ਨਾਜਾਇਜ਼ ਸ਼ਰਾਬ ਫੈਕਟਰੀਆਂ ਨੂੰ ਲੈ ਕੇ ਚਰਚਾ 'ਚ ਆਏ ਸਾਬਕਾ ਕਾਂਗਰਸੀ ਵਿਧਾਇਕ ਕੰਬੋਜ ਬੇਟੇ ਨਾਲ ਵਿਦੇਸ਼ ਹੋਏ ਫਰਾਰ, ਵਿਅਕਤੀ 'ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਹੈ ਦੋਸ਼
ਪੰਜਾਬ 'ਚ ਨਾਜਾਇਜ਼ ਸ਼ਰਾਬ ਫੈਕਟਰੀਆਂ ਨੂੰ ਲੈ ਕੇ ਚਰਚਾ 'ਚ ਆਏ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਆਪਣੇ ਬੇਟੇ ਨਿਰਭੈ ਸਿੰਘ ਮਿਲਟੀ ਸਮੇਤ ਵਿਦੇਸ਼ ਫਰਾਰ ਹੋ ਗਏ ਹਨ। ਦੋਵਾਂ 'ਤੇ ਰਾਜਪੁਰਾ ਵਾਸੀ ਰਮੇਸ਼ ਸ਼ਰਮਾ ਨੂੰ ਖੁਦਕੁਸ਼ੀ ਲਈ...
ਰਜਨੀਸ਼ ਕੌਰ ਦੀ ਰਿਪੋਰਟ
Punjab News : ਪੰਜਾਬ 'ਚ ਨਾਜਾਇਜ਼ ਸ਼ਰਾਬ ਫੈਕਟਰੀਆਂ ਨੂੰ ਲੈ ਕੇ ਚਰਚਾ 'ਚ ਆਏ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਆਪਣੇ ਬੇਟੇ ਨਿਰਭੈ ਸਿੰਘ ਮਿਲਟੀ ਸਮੇਤ ਵਿਦੇਸ਼ ਫਰਾਰ ਹੋ ਗਏ ਹਨ। ਦੋਵਾਂ 'ਤੇ ਰਾਜਪੁਰਾ ਵਾਸੀ ਰਮੇਸ਼ ਸ਼ਰਮਾ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਦੋਸ਼ ਹੈ। ਇਸ ਮਾਮਲੇ 'ਚ ਮੁਲਜ਼ਮ ਹਰਦਿਆਲ ਨੇ ਹਾਲ ਹੀ ਵਿੱਚ ਆਪਣੇ ਵਕੀਲ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਸੁਣਵਾਈ ਤੋਂ ਪਹਿਲਾਂ ਹੀ ਪਟੀਸ਼ਨ ਵਾਪਸ ਲੈ ਲਈ ਗਈ। ਇਸ ਮਾਮਲੇ ਵਿੱਚ ਇੱਕ ਹੋਰ ਮੁਲਜ਼ਮ ਭੁਪਿੰਦਰ ਸੈਣੀ ਦੀ ਮਾਮਲੇ ਵਿਚ ਪੁਲਿਸ ਜਾਂਚ ਜਾਰੀ ਹੈ। ਇਨ੍ਹਾਂ ਤੋਂ ਇਲਾਵਾ ਮੁਲਜ਼ਮ ਸੰਜੀਵ ਅਤੇ ਮੁਕੇਸ਼ ਫਿਲਹਾਲ ਫਰਾਰ ਹਨ। ਥਾਣਾ ਰਾਜਪੁਰਾ ਸਿਟੀ ਦੇ ਐਸਐਚਓ ਨੇ ਦੱਸਿਆ ਕਿ ਸੰਜੀਵ ਅਤੇ ਮੁਕੇਸ਼ ਖਿਲਾਫ਼ ਵਾਰੰਟ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਉਸ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੀ ਪਿਓ-ਪੁੱਤ ਹੋਏ ਫਰਾਰ
ਗ੍ਰਹਿ ਵਿਭਾਗ ਦੀ ਬਿਊਰੋ ਆਫ ਇਮੀਗ੍ਰੇਸ਼ਨ ਵੱਲੋਂ ਦੋਸ਼ੀ ਹਰਦਿਆਲ ਕੰਬੋਜ ਵਿਰੁੱਧ ਐੱਲਓਸੀ (LOC) ਜਾਰੀ ਕੀਤਾ ਗਿਆ ਸੀ ਪਰ ਮੁਲਜ਼ਮ ਪਹਿਲਾਂ ਹੀ ਆਪਣੇ ਲੜਕੇ ਸਮੇਤ ਵਿਦੇਸ਼ ਫਰਾਰ ਹੋ ਗਿਆ ਸੀ। ਜਦਕਿ ਪੁਲਿਸ ਵੱਲੋਂ ਬਾਕੀ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਆਤਮਹੱਤਿਆ ਕਰਨ ਤੋਂ ਪਹਿਲਾਂ ਰਮੇਸ਼ ਸ਼ਰਮਾ ਨੇ ਇੱਕ ਵੀਡੀਓ ਬਣਾ ਕੇ ਆਪਣਾ ਦੁੱਖ ਪ੍ਰਗਟਿਆ ਸੀ।
ਸੁਸਾਈਡ ਨੋਟ 'ਚ ਲਿਖੇ ਇਨ੍ਹਾਂ ਮੁਲਜ਼ਮਾਂ ਦੇ ਨਾਂ
ਇਸ ਦੇ ਨਾਲ ਹੀ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ। ਇਸ ਵਿੱਚ ਮੁੱਖ ਮੁਲਜ਼ਮ ਹਰਦਿਆਲ ਸਿੰਘ ਕੰਬੋਜ ਅਤੇ ਉਸ ਦੇ ਪੁੱਤਰ ਨਿਰਭੈ ਸਿੰਘ ਫੌਜੀ ਅਤੇ ਕੁਝ ਵਕੀਲ, ਆਜ਼ਾਦੀ ਘੁਲਾਟੀਆਂ ਅਤੇ ਡਾਕਟਰਾਂ ਦੇ ਨਾਂ ਸ਼ਾਮਲ ਹਨ। ਪੁਲਿਸ ਥਾਣਾ ਸਿਟੀ ਰਾਜਪੁਰਾ ਨੇ ਰਮੇਸ਼ ਦੀ ਪਤਨੀ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵੀਡੀਓ ਅਤੇ ਸੁਸਾਈਡ ਨੋਟ ਵੀ ਆਪਣੇ ਕਬਜ਼ੇ 'ਚ ਲੈ ਲਿਆ ਹੈ। ਰਮੇਸ਼ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੀ ਪਤਨੀ ਲਗਾਤਾਰ ਪੁਲਿਸ-ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ।
ਇਸ ਕਾਰਨ ਕੀਤੀ ਸੀ ਰਮੇਸ਼ ਸ਼ਰਮਾ ਖੁਦਕੁਸ਼ੀ
ਰਮੇਸ਼ ਸ਼ਰਮਾ ਨੇ ਸਾਰੇ ਮੁਲਜ਼ਮਾਂ ’ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਸ ਖ਼ਿਲਾਫ਼ ਝੂਠੇ ਕੇਸ ਦਰਜ ਕਰਨ ਦੇ ਦੋਸ਼ ਲਾਏ ਹਨ। ਇਨ੍ਹਾਂ ਸਾਰੇ ਕਾਰਨਾਂ ਤੋਂ ਤੰਗ ਆ ਕੇ ਉਸ ਨੇ ਖੁਦਕੁਸ਼ੀ ਕਰਨ ਲਈ ਮਜਬੂਰ ਹੋਣ ਦੀ ਗੱਲ ਕਹੀ ਸੀ। ਵੀਡੀਓ ਵਿੱਚ ਰਮੇਸ਼ ਨੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਮਦਦ ਕਰਨ ਅਤੇ ਇਨਸਾਫ਼ ਮਿਲਣ ਤੱਕ ਉਨ੍ਹਾਂ ਦਾ ਸਸਕਾਰ ਨਾ ਕਰਨ ਦੀ ਗੱਲ ਕਹੀ ਸੀ।
ਢਾਬਾ ਬੰਦ ਕਰਵਾਉਣ ਦਾ ਦੋਸ਼ ਵੀ ਹੈ ਸਾਬਕਾ ਵਿਧਾਇਕ ਹਰਦਿਆਲ 'ਤੇ
ਵੀਡੀਓ 'ਚ ਰਮੇਸ਼ ਨੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ 'ਤੇ ਆਪਣਾ ਢਾਬਾ ਬੰਦ ਕਰਵਾਉਣ ਦਾ ਦੋਸ਼ ਲਗਾਇਆ ਹੈ। ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਉਹ ਮੁਲਜ਼ਮਾਂ ਨੂੰ ਮਹੀਨਾਵਾਰ ਪੈਸੇ ਨਹੀਂ ਦੇ ਸਕਦਾ ਸੀ, ਜਿਸ ਕਰਕੇ ਉਸ ਨੇ ਕਰੀਬ 40 ਮਹੀਨੇ ਪਹਿਲਾਂ ਆਪਣਾ ਢਾਬਾ ਬੰਦ ਕਰਵਾ ਦਿੱਤਾ ਸੀ। ਇਸ ਕਾਰਨ ਉਹ ਬੇਰੁਜ਼ਗਾਰ ਹੋ ਗਿਆ। ਬਿਨਾਂ ਵਜ੍ਹਾ ਪ੍ਰੇਸ਼ਾਨ ਹੋਣ ਤੋਂ ਤੰਗ ਆ ਕੇ ਉਸ ਨੇ ਕਿਹਾ ਸੀ ਕਿ ਖੁਦਕੁਸ਼ੀ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ।