ਲੱਖਾਂ ਸਿੱਖ ਸ਼ਰਧਾਲੂਆਂ ਨੂੰ ਉਡੀਕ, ਕਦੋਂ ਮੁੜ ਖੁੱਲ੍ਹੇਗਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ?
ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲ ਬੰਦ ਹੋਇਆ ਇਹ ਪਵਿੱਤਰ ਲਾਂਘਾ ਹਾਲੇ ਤੱਕ ਨਹੀਂ ਖੁੱਲ੍ਹਿਆ। ਸਿੱਖਾਂ ਨੇ ਇਸ ਸਬੰਧੀ ਭਾਰਤ ਸਰਕਾਰ ਨੂੰ ਕਈ ਵਾਰ ਅਪੀਲਾਂ ਵੀ ਕੀਤੀਆਂ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਭਾਰਤ ਦੇ ਸਿੱਖ ਸ਼ਰਧਾਲੂ (Sikh Pilgrims) ਹੁਣ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ (Sri Kartarpur Sahib corridor) ਦੁਬਾਰਾ ਖੁੱਲ੍ਹਣ ਦੀ ਉਡੀਕ ਬਹੁਤ ਸ਼ਿੱਦਤ ਨਾਲ ਕਰ ਰਹੇ ਹਨ। ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ (Sri Guru Nanak Dev Ji) ਨੇ ਆਪਣੇ ਅੰਤਲੇ 18 ਵਰ੍ਹੇ ਬਿਤਾਏ ਸਨ। ਇੱਥੇ ਉਨ੍ਹਾਂ ਹੱਥੀਂ ਕਿਰਤ ਕਰਦਿਆਂ ਖੇਤੀਬਾੜੀ ਵੀ ਕੀਤੀ ਸੀ। ਇਸੇ ਲਈ ਸਿੱਖਾਂ ਲਈ ਕਰਤਾਰਪੁਰ ਸਾਹਿਬ (Sri kartarpur Sahib) ਇੱਕ ਵੱਡਾ ਤੀਰਥ ਅਸਥਾਨ ਹੈ। 9 ਨਵੰਬਰ, 2019 ਤੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਦਿੱਤਾ ਗਿਆ ਸੀ ਤੇ ਭਾਰਤ ਤੋਂ ਸਿੱਖ ਸ਼ਰਧਾਲੂਆਂ ਨੂੰ ਉੱਥੇ ਵੀਜ਼ਾ ਫ਼੍ਰੀ ਦਾਖ਼ਲਾ ਮਿਲ ਗਿਆ ਸੀ।
ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲ ਬੰਦ ਹੋਇਆ ਇਹ ਪਵਿੱਤਰ ਲਾਂਘਾ ਹਾਲੇ ਤੱਕ ਨਹੀਂ ਖੁੱਲ੍ਹਿਆ। ਸਿੱਖਾਂ ਨੇ ਇਸ ਸਬੰਧੀ ਭਾਰਤ ਸਰਕਾਰ ਨੂੰ ਕਈ ਵਾਰ ਅਪੀਲਾਂ ਵੀ ਕੀਤੀਆਂ ਹਨ। ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਸਥਿਤ ਹੈ। ਇਹ ਜਗ੍ਹਾ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਹੈ।
ਇਹ ਲਾਂਘਾ ਸਿਰਫ਼ ਚਾਰ ਮਹੀਨੇ ਖੁੱਲ੍ਹਾ ਰਹਿ ਸਕਿਆ ਹੈ ਤੇ ਉਸ ਤੋਂ ਬਾਅਦ ਕੋਵਿਡ ਕਾਰਨ ਤਦ ਤੋਂ ਹੀ ਬੰਦ ਪਿਆ ਹੈ। ਹੁਣ ਤੱਕ ਸਿਰਫ਼ 59,000 ਸ਼ਰਧਾਲੂਆਂ ਨੇ ਇਸ ਲਾਂਘੇ ਰਾਹੀਂ ਇਸ ਪਵਿੱਤਰ ਧਾਰਮਿਕ ਅਸਥਾਨ ਦੇ ਦਰਸ਼ਨ ਕੀਤੇ ਹਨ। ਹੁਣ ਲੱਖਾਂ ਸ਼ਰਧਾਲੂ ਇਹ ਲਾਂਘਾ ਮੁੜ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਪਾਕਿਸਤਾਨ ਸਰਕਾਰ ਨੇ ਬੀਤੇ ਵਰ੍ਹੇ 27 ਜੂਨ ਨੂੰ ਕੋਵਿਡ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਇਹ ਲਾਂਘਾ ਦੋਬਾਰਾ ਖੋਲ੍ਹਣ ਦੀ ਇੱਛਾ ਜ਼ਾਹਿਰ ਕੀਤੀ ਸੀ। ਫਿਰ ਪਾਕਿ ਸਰਕਾਰ ਨੇ 3 ਅਕਤੂਬਰ ਨੂੰ ਦੁਬਾਰਾ ਅਜਿਹੀ ਖ਼ਾਹਿਸ਼ ਪ੍ਰਗਟਾਈ ਸੀ ਪਰ ਭਾਰਤ ਸਰਕਾਰ ਨੇ ਅੱਗਿਓਂ ਕੋਈ ਹੁੰਗਾਰਾ ਹੀ ਨਹੀਂ ਦਿੱਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Giani Harpreet Singh) ਵੀ ਆਪਣਾ ਗਿਲਾ ਪ੍ਰਗਟਾਉਂਦਿਆਂ ਆਖ ਚੁੱਕੇ ਹਨ ਕਿ ਸਰਕਾਰ ਕੋਵਿਡ ਮਹਾਮਾਰੀ ਦੇ ਪੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਬੰਦ ਰੱਖਣਾ ਚਾਹੁੰਦੀ ਹੈ। ਪੰਜਾਬ ਦੇ ਕੈਬਿਨੇਟ ਮੰਤਰੀ ਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕੇਂਦਰ ਸਰਕਾਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ: JEE Main 2021: ਜੇਈਈ ਮੇਨ ਮਾਰਚ ਸੈਸ਼ਨ ਦੀ ਪ੍ਰੀਖਿਆ ਅੱਜ ਤੋਂ, ਪੜ੍ਹੋ ਦਿਸ਼ਾ ਨਿਰਦੇਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904