਹਨ। ਅਜਿਹੇ 'ਚ ਇੱਕ ਵਾਰ ਫਿਰ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ। ਮੰਗਲਵਾਰ ਨੂੰ ਦੁਨੀਆਂ 'ਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 50 ਕਰੋੜ ਨੂੰ ਪਾਰ ਕਰ ਗਈ। ਕੋਰੋਨਾ ਦੀ ਚੌਥੀ ਲਹਿਰ ਨੇ ਦੁਨੀਆਂ ਦੇ 10 ਦੇਸ਼ਾਂ 'ਚ ਦਸਤਕ ਦੇ ਦਿੱਤੀ ਹੈ। ਇਨ੍ਹਾਂ 'ਚ ਅਮਰੀਕਾ, ਬ੍ਰਾਜ਼ੀਲ, ਜਰਮਨੀ, ਆਸਟ੍ਰੇਲੀਆ, ਰੂਸ, ਇਟਲੀ, ਫ਼ਰਾਂਸ, ਜਾਪਾਨ, ਥਾਈਲੈਂਡ, ਦੱਖਣੀ ਕੋਰੀਆ ਤੇ ਆਸਟ੍ਰੀਆ ਸ਼ਾਮਲ ਹਨ।
ਹੁਣ ਭਾਰਤ ਦੇ ਅੰਕੜੇ ਵੀ ਡਰਾ ਰਹੇ ਹਨ। ਪਿਛਲੇ 28 ਦਿਨਾਂ 'ਚ ਦੇਸ਼ ਵਿੱਚ 5,474 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 40 ਹਜ਼ਾਰ 866 ਲੋਕ ਸੰਕਰਮਿਤ ਪਾਏ ਗਏ। ਹਾਲਾਂਕਿ ਇਹ ਵੀ ਰਾਹਤ ਦੀ ਗੱਲ ਹੈ ਕਿ ਇਨ੍ਹਾਂ ਚਾਰ ਹਫ਼ਤਿਆਂ 'ਚ 58 ਹਜ਼ਾਰ 158 ਲੋਕ ਸੰਕਰਮਣ ਤੋਂ ਠੀਕ ਵੀ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਦੇ 29 ਜ਼ਿਲ੍ਹਿਆਂ 'ਚ ਕੋਰੋਨਾ ਬੇਕਾਬੂ ਹੈ। ਮਤਲਬ ਇਨ੍ਹਾਂ ਜ਼ਿਲ੍ਹਿਆਂ 'ਚ ਪੌਜ਼ੇਟੀਵਿਟੀ ਦਰ 5 ਫ਼ੀਸਦੀ ਤੋਂ ਵੱਧ ਹੈ।
ਕੇਰਲ ਦੇ 14 ਜ਼ਿਲ੍ਹਿਆਂ, ਮਿਜ਼ੋਰਮ ਦੇ 7 ਜ਼ਿਲ੍ਹਿਆਂ 'ਚ ਵਿਗੜੀ ਸਥਿਤੀ
ਕੇਰਲ ਦੇ 14 ਜ਼ਿਲ੍ਹਿਆਂ 'ਚ ਹਾਲਤ ਸਭ ਤੋਂ ਖ਼ਰਾਬ ਹਨ। ਇਨ੍ਹਾਂ ਸਾਰੇ ਜ਼ਿਲ੍ਹਿਆਂ ਦੀ ਪੌਜ਼ੇਟੀਵਿਟੀ ਦਰ 10 ਫ਼ੀਸਦੀ ਤੋਂ ਵੱਧ ਹੈ। ਭਾਵ ਜੇਕਰ 100 ਲੋਕਾਂ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵਿੱਚੋਂ 10 ਤੋਂ ਵੱਧ ਸੰਕਰਮਿਤ ਪਾਏ ਜਾਂਦੇ ਹਨ। ਇਸੇ ਤਰ੍ਹਾਂ ਮਿਜ਼ੋਰਮ ਦੇ 7 ਜ਼ਿਲ੍ਹਿਆਂ ਵਿੱਚ ਪੌਜ਼ੇਟੀਵਿਟੀ ਦਰ 10 ਫ਼ੀਸਦੀ ਤੋਂ ਵੱਧ ਹੈ ਤੇ ਤਿੰਨ ਜ਼ਿਲ੍ਹਿਆਂ ਵਿੱਚ ਪੌਜ਼ੇਟੀਵਿਟੀ ਦਰ 5 ਤੋਂ 10 ਫ਼ੀਸਦੀ ਹੈ।
ਹਰਿਆਣਾ ਦੇ ਗੁਰੂਗ੍ਰਾਮ 'ਚ ਵੀ ਸਥਿਤੀ ਚਿੰਤਾਜਨਕ ਹੈ। ਇੱਥੇ ਪੌਜ਼ੇਟੀਵਿਟੀ ਦਰ 5.81% ਹੈ। ਇਸ ਤੋਂ ਇਲਾਵਾ ਮਣੀਪੁਰ ਤੇ ਉੜੀਸਾ 'ਚ ਇੱਕ-ਇੱਕ ਜ਼ਿਲ੍ਹਾ ਅਜਿਹਾ ਹੈ ਜਿੱਥੇ ਪੌਜ਼ੇਟੀਵਿਟੀ 5 ਫ਼ੀਸਦੀ ਤੋਂ ਵੱਧ ਹੈ। ਅਰੁਣਾਚਲ ਪ੍ਰਦੇਸ਼ ਦੇ ਅੱਪਰ ਸਿਆਂਗ 'ਚ ਟੈਸਟ ਕੀਤੇ ਜਾ ਰਹੇ ਸਾਰੇ ਲੋਕ ਸੰਕਰਮਿਤ ਪਾਏ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ 'ਚ 12.5% ਦੀ ਦਰ ਨਾਲ ਨਵੇਂ ਕੇਸ ਮਿਲ ਰਹੇ ਹਨ।
ਤਿੰਨ ਸੂਬਿਆਂ 'ਚ ਕੋਰੋਨਾ ਦੀ ਵਾਧਾ ਦਰ ਵਧੀ
11 ਅਪ੍ਰੈਲ ਨੂੰ ਦੇਸ਼ 'ਚ ਕੋਰੋਨਾ ਦੇ 796 ਨਵੇਂ ਮਾਮਲੇ ਦਰਜ ਕੀਤੇ ਗਏ ਸਨ, ਪਰ ਤਿੰਨ ਸੂਬਿਆਂ ਦੇ ਅੰਕੜਿਆਂ ਵਿਚ ਵੱਡਾ ਵਾਧਾ ਹੋਇਆ ਹੈ। ਇਨ੍ਹਾਂ 'ਚ ਗੁਜਰਾਤ, ਦਿੱਲੀ ਤੇ ਹਰਿਆਣਾ ਸ਼ਾਮਲ ਹਨ। ਗੁਜਰਾਤ 'ਚ ਰੋਜ਼ਾਨਾ ਮਾਮਲਿਆਂ 'ਚ 42.4%, ਦਿੱਲੀ 'ਚ 34.9% ਤੇ ਹਰਿਆਣਾ 'ਚ 18.1% ਦਾ ਵਾਧਾ ਹੋਇਆ ਹੈ।
ਦਾਦਰਾ ਤੇ ਨਗਰ ਹਵੇਲੀ, ਲਕਸ਼ਦੀਪ 'ਚ ਕੋਰੋਨਾ ਗ੍ਰੋਥ ਜ਼ੀਰੋ ਹੈ, ਜਦਕਿ ਬਾਕੀ ਸਾਰੇ ਸੂਬਿਆਂ 'ਚ ਨੈਗੇਟਿਵ ਗ੍ਰੋਥ ਹੈ। ਮਤਲਬ ਇੱਥੇ ਨਵੇਂ ਮਰੀਜ਼ਾਂ ਨਾਲੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਜੇਕਰ ਟੈਸਟ ਪੌਜ਼ੇਟੀਵਿਟੀ ਦਰ 'ਤੇ ਨਜ਼ਰ ਮਾਰੀਏ ਤਾਂ ਕੇਰਲ, ਮਨੀਪੁਰ, ਦਿੱਲੀ ਅਤੇ ਹਰਿਆਣਾ ਇਸ 'ਚ ਅੱਗੇ ਹਨ। ਕੇਰਲ 'ਚ ਹਰ 100 ਲੋਕਾਂ ਵਿੱਚੋਂ ਸਭ ਤੋਂ ਵੱਧ 2.3% ਸੰਕਰਮਿਤ ਪਾਏ ਗਏ ਹਨ। ਮਨੀਪੁਰ ਵਿੱਚ ਪੌਜ਼ੇਟੀਵਿਟੀ ਦਰ 1.5%, ਦਿੱਲੀ 'ਚ 1.4% ਅਤੇ ਹਰਿਆਣਾ 'ਚ 1.1% ਹੈ। ਬਾਕੀ ਸਾਰੇ ਸੂਬਿਆਂ 'ਚ ਇਹ ਜ਼ੀਰੋ ਤੋਂ ਹੇਠਾਂ ਹੈ।