ਵਿਸ਼ਵ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ BCCI 'ਤੇ ਗੰਭੀਰ ਇਲਜ਼ਾਮ, 10 ਸਾਲਾਂ ਦੀ ਫੀਸ ਬਕਾਇਆ ?
2010 'ਚ ਬੀਸੀਸੀਆਈ ਨੇ ਆਈਪੀਐਲ ਟੀਮਾਂ ਦੀ ਗਿਣਤੀ 8 ਤੋਂ ਵਧਾ ਕੇ 10 ਕਰਨ ਦਾ ਫ਼ੈਸਲਾ ਕੀਤਾ ਸੀ। ਕੋਚੀ ਨੇ ਸਾਲ 2011 ਦੇ ਸੀਜ਼ਨ ਦੀ ਨਿਲਾਮੀ 'ਚ ਹੌਜ ਨੂੰ 4 ਲੱਖ 25 ਹਜ਼ਾਰ ਰੁਪਏ 'ਚ ਖਰੀਦਿਆ ਸੀ।
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਵਿਸ਼ਵ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਵਜੋਂ ਜਾਣਿਆ ਜਾਂਦਾ ਹੈ ਪਰ ਕੋਰੋਨਾ ਵਾਇਰਸ ਕਾਰਨ ਬੀਸੀਸੀਆਈ ਨੂੰ ਭਾਰੀ ਵਿੱਤੀ ਨੁਕਸਾਨ ਹੋਇਆ ਹੈ ਤੇ ਤਨਖਾਹ ਅਦਾਇਗੀ 'ਚ ਦੇਰੀ ਵਰਗੇ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹੀ ਨਹੀਂ, ਆਸਟ੍ਰੇਲੀਆ ਦੇ ਸਾਬਕਾ ਕ੍ਰਿਕੇਟਰ ਨੇ ਬੀਸੀਸੀਆਈ 'ਤੇ ਬਹੁਤ ਗੰਭੀਰ ਦੋਸ਼ ਲਗਾਏ ਹਨ। ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਬ੍ਰੈਡ ਹੌਜ ਦਾ ਕਹਿਣਾ ਹੈ ਕਿ ਉਸ ਨੂੰ ਅਜੇ ਤਕ ਆਈਪੀਐਲ 2011 'ਚ ਕੋਚੀ ਟਸਕਰਸ ਲਈ ਖੇਡਣ ਬਦਲੇ ਪੂਰੀ ਫੀਸ ਨਹੀਂ ਮਿਲੀ।
2010 'ਚ ਬੀਸੀਸੀਆਈ ਨੇ ਆਈਪੀਐਲ ਟੀਮਾਂ ਦੀ ਗਿਣਤੀ 8 ਤੋਂ ਵਧਾ ਕੇ 10 ਕਰਨ ਦਾ ਫ਼ੈਸਲਾ ਕੀਤਾ ਸੀ। ਕੋਚੀ ਨੇ ਸਾਲ 2011 ਦੇ ਸੀਜ਼ਨ ਦੀ ਨਿਲਾਮੀ 'ਚ ਹੌਜ ਨੂੰ 4 ਲੱਖ 25 ਹਜ਼ਾਰ ਰੁਪਏ 'ਚ ਖਰੀਦਿਆ ਸੀ। ਕੋਚੀ ਦੀ ਟੀਮ ਹਾਲਾਂਕਿ ਇਕ ਸੀਜ਼ਨ ਤੋਂ ਬਾਅਦ ਹੀ ਮੁਅੱਤਲ ਕਰ ਦਿੱਤੀ ਗਈ ਸੀ।
ਦਰਅਸਲ, ਹਾਲ ਹੀ 'ਚ ਬੀਸੀਸੀਆਈ ਪਿਛਲੇ ਸਾਲ ਮਹਿਲਾ ਕ੍ਰਿਕਟ ਟੀਮ ਨੂੰ ਟੀ20 ਵਰਲਡ ਕੱਪ ਲਈ ਫੀਸਾਂ ਦਾ ਭੁਗਤਾਨ ਨਾ ਕਰਨ ਕਾਰਨ ਵਿਵਾਦਾਂ 'ਚ ਘਿਰ ਗਈ ਸੀ। ਇਸੇ ਵਿਵਾਦ 'ਤੇ ਬੋਲਦਿਆਂ ਹੌਜ ਨੇ ਬੀਸੀਸੀਆਈ 'ਤੇ ਗੰਭੀਰ ਦੋਸ਼ ਲਗਾਏ। ਹੌਜ ਨੇ ਕਿਹਾ, "10 ਸਾਲ ਪਹਿਲਾਂ ਕੋਚੀ ਟੀਮ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਆਪਣੇ ਹਿੱਸੇ ਦੀ 35 ਫ਼ੀਸਦੀ ਫੀਸ ਨਹੀਂ ਮਿਲੀ ਹੈ। ਕੀ ਬੀਸੀਸੀਆਈ ਖਿਡਾਰੀਆਂ ਦੇ ਬਕਾਏ ਰਕਮ ਬਾਰੇ ਕੁਝ ਪਤਾ ਕਰ ਸਕਦੀ ਹੈ?"
ਪਹਿਲਾਂ ਵੀ ਆ ਚੁੱਕੀ ਹੈ ਇਹ ਰਿਪੋਰਟ
ਕੋਚੀ ਟਸਕਰਸ ਦੀ ਟੀਮ ਨੂੰ 1550 ਕਰੋੜ ਰੁਪਏ 'ਚ ਖਰੀਦਿਆ ਗਿਆ ਸੀ। ਪਰ ਫਰੈਂਚਾਇਜ਼ੀ ਨੇ ਬੀਸੀਸੀਆਈ ਨੂੰ ਸਾਲ 2011 'ਚ 155.3 ਕਰੋੜ ਰੁਪਏ ਦੀ ਸਾਲਾਨਾ ਤਨਖਾਹ ਦਾ ਭੁਗਤਾਨ ਨਹੀਂ ਕੀਤਾ ਸੀ। ਇਸ ਤੋਂ ਬਾਅਦ ਬੀਸੀਸੀਆਈ ਨੇ ਕੋਚੀ ਦੀ ਟੀਮ ਨੂੰ ਟੂਰਨਾਮੈਂਟ 'ਚ ਜਾਰੀ ਨਹੀਂ ਰਹਿਣ ਦਿੱਤਾ।
ਦੱਸ ਦੇਈਏ ਕਿ ਦ੍ਰਾਵਿੜ, ਜੈਵਰਧਨੇ ਵਰਗੇ ਵੱਡੇ ਖਿਡਾਰੀ ਕੋਚੀ ਦੀ ਟੀਮ 'ਚ ਸ਼ਾਮਲ ਸਨ। ਸਾਲ 2012 ਦੀਆਂ ਰਿਪੋਰਟਾਂ ਵਿੱਚ ਵੀ ਖਿਡਾਰੀਆਂ ਨੇ ਆਪਣੇ ਹਿੱਸੇ ਦੀ 40 ਫ਼ੀਸਦੀ ਫੀਸ ਨਾ ਮਿਲਣ ਦਾ ਦਾਅਵਾ ਕੀਤਾ ਸੀ।