ਪੰਜਾਬ ਦੇ ਅੰਗ-ਸੰਗ: ਸਾਂਝੇ ਪੰਜਾਬ ਦਾ ਲੋਕ-ਨਾਚ ਲੁੱਡੀ
ਲੁੱਡੀ ਨਾਚ ਕੁਝ ਕੁ ਸੰਮੀ ਨਾਲ ਮੇਲ ਖਾਂਦਾ ਹੈ। ਜਦ ਢੋਲੀ ਢੋਲ ਉੱਪਰ ਡਗਾ ਮਾਰਦਾ ਹੈ ਤਾਂ ਉਸ ਦੇ ਤਾਲ ਨਾਲ ਨੱਚਣ ਵਾਲੇ ਛਾਤੀ ਅੱਗੇ ਤਾਲੀ ਮਾਰਦੇ ਹਨ, ਮੋਢੇ ਹਿਲਾਉਂਦੇ ਹਨ ਅਤੇ ਅੱਖਾਂ ਮਟਕਾਉਂਦੇ ਹਨ।
ਲੁੱਡੀ: ‘ਲੁੱਡੀ ਪਾਉਣਾ ਦਾ ਭਾਵ ਹੈ ਖੁਸ਼ੀ ਦਾ ਪ੍ਰਗਟਾਵਾ ਕਰਨਾ। ਲੁੱਡੀ ਲੋਕ ਨਾਚ ਕਿਸੇ ਜੰਗ ਜਾਂ ਮੁਕੱਦਮਾ ਜਿੱਤਣ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਨ ਤੋਂ ਪ੍ਰਚੱਲਿਤ ਹੋਇਆ। ਜਿਵੇਂ ਮਾਲਵੇ ਵਿੱਚ ਔਰਤਾਂ ਦੇ ਗਿੱਧੇ ਪਿੱਛੋਂ ਮਰਦਾਂ ਦੇ ਗਿੱਧੇ ਦਾ ਰਿਵਾਜ਼ ਪੈ ਗਿਆ ਸੀ ਇਸੇ ਤਰ੍ਹਾਂ ਵਿਆਹ ਦੀਆਂ ਰਸਮਾਂ ਜਿਵੇਂ ਖਾਰੇ ਚੜ੍ਹਨਾ, ਘੋੜੀ ਚੜ੍ਹਨਾ ਅਤੇ ਡੋਲੀ ਆਦਿ ਦੀ ਵਿਦਾਇਗੀ ਮੌਕੇ ਔਰਤਾਂ ਨੇ ਵੀ ਲੁੱਡੀ ਪਾਉਣੀ ਸ਼ੁਰੂ ਕਰ ਦਿੱਤੀ। ਪਰ ਇਹ ਵਧੇਰੇ ਕਰਕੇ ਪਾਕਿਸਤਾਨੀ ਪੰਜਾਬ ਤੱਕ ਹੀ ਸੀਮਿਤ ਰਿਹਾ।
ਲੁੱਡੀ ਨਾਚ ਕੁਝ ਕੁ ਸੰਮੀ ਨਾਲ ਮੇਲ ਖਾਂਦਾ ਹੈ। ਜਦ ਢੋਲੀ ਢੋਲ ਉੱਪਰ ਡਗਾ ਮਾਰਦਾ ਹੈ ਤਾਂ ਉਸ ਦੇ ਤਾਲ ਨਾਲ ਨੱਚਣ ਵਾਲੇ ਛਾਤੀ ਅੱਗੇ ਤਾਲੀ ਮਾਰਦੇ ਹਨ, ਮੋਢੇ ਹਿਲਾਉਂਦੇ ਹਨ ਅਤੇ ਅੱਖਾਂ ਮਟਕਾਉਂਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਢੋਲ ਦੀ ਲੈਅ ਅਨੁਸਾਰ ਲੁੱਡੀ ਦੇ ਨਚਾਰ ਫੁੰਮਣੀਆਂ ਪਾਉਂਦੇ ਹਨ। ਇਸ ਨਾਚ ਵਿੱਚ ਨੱਚਣ ਵਾਲਿਆਂ ਦੀ ਗਿਣਤੀ ਨਿਸ਼ਚਿਤ ਨਹੀਂ। ਢੋਲੀ ਦੇ ਨਾਲ-ਨਾਲ ਉਹ ਅੱਗੇ ਵਧੀ ਜਾਂਦੇ ਹਨ ਅਤੇ ਮੁਦਰਾਵਾਂ ਰਾਹੀਂ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ।
ਲਹਿੰਦੇ ਪੰਜਾਬ (ਪਾਕਿਸਤਾਨ) 'ਚ ਸਾਂਦਲ ਬਾਰ ਦੇ ਇਲਾਕੇ ਵਿੱਚ ਜਾਂਗਲੀ ਲੋਕ ਝੂੰਮਰ ਦੇ ਨਾਲ-ਨਾਲ ਲੁੱਡੀ ਵੀ ਪਾਉਂਦੇ ਹਨ। ਮਰਦ ਤੇ ਤੀਵੀਆਂ ਵੱਖਰੇ-ਵੱਖਰੇ ਤੌਰ 'ਤੇ ਹੀ ਲੁੱਡੀ ਪਾਉਂਦੇ ਹਨ। ਸਿਆਲਕੋਟ ਅਤੇ ਗੁਜਰਾਂਵਾਲੇ ਦੇ ਇਲਾਕੇ ਵਿੱਚ ਲੁੱਡੀ ਭੰਗੜੇ ਦੇ ਨਾਲ-ਨਾਲ ਪਾਈ ਜਾਂਦੀ ਸੀ। ਭੰਗੜਾ ਨਾਚ ਲੁੱਡੀ ਦੇ ਤਾਲ ਨਾਲ ਹੀ ਸ਼ੁਰੂ ਕੀਤਾ ਜਾਂਦਾ ਹੈ। ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਪਸਰੂਰ ਦੇ ਇਕ ਪਿੰਡ ‘ਕੋਰੇ ਕੇ’ ਵਿੱਚ ਗਫੂਰ ਸ਼ਾਹ ਦਾ ਬਹੁਤ ਭਾਰੀ ਮੇਲਾ ਲੱਗਦਾ ਹੈ। ਇਸ ਮੇਲੇ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਦੇ ਭੰਗੜੇ ਅਤੇ ਲੁੱਡੀ ਦੇ ਮੁਕਾਬਲੇ ਹੋਇਆ ਕਰਦੇ ਸਨ।
ਢੋਲੀ ਆਪਣੇ ਢੋਲ ਤੇ ਡੱਗਾ ਮਾਰਦਾ ਹੈ ਤੇ ਲੁੱਡੀ ਦਾ ਤਾਲ ਵਜਾਉਂਦਾ ਹੈ। ਢੋਲ ਦੀ ਆਵਾਜ਼ ਨਾਲ ਖਚੀਂਦੇ ਗੱਭਰੂ ਢੋਲੀ ਦੇ ਆਲੇ-ਦੁਆਲੇ ਗੋਲ ਦਾਇਰੇ ਵਿੱਚ ਘੇਰਾ ਘੱਤ ਲੈਂਦੇ ਹਨ। ਉਹ ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ, ਲੱਕ ਲਚਕਾਉਂਦੇ ਅਤੇ ਛਾਤੀ ਅੱਗੇ ਤਾੜੀ ਮਾਰਦੇ ਹੋਏ ਚੱਕਰ ਅੰਦਰ ਤਾਲ ਵਿੱਚ ਹੌਲੀ-ਹੌਲੀ ਮਸਤ ਚਾਲੇ ਤੁਰਦੇ ਹਨ, ਫੇਰ ਢੋਲੀ ਇਸ਼ਾਰਾ ਕਰਕੇ ਤਾਲ ਬਦਲਦਾ ਹੈ ਤੇ ਤਿੰਨ ਤਾੜੀਆਂ ਵਜਾਈਆਂ ਜਾਂਦੀਆਂ ਹਨ। ਪਹਿਲੀ ਤਾੜੀ ਘੇਰੇ ਦੇ ਅੰਦਰਲੇ ਪਾਸੇ ਝੁਕ ਕੇ, ਦੂਜੀ ਛਾਤੀ ਅੱਗੇ ਤੇ ਤੀਜੀ ਫੇਰ ਘੇਰੇ ਦੇ ਬਾਹਰਲੇ ਪਾਸੇ ਝੁਕ ਕੇ ਮਾਰੀ ਜਾਂਦੀ ਹੈ। ਨਾਲ-ਨਾਲ ਤਾਲ ਤੇਜ਼ ਹੋਈ ਜਾਂਦੀ ਹੈ। ਇਸ ਮਗਰੋਂ ਢੋਲੀ ਫੇਰ ਤਾਲ ਬਦਲਦਾ ਹੈ ਤੇ ਉਸ ਦੇ ਇਸ਼ਾਰੇ ਨਾਲ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਕੁੱਦਿਆ ਜਾਂਦਾ ਹੈ, ਫੇਰ ਖੱਬੀ ਬਾਂਹ ਤੇ ਖੱਬੀ ਲੱਤ ਚੁੱਕ ਕੇ ਸੱਜੇ ਪੈਰ ਨਾਲ ਕੁੱਦਦੇ ਹਨ ਤੇ ਨਾਲ ਹੀ ਬੱਲੇ ਬੱਲੇ, ਬੱਲੇ ਸ਼ੇਰਾ, ਉਏ ਉਏ, ਬੱਗਿਆ ਸ਼ੇਰਾ ਜੋਸ਼ ਵਿੱਚ ਬੋਲਦੇ ਹਨ।
ਲਚਕ ਅਤੇ ਮਸਤੀ ਭਰਪੂਰ ਅਦਾਵਾਂ ਵਾਲਾ ਸਰਲ-ਸਹਿਜ ਹੋਣ ਕਰਕੇ ਇਸ ਨੂੰ ਇਸਤਰੀ-ਨਾਚ ਵੀ ਸਮਝ ਲਿਆ ਜਾਂਦਾ ਹੈ। ਮੂਲ ਰੂਪ ਵਿੱਚ ਇਹ ਨਾਚ ਜਿੱਤ ਜਾਂ ਖੁਸ਼ੀ ਦਾ ਨਾਚ ਹੈ। ਇਸ ਲਈ ਵੀ ਢੋਲ ਦੇ ਤਾਲ ਦੀ ਆਵਸ਼ਕਤਾ ਮੰਨੀ ਜਾਂਦੀ ਹੈ। ਇਸ ਦੀਆਂ ਤਾਲਾਂ ਸਧਾਰਨ ਹੁੰਦੀਆਂ ਹਨ ਜਿਨ੍ਹਾਂ ਨਾਲ ਨਚਾਰ ਜਿਵੇਂ ਮਰਜ਼ੀ ਨਾਚ-ਮੁਦਰਾਵਾਂ ਪ੍ਰਗਟਾ ਸਕਦਾ ਹੈ।
ਆਧੁਨਿਕ ਦੌਰ 'ਚ ਲੋਕ ਨਾਚ ਲੁੱਡੀ ਦਾ ਝਲਕਾਰਾ ਆਮ ਤੌਰ ਤੇ ਨਹੀਂ ਪੈਂਦਾ। ਭੰਗੜੇ ਦੀਆਂ ਹੀ ਇੱਕ ਦੋਂ ਚਾਲਾਂ ਵਿੱਚ ਸਿਮਟ ਕੇ ਰਹਿ ਗਈ ਲੁੱਡੀ ਵੇਖਣ ਨੂੰ ਮਿਲਦੀ ਹੈ। ਪਰ ਅਸਲ ਤੌਰ 'ਤੇ ਲੁੱਡੀ ਦਾ ਮੁਹਾਂਦਰਾ ਲੁਪਤ ਹੋ ਰਿਹਾ ਹੈ।