“ਖੋਖਲੇ ਨਾਅਰੇ” ਨਹੀਂ ਤੋੜ ਸਕਦੇ ਸੰਕਲਪ, ਕਿਸਾਨਾਂ ਦੇ ਧਰਨੇ 'ਤੇ ਬੋਲੇ ਸੀਐੱਮ ਭਗਵੰਤ ਮਾਨ
ਚੰਡੀਗੜ੍ਹ: ਪੰਜਾਬ ਦੇ ਕਿਸਾਨ ਕਣਕ ਦੀ ਖਰੀਦ 'ਤੇ ਬੋਨਸ ਅਤੇ 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਸੂਬੇ ਦੀ ਰਾਜਧਾਨੀ ਜਾਣ ਤੋਂ ਰੋਕੇ ਜਾਣ ਤੋਂ ਬਾਅਦ ..
ਚੰਡੀਗੜ੍ਹ: ਪੰਜਾਬ ਦੇ ਕਿਸਾਨ ਕਣਕ ਦੀ ਖਰੀਦ 'ਤੇ ਬੋਨਸ ਅਤੇ 10 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰਨ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਸੂਬੇ ਦੀ ਰਾਜਧਾਨੀ ਜਾਣ ਤੋਂ ਰੋਕੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਚੰਡੀਗੜ੍ਹ-ਮੋਹਾਲੀ ਸਰਹੱਦ ਨੇੜੇ ਧਰਨੇ 'ਤੇ ਬੈਠ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਧਰਨੇ ਨੂੰ “ਅਣਉਚਿਤ ਅਤੇ ਅਣਇੱਛਤ” ਕਰਾਰ ਦਿੰਦਿਆਂ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਉਹ ਨਾਅਰੇਬਾਜ਼ੀ ਬੰਦ ਕਰਨ ਅਤੇ ਪੰਜਾਬ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਸੂਬਾ ਸਰਕਾਰ ਦਾ ਸਹਿਯੋਗ ਕਰਨ। ਮਾਨ ਨੇ ਕਿਹਾ ਕਿ ਕਿਸਾਨਾਂ ਲਈ ਗੱਲਬਾਤ ਦੇ ਦਰਵਾਜ਼ੇ ਖੁੱਲ੍ਹੇ ਹਨ, ਪਰ “ਖੋਖਲੇ ਨਾਅਰੇ” ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਦੇ ਉਨ੍ਹਾਂ ਦੇ ਇਰਾਦੇ ਨੂੰ ਤੋੜ ਨਹੀਂ ਸਕਦੇ। ਉਹਨਾਂ ਨੇ ਕਿਹਾ ਕਿ ਉਹ ਇੱਕ ਕਿਸਾਨ ਦਾ ਪੁੱਤਰ ਹੈ ਅਤੇ ਫਸਲ ਉਤਪਾਦਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ।
ਇਸ ਤੋਂ ਪਹਿਲਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੁੱਖ ਮੰਤਰੀ ਨੇ ਬੁੱਧਵਾਰ ਤੱਕ ਪ੍ਰਦਰਸ਼ਨਕਾਰੀਆਂ ਨਾਲ ਮੀਟਿੰਗ ਨਾ ਕੀਤੀ ਤਾਂ ਉਹ ਚੰਡੀਗੜ੍ਹ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ।
ਇੱਕ ਕਿਸਾਨ ਆਗੂ ਨੇ ਕਿਹਾ ਕਿ ਉਹ ਸੂਬਾ ਸਰਕਾਰ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ ਪਰ ਜੇਕਰ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਉਹ ਅੜਿੱਕੇ ਤੋੜ ਕੇ ਚੰਡੀਗੜ੍ਹ ਵੱਲ ਕੂਚ ਕਰਨਗੇ। ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਈ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਦਿੱਤੇ ਧਰਨੇ ਦੇ ਮੱਦੇਨਜ਼ਰ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਵੱਡੀ ਗਿਣਤੀ ਵਿੱਚ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ।
ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਚੰਡੀਗੜ੍ਹ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਮੁਹਾਲੀ ਪੁਲੀਸ ਨੇ ਬੈਰੀਕੇਡਾਂ ਸਮੇਤ ਜਲ ਤੋਪਾਂ ਛੱਡਣ ਲਈ ਵਾਹਨ ਤਾਇਨਾਤ ਕੀਤੇ ਹਨ। ਚੰਡੀਗੜ੍ਹ ਪੁਲੀਸ ਨੇ ਵੀ ਅਜਿਹੇ ਹੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਕੇਂਦਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਇੱਕ ਸਾਲ ਤੋਂ ਚੱਲ ਰਹੇ ਅੰਦੋਲਨ ਦੀ ਤਰਜ਼ ’ਤੇ ਕਈ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਦੇਣ ਦਾ ਸੱਦਾ ਦਿੱਤਾ ਹੈ।
ਇਹ ਹਨ ਕਿਸਾਨਾਂ ਦੀਆਂ ਮੰਗਾਂ
1. ਕਣਕ ਦੇ ਘੱਟ ਝਾੜ 'ਤੇ 500 ਰੁ. ਬੋਨਸ ਦੀ ਮੰਗ।
2 .ਚਿੱਪ ਮੀਟਰ ਲਗਾਉਣ ਦਾ ਫੈਸਲਾ ਰੱਦ ਕੀਤਾ ਜਾਵੇ।
3. ਮੱਕੀ ਅਤੇ ਮੂੰਗੀ 'ਤੇ MSP ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ।
4. ਬਾਸਮਤੀ 'ਤੇ 4500 ਰੁ. Msp ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
5. ਬੀਬੀਐਮਬੀ ਵਿੱਚ ਪੰਜਾਬ ਦੀ ਨੁਮਾਇੰਦਗੀ ਬਹਾਲ ਕੀਤੀ ਜਾਵੇ।
6. ਕੇਂਦਰੀ ਪੁਲ ਤੋਂ ਬਿਜਲੀ ਪਹਿਲਾਂ ਵਾਂਗ ਬਹਾਲ ਕੀਤੀ ਜਾਵੇ।
7. ਸਰਕਾਰ 10 ਜੂਨ ਤੋਂ ਖੇਤੀ ਲਈ ਬਿਜਲੀ ਅਤੇ ਨਹਿਰੀ ਪਾਣੀ ਮੁਹੱਈਆ ਕਰੇ।
8. ਖੇਤੀ ਮੋਟਰ ਦੇ ਲੋਡ ਦੀ ਫੀਸ 4800 ਤੋਂ ਘਟਾ ਕੇ 1200 ਕੀਤੀ ਜਾਵੇ।
9. ਗੰਨੇ ਦੀ ਫਸਲ ਦੇ 9 ਬਕਾਏ 35 ਰੁਪਏ ਦੇ ਵਾਧੇ ਨਾਲ ਤੁਰੰਤ ਜਾਰੀ ਕੀਤੇ ਜਾਣ
10. ਕਰਜ਼ਿਆਂ ਕਾਰਨ ਕਿਸਾਨਾਂ 'ਤੇ ਵਾਰੰਟ ਅਤੇ ਕੁਰਕੀ ਬੰਦ ਕੀਤੀ ਜਾਵੇ, ਬੈਂਕ ਵੱਲੋਂ ਚੱਲ ਰਹੇ 22000 ਰੁਪਏ ਤੁਰੰਤ ਵਾਪਸ ਕੀਤੇ ਜਾਣ।
'...ਫਿਰ ਕਿਸਾਨ ਚੰਡੀਗੜ੍ਹ ਵੱਲ ਵਧਣਗੇ'
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ, ‘‘ਇਸ ਧਰਨੇ ਨੂੰ ਅਸੀਂ ਜਿੱਤਾਂਗੇ।’’ ਇਕ ਹੋਰ ਕਿਸਾਨ ਆਗੂ ਨੇ ਕਿਹਾ ਕਿ ਉਹ ਸੂਬਾ ਸਰਕਾਰ ਨਾਲ ਕੋਈ ਟਕਰਾਅ ਨਹੀਂ ਚਾਹੁੰਦੇ ਪਰ ਜੇਕਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਉਹ ਬੁੱਧਵਾਰ ਨੂੰ ਬੈਰੀਕੇਡਿੰਗ ਤੋੜ ਕੇ ਚੰਡੀਗੜ੍ਹ ਵੱਲ ਵਧਣਗੇ।
ਮੁਹਾਲੀ ਪੁਲੀਸ ਵੱਲੋਂ ਰੋਕੇ ਜਾਣ ’ਤੇ ਮੁਹਾਲੀ ਵਿੱਚ ਕਿਸਾਨਾਂ ਨੇ ਆਪਣੇ ਵਾਹਨ ਸੜਕ ਦੇ ਵਿਚਕਾਰ ਖੜ੍ਹੇ ਕਰਕੇ ਉਥੇ ਹੀ ਜਾਮ ਲਾ ਦਿੱਤਾ। ਕਈਆਂ ਨੇ ਉੱਥੇ ਚਾਹ ਬਣਾਉਣੀ ਵੀ ਸ਼ੁਰੂ ਕਰ ਦਿੱਤੀ। ਪੁਲੀਸ ਨੂੰ ਵਾਈਪੀਐਸ ਚੌਕ ਨੇੜੇ ਚੰਡੀਗੜ੍ਹ-ਮੁਹਾਲੀ ਸੜਕ ’ਤੇ ਆਵਾਜਾਈ ਨੂੰ ਬਦਲਵੇਂ ਰਸਤਿਆਂ ਵੱਲ ਮੋੜਨਾ ਪਿਆ। ‘ਆਪ’ ਦੀ ਪੰਜਾਬ ਇਕਾਈ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰੇਗੀ।