Argentina vs Mexico: ਅਰਜਨਟੀਨਾ ਲਈ ਆਰ ਜਾਂ ਪਾਰ ਦੀ ਲੜਾਈ, ਜੇ ਹਾਰ ਤਾਂ ਬੰਦ ਹੋ ਜਾਣਗੇ ਰਾਉਂਡ ਆਫ 16 ਦੇ ਰਸਤੇ
ARG vs MEX: ਫੀਫਾ ਵਿਸ਼ਵ ਕੱਪ 2022 ਵਿੱਚ ਅੱਜ ਦੇਰ ਰਾਤ ਇੱਕ ਵੱਡਾ ਮੈਚ ਖੇਡਿਆ ਜਾਵੇਗਾ। ਲੁਸੇਲ ਸਟੇਡੀਅਮ 'ਚ ਅਰਜਨਟੀਨਾ ਤੇ ਮੈਕਸੀਕੋ ਆਹਮੋ-ਸਾਹਮਣੇ ਹੋਣਗੇ।
FIFA WC 2022: ਫੀਫਾ ਵਿਸ਼ਵ ਕੱਪ 2022 ਜਿੱਤਣ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਅਰਜਨਟੀਨਾ (Argentina) ਅੱਜ ਮੈਕਸੀਕੋ (Mexico) ਨਾਲ ਭਿੜੇਗਾ। ਟੂਰਨਾਮੈਂਟ 'ਚ ਬਣੇ ਰਹਿਣ ਲਈ ਮੈਸੀ ਦੀ ਟੀਮ ਨੂੰ ਇਹ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਹੋਵੇਗਾ। ਜੇ ਅਰਜਨਟੀਨਾ ਅੱਜ ਦਾ ਮੈਚ ਹਾਰ ਜਾਂਦਾ ਹੈ ਤਾਂ ਉਹ ਰਾਊਂਡ ਆਫ 16 ਦੀ ਦੌੜ ਤੋਂ ਪੂਰੀ ਤਰ੍ਹਾਂ ਬਾਹਰ ਹੋ ਜਾਵੇਗਾ। ਡਰਾਅ ਹੋਣ ਦੀ ਸੂਰਤ 'ਚ ਵੀ ਉਸ ਦਾ ਅਗਲੇ ਦੌਰ 'ਚ ਪਹੁੰਚਣਾ ਕਿਸਮਤ 'ਤੇ ਨਿਰਭਰ ਕਰੇਗਾ।
ਸਾਊਦੀ ਅਰਬ ਦੇ ਖਿਲਾਫ਼ ਸ਼ੁਰੂਆਤੀ ਮੈਚ ਹਾਰਨ ਤੋਂ ਬਾਅਦ ਅੱਜ ਦੇ ਮੈਚ 'ਚ ਅਰਜਨਟੀਨਾ 'ਤੇ ਕਾਫੀ ਦਬਾਅ ਰਹੇਗਾ। 51ਵੇਂ ਰੈਂਕ ਦੇ ਸਾਊਦੀ ਅਰਬ ਨੇ ਵਿਸ਼ਵ ਨੰਬਰ 3 ਅਰਜਨਟੀਨਾ ਨੂੰ 2-1 ਨਾਲ ਰੋਮਾਂਚਕ ਹਾਰ ਦਿੱਤੀ ਸੀ। ਇਸ ਨਤੀਜੇ ਨੇ ਗਰੁੱਪ-ਸੀ ਦੀਆਂ ਚਾਰ ਟੀਮਾਂ ਵਿਚਾਲੇ ਰਾਊਂਡ ਆਫ 16 ਤੱਕ ਪਹੁੰਚਣ ਦੀ ਦੌੜ ਨੂੰ ਦਿਲਚਸਪ ਬਣਾ ਦਿੱਤਾ ਹੈ। ਅੱਜ ਦੇ ਪੋਲੈਂਡ ਬਨਾਮ ਸਾਊਦੀ ਅਰਬ ਅਤੇ ਅਰਜਨਟੀਨਾ ਬਨਾਮ ਮੈਕਸੀਕੋ ਦੇ ਮੈਚਾਂ ਤੋਂ ਬਾਅਦ ਸਥਿਤੀ ਕੁਝ ਹੱਦ ਤੱਕ ਸਾਫ ਹੋ ਸਕਦੀ ਹੈ।
ਮੈਕਸੀਕੋ ਦੀ ਟੀਮ ਫਿਲਹਾਲ ਫੀਫਾ ਰੈਂਕਿੰਗ 'ਚ 13ਵੇਂ ਨੰਬਰ 'ਤੇ ਹੈ। ਇਹ ਟੀਮ ਵੀ ਸ਼ਾਨਦਾਰ ਲੈਅ ਵਿੱਚ ਹੈ। ਅਜਿਹੇ 'ਚ ਅਰਜਨਟੀਨਾ ਲਈ ਮੈਕਸੀਕੋ ਨਾਲ ਨਜਿੱਠਣਾ ਇੰਨਾ ਆਸਾਨ ਨਹੀਂ ਹੋਵੇਗਾ। ਹਾਲਾਂਕਿ ਅਰਜਨਟੀਨਾ ਦੀ ਟੀਮ ਹੈੱਡ ਟੂ ਹੈੱਡ ਰਿਕਾਰਡ 'ਚ ਮੈਕਸੀਕੋ 'ਤੇ ਭਾਰੀ ਰਹੀ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 35 ਮੈਚ ਹੋਏ ਹਨ, ਜਿਨ੍ਹਾਂ 'ਚ ਅਰਜਨਟੀਨਾ ਨੇ 16 ਅਤੇ ਮੈਕਸੀਕੋ ਨੇ 5 ਮੈਚ ਜਿੱਤੇ ਹਨ। ਬਾਕੀ ਮੈਚ ਡਰਾਅ ਰਹੇ। ਮੈਕਸੀਕੋ ਦੀ ਟੀਮ ਪਿਛਲੇ 10 ਮੈਚਾਂ ਵਿੱਚ ਇੱਕ ਵਾਰ ਵੀ ਅਰਜਨਟੀਨਾ ਨੂੰ ਹਰਾ ਨਹੀਂ ਸਕੀ ਹੈ। ਆਖਰੀ ਵਾਰ ਮੈਕਸੀਕੋ ਨੇ ਅਰਜਨਟੀਨਾ ਨੂੰ 2004 ਵਿੱਚ ਹਰਾਇਆ ਸੀ।
ਇਨ੍ਹਾਂ ਖਿਡਾਰੀਆਂ 'ਤੇ ਨਜ਼ਰ
ਲਿਓਨੇਲ ਮੇਸੀ ਅਰਜਨਟੀਨਾ ਦੀ ਸਭ ਤੋਂ ਵੱਡੀ ਉਮੀਦ ਹੋਣਗੇ। ਉਨ੍ਹਾਂ ਦੇ ਨਾਲ-ਨਾਲ ਨਜ਼ਰ ਏਂਜਲ ਡੀ ਮਾਰੀਆ, ਜੂਲੀਅਨ ਅਲਵਾਰੇਜ਼ ਅਤੇ ਲਾਟੂਰੋ ਮਾਰਟੀਨੇਜ਼ 'ਤੇ ਹੋਵੇਗੀ। ਡਿਫੈਂਸ ਵਿੱਚ, ਆਟੋਮੈਂਡੀ ਅਤੇ ਗੋਲਕੀਪਰ ਮਾਰਟੀਨੇਜ਼ ਮੈਕਸੀਕੋ ਦੇ ਫਾਰਵਰਡਾਂ ਲਈ ਸਭ ਤੋਂ ਵੱਡੀ ਰੁਕਾਵਟ ਸਾਬਤ ਹੋ ਸਕਦੇ ਹਨ। ਦੂਜੇ ਪਾਸੇ ਮੈਕਸੀਕੋ ਦੇ ਗੋਲਕੀਪਰ ਗੁਇਲੇਰਮੋ ਓਚਾਓ ਕੋਲ ਮੇਸੀ ਐਂਡ ਕੰਪਨੀ ਦੇ ਹਮਲਿਆਂ ਨੂੰ ਨਾਕਾਮ ਕਰਨ ਦੀ ਸਮਰੱਥਾ ਹੈ। ਫਾਰਵਰਡ ਲਾਈਨ 'ਚ ਮੈਕਸੀਕੋ ਦੀ ਸਭ ਤੋਂ ਵੱਡੀ ਉਮੀਦ ਰਾਉਲ ਜਿਮੇਨੇਜ਼ 'ਤੇ ਹੋਵੇਗੀ।