Punjab Weather Today: ਪੰਜਾਬ 'ਚ ਤਿੰਨ ਦਿਨਾਂ 'ਚ 5 ਡਿਗਰੀ ਤੱਕ ਘਟੇਗਾ ਤਾਪਮਾਨ, ਪ੍ਰਦੂਸ਼ਣ ਵਿੱਚ ਸੁਧਾਰ; ਸਭ ਤੋਂ ਵੱਧ ਪਰਾਲੀ ਸੰਗਰੂਰ 'ਚ ਸਾੜੀ ਗਈ
ਜਿੱਥੇ ਇੱਕ ਪਾਸੇ ਠੰਡ ਵੱਧ ਰਹੀ ਹੈ, ਉੱਧਰ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵੀ ਘੱਟਣ ਦੀ ਥਾਂ ਵੱਧ ਰਹੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ 'ਚ ਤੇਜ਼ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ 5 ਦਿਨਾਂ ਵਿੱਚ ਸਭ ਤੋਂ ਵੱਧ..

ਪੰਜਾਬ ਦੇ ਵਿੱਚ 4 ਨਵੰਬਰ ਨੂੰ ਮੀਂਹ ਪੈਣ ਕਰਕੇ ਪਾਰਾ ਹੇਠਾਂ ਆ ਗਿਆ ਹੈ ਅਤੇ ਦੂਜੇ ਪਾਸੇ ਪਹਾੜਾਂ ਦੇ ਵਿੱਚ ਵੀ ਬਰਫਬਾਰੀ ਹੋ ਰਹੀ ਹੈ। ਪੰਜਾਬ ‘ਚ ਵੈਸਟਰਨ ਡਿਸਟਰਬੈਂਸ ਦਾ ਅਸਰ ਖ਼ਤਮ ਹੋਣ ਤੋਂ ਬਾਅਦ ਹੁਣ ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਅਗਲੇ ਤਿੰਨ ਦਿਨਾਂ ਵਿੱਚ ਤਾਪਮਾਨ 3 ਤੋਂ 5 ਡਿਗਰੀ ਤੱਕ ਘੱਟਣ ਦੀ ਸੰਭਾਵਨਾ ਹੈ, ਜਦਕਿ ਇਸ ਤੋਂ ਬਾਅਦ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਇਸ ਦੇ ਨਾਲ, ਪਿਛਲੇ ਦਿਨਾਂ ਹੋਈ ਬਰਸਾਤ ਕਾਰਨ ਪ੍ਰਦੂਸ਼ਣ ਵਿੱਚ ਸੁਧਾਰ ਆਇਆ ਹੈ, ਹਾਲਾਂਕਿ ਨਵੰਬਰ ਦੇ ਪਹਿਲੇ ਪੰਜ ਦਿਨਾਂ ਵਿੱਚ ਲਗਭਗ 1300 ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।
ਹੁਣ ਤੱਕ ਪੰਜਾਬ 'ਚ ਪਰਾਲੀ ਸਾੜ ਦੇ ਇੰਨੇ ਮਾਮਲੇ ਸਾਹਮਣੇ ਆ ਚੁੱਕੇ ਹਨ
ਕਨਸੋਰਟੀਅਮ ਫਾਰ ਰਿਸਰਚ ਆਨ ਐਗਰੋ-ਇਕੋਸਿਸਟਮ ਮਾਨੀਟਰਿੰਗ ਐਂਡ ਮੋਡਲਿੰਗ ਫਰੌਮ ਸਪੇਸ ਮੁਤਾਬਕ, ਪਿਛਲੇ 5 ਦਿਨਾਂ ਵਿੱਚ ਰਾਜ ‘ਚ 1291 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ। ਜਦਕਿ 15 ਸਤੰਬਰ ਤੋਂ 31 ਅਕਤੂਬਰ ਤੱਕ ਦੇ ਡੇਢ ਮਹੀਨੇ ਵਿੱਚ 1642 ਮਾਮਲੇ ਦਰਜ ਕੀਤੇ ਗਏ ਸਨ। ਪਿਛਲੇ ਕੁਝ ਦਿਨਾਂ ਦੌਰਾਨ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲਿਆ ਹੈ, ਹਾਲਾਂਕਿ 5 ਨਵੰਬਰ ਨੂੰ ਸਿਰਫ 94 ਮਾਮਲੇ ਹੀ ਦਰਜ ਕੀਤੇ ਗਏ। ਮੰਨਿਆ ਜਾ ਰਿਹਾ ਹੈ ਕਿ ਇਹ ਕਮੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਕਰਕੇ ਆਈ ਹੈ।
ਇਨ੍ਹਾਂ ਅੰਕੜਿਆਂ ਅਨੁਸਾਰ ਪਿਛਲੇ 5 ਦਿਨਾਂ ਵਿੱਚ ਸਭ ਤੋਂ ਵੱਧ ਪਰਾਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖੁਦ ਦੇ ਗੜ੍ਹ ਸੰਗਰੂਰ ਵਿੱਚ ਸਾੜੀ ਗਈ। ਇੱਥੇ 5 ਦਿਨਾਂ ਵਿੱਚ 245 ਮਾਮਲੇ ਦਰਜ ਕੀਤੇ ਗਏ। ਜਦਕਿ ਤਰਨਤਾਰਨ ਵਿੱਚ 135, ਫਿਰੋਜ਼ਪੁਰ ਵਿੱਚ 130, ਬਠਿੰਡਾ ਵਿੱਚ 109, ਮਨਸਾ ਅਤੇ ਮੋਗਾ ਵਿੱਚ 87-87, ਮੁਕਤਸਰ ਵਿੱਚ 73, ਪਟਿਆਲਾ ਵਿੱਚ 71, ਲੁਧਿਆਣਾ ਵਿੱਚ 58, ਅਤੇ ਅੰਮ੍ਰਿਤਸਰ ਵਿੱਚ 57 ਮਾਮਲੇ ਸਾਹਮਣੇ ਆਏ ਹਨ।
5 ਨਵੰਬਰ ਰਾਤ 11 ਵਜੇ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਦੇ ਅੰਕੜੇ ਸਾਹਮਣੇ ਆਏ ਹਨ। ਇਨ੍ਹਾਂ ਅਨੁਸਾਰ, ਅੰਮ੍ਰਿਤਸਰ ਦਾ AQI 152 ਰਿਹਾ, ਜਿਸ ਦੀ ਵੱਧ ਤੋਂ ਵੱਧ ਪੱਧਰ 210 ਦਰਜ ਕੀਤੀ ਗਈ। ਬਠਿੰਡਾ ਵਿੱਚ AQI 103 ਰਿਹਾ, ਜੋ 24 ਘੰਟਿਆਂ ਦੌਰਾਨ ਵੱਧ ਕੇ 323 ਤੱਕ ਪਹੁੰਚ ਗਿਆ। ਜਲੰਧਰ ਵਿੱਚ ਇਹ ਅੰਕੜਾ 169 ਰਿਹਾ ਅਤੇ ਵੱਧ ਤੋਂ ਵੱਧ 277 ਤੱਕ ਗਿਆ। ਖੰਨਾ ਦਾ AQI 84 ਰਿਹਾ, ਜੋ ਵੱਧ ਕੇ 245 ਤੱਕ ਗਿਆ। ਲੁਧਿਆਣਾ ਵਿੱਚ AQI 143 ਰਿਹਾ ਅਤੇ ਸਭ ਤੋਂ ਵੱਧ 210 ਦਰਜ ਕੀਤਾ ਗਿਆ। ਮੰਡੀ ਗੋਬਿੰਦਗੜ੍ਹ ਦਾ AQI 89 ਰਿਹਾ, ਜੋ ਵੱਧ ਕੇ 205 ਤੱਕ ਗਿਆ, ਜਦਕਿ ਪਟਿਆਲਾ ਵਿੱਚ ਇਹ ਅੰਕੜਾ 98 ਰਿਹਾ ਅਤੇ ਵੱਧ ਤੋਂ ਵੱਧ 137 ਤੱਕ ਪਹੁੰਚਿਆ।
ਇਹ ਅੰਕੜੇ ਦਰਸਾਉਂਦੇ ਹਨ ਕਿ ਹਾਲਾਂਕਿ ਕੁਝ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਆਇਆ ਹੈ, ਪਰ ਕਈ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਹਾਲੇ ਵੀ ਮਧੱਮ ਤੋਂ ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਜਾ ਰਿਹਾ ਹੈ।
ਪਿਛਲੇ 24 ਘੰਟਿਆਂ 'ਚ 1.6 ਡਿਗਰੀ ਤਾਪਮਾਨ ਘਟਿਆ
ਪੰਜਾਬ 'ਚ ਬੀਤੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 1.6 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਤਾਪਮਾਨ ਮਾਨਸਾ 'ਚ 31.5 ਡਿਗਰੀ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 26.4 ਡਿਗਰੀ, ਲੁਧਿਆਣਾ 'ਚ 31.2 ਡਿਗਰੀ, ਪਟਿਆਲਾ 'ਚ 29.5 ਡਿਗਰੀ, ਬਠਿੰਡਾ 'ਚ 30.5 ਡਿਗਰੀ, ਫਰੀਦਕੋਟ 'ਚ 27.5 ਡਿਗਰੀ ਅਤੇ ਗੁਰਦਾਸਪੁਰ 'ਚ 27 ਡਿਗਰੀ ਤਾਪਮਾਨ ਦਰਜ ਹੋਇਆ ਹੈ।
ਆਉਣ ਵਾਲੇ ਦਿਨਾਂ 'ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਮੀਂਹ ਦਾ ਕੋਈ ਅਨੁਮਾਨ ਨਹੀਂ ਹੈ। ਹਾਲਾਂਕਿ ਅਗਲੇ ਤਿੰਨ ਦਿਨਾਂ ਤੱਕ ਤਾਪਮਾਨ 'ਚ 3 ਤੋਂ 5 ਡਿਗਰੀ ਤੱਕ ਦੀ ਕਮੀ ਹੋ ਸਕਦੀ ਹੈ।






















