Old Car Scrapping: ਪੁਰਾਣੀ ਗੱਡੀ ਨੂੰ ਕਬਾੜ ‘ਚ ਦੇ ਕੇ ਨਵੀਂ ਕਾਰ ‘ਤੇ ਮਿਲੇਗੀ 50,000 ਦੀ ਛੋਟ, ਕੇਂਦਰ ਤੋਂ ਬਾਅਦ ਇਨ੍ਹਾਂ ਸੂਬਿਆਂ ਨੇ ਵੀ ਲਾਗੂ ਕੀਤਾ ਨਿਯਮ
ਦੇਸ਼ ਦੇ 21 ਰਾਜਾਂ ਵਿੱਚ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਦੇ ਬਦਲੇ ਨਵੇਂ ਵਾਹਨਾਂ 'ਤੇ ਰੋਡ ਟੈਕਸ ਵਿੱਚ 25 ਫੀਸਦੀ ਜਾਂ 50 ਹਜ਼ਾਰ ਰੁਪਏ ਤੱਕ ਦੀ ਛੋਟ ਦਿੱਤੀ ਜਾਵੇਗੀ।
ਦੇਸ਼ ਦੇ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਕੇਂਦਰ ਦੀ Old Car Scrapping ਨੀਤੀ ਨੂੰ ਅਪਣਾਇਆ ਹੈ। ਜੇਕਰ ਕੋਈ ਆਪਣੀ ਪੁਰਾਣੀ ਕਾਰ ਸਕਰੈਪ ਵਜੋਂ ਦਿੰਦਾ ਹੈ ਤਾਂ ਉਸ ਨੂੰ ਰਾਜ ਸਰਕਾਰ ਵੱਲੋਂ ਨਵੀਂ ਕਾਰ ‘ਤੇ ਛੋਟ ਦਿੱਤੀ ਜਾਵੇਗੀ। ਦਰਅਸਲ, ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਨੂੰ ਆਪਣੇ-ਆਪਣੇ ਰਾਜਾਂ ਵਿੱਚ ਪੁਰਾਣੇ ਅਤੇ ਅਣਫਿੱਟ ਵਾਹਨਾਂ ਦੀ ਸਕ੍ਰੈਪਿੰਗ ਨੂੰ ਲਾਜ਼ਮੀ ਬਣਾਉਣ ਲਈ ਕਿਹਾ ਹੈ। ਜਿਸ ਤੋਂ ਬਾਅਦ ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਕਰਨਾਟਕ, ਮਹਾਰਾਸ਼ਟਰ, ਗੁਜਰਾਤ, ਪੰਜਾਬ ਅਤੇ ਕੇਰਲ ਸਮੇਤ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਮੋਟਰ ਵਾਹਨ ਜਾਂ ਰੋਡ ਟੈਕਸ ਵਿੱਚ ਛੋਟ ਦਾ ਐਲਾਨ ਕੀਤਾ ਹੈ।
ਕਿਸ ਵਾਹਨ ਨੂੰ ਕਿੰਨੀ ਛੋਟ?
ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਦੇ ਬਦਲੇ ਨਵੀਂ ਕਾਰ ਖਰੀਦਣ ‘ਤੇ 25 ਫੀਸਦੀ ਤੱਕ ਦੀ ਛੋਟ ਅਤੇ ਵਪਾਰਕ ਵਾਹਨਾਂ ‘ਤੇ 15 ਫੀਸਦੀ ਤੱਕ ਦੀ ਛੋਟ ਦੇਣਗੀਆਂ। ਹੁਣ ਤੱਕ 70,000 ਦੇ ਕਰੀਬ ਪੁਰਾਣੇ ਵਾਹਨਾਂ ਨੂੰ ਆਪਣੇ ਆਪ ਨਸ਼ਟ ਕਰ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦਾ ਵੱਡਾ ਹਿੱਸਾ ਕੇਂਦਰ ਜਾਂ ਰਾਜ ਸਰਕਾਰ ਦੀਆਂ ਏਜੰਸੀਆਂ ਦਾ ਹੈ। ਦਿੱਲੀ ਇਕਮਾਤਰ ਰਾਜ/ਯੂਟੀ ਹੈ ਜਿੱਥੇ 10 ਅਤੇ 15 ਸਾਲ ਤੋਂ ਪੁਰਾਣੇ ਡੀਜ਼ਲ ਅਤੇ ਪੈਟਰੋਲ ਵਾਹਨ ਆਪਣੇ ਆਪ ਹੀ ਅਨਰਜਿਸਟਰਡ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਕ੍ਰੈਪ ਕਰਨਾ ਪੈਂਦਾ ਹੈ।
ਕਿਹੜੇ ਰਾਜਾਂ ਵਿੱਚ, ਕਿੰਨੀ ਅਤੇ ਕਿਸ ਤਰ੍ਹਾਂ ਦੀ ਛੋਟ?
ਮੀਡੀਆ ਰਿਪੋਰਟਾਂ ਅਨੁਸਾਰ 21 ਵਿੱਚੋਂ 17 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਕਿਹਾ ਹੈ ਕਿ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਦੌਰਾਨ ਵਪਾਰਕ ਜਾਂ ਟਰਾਂਸਪੋਰਟ ਵਾਹਨਾਂ ਨੂੰ 15 ਪ੍ਰਤੀਸ਼ਤ ਰੋਡ ਟੈਕਸ ਰਿਆਇਤ ਦਿੱਤੀ ਜਾਵੇਗੀ। ਨਿੱਜੀ ਵਾਹਨਾਂ ਦੇ ਮਾਮਲੇ ‘ਚ 12 ਰਾਜ ਰੋਡ ਟੈਕਸ ‘ਤੇ 25 ਫੀਸਦੀ ਛੋਟ ਦੇ ਰਹੇ ਹਨ। ਹਰਿਆਣਾ ਸਕ੍ਰੈਪ ਮੁੱਲ ਦੇ 10 ਪ੍ਰਤੀਸ਼ਤ ਜਾਂ 50 ਪ੍ਰਤੀਸ਼ਤ ਤੋਂ ਘੱਟ ਦੀ ਰਿਆਇਤ ਦੇ ਰਿਹਾ ਹੈ। ਦੂਜੇ ਪਾਸੇ, ਉੱਤਰਾਖੰਡ 25 ਫੀਸਦੀ ਜਾਂ 50,000 ਰੁਪਏ, ਜੋ ਵੀ ਘੱਟ ਹੋਵੇ, ਦੀ ਛੋਟ ਦੇ ਰਿਹਾ ਹੈ।
ਕਰਨਾਟਕ ਨਵੇਂ ਵਾਹਨ ਦੀ ਕੀਮਤ ਦੇ ਹਿਸਾਬ ਨਾਲ ਰੋਡ ਟੈਕਸ ‘ਚ ਨਿਸ਼ਚਿਤ ਛੋਟ ਦੀ ਪੇਸ਼ਕਸ਼ ਕਰ ਰਿਹਾ ਹੈ। ਉਦਾਹਰਨ ਲਈ, 20 ਲੱਖ ਰੁਪਏ ਤੋਂ ਵੱਧ ਕੀਮਤ ਵਾਲੀ ਕਾਰ ‘ਤੇ 50,000 ਰੁਪਏ ਦੀ ਛੋਟ ਮਿਲੇਗੀ। ਪੁਡੂਚੇਰੀ ਵਿੱਚ, 25 ਪ੍ਰਤੀਸ਼ਤ ਜਾਂ 11,000 ਰੁਪਏ, ਜੋ ਵੀ ਘੱਟ ਹੋਵੇ, ਦੀ ਛੋਟ ਉਪਲਬਧ ਹੈ।
ਇਹ ਵੀ ਪੜ੍ਹੋ – ਕਾਰ ਵਿੱਚ ਕਿਸ ਕੰਮ ਆਂਦਾ ਹੈ ਏਅਰਬੈਗ? ਅਸਲੀ-ਨਕਲੀ ਦੀ ਪਛਾਣ ਕਰਨਾ ਹੈ ਮੁਸ਼ਕਲ?
ਕਿੰਨੇ ਰਾਜਾਂ ਵਿੱਚ ਸਕ੍ਰੈਪਿੰਗ ਸੈਂਟਰ?
ਸੜਕ ਟਰਾਂਸਪੋਰਟ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਤੋਂ ਸਰਕਾਰ ਨੇ ਸਵੈ-ਇੱਛੁਕ ਵਾਹਨ ਸਕ੍ਰੈਪਿੰਗ ਨੂੰ ਉਤਸ਼ਾਹਿਤ ਕੀਤਾ ਹੈ, 37 ਰਜਿਸਟਰਡ ਸਕ੍ਰੈਪਿੰਗ ਸੈਂਟਰ ਜਾਂ ਆਰਵੀਐਸਐਫ ਚਾਲੂ ਹੋ ਗਏ ਹਨ। ਇਸ ਸਮੇਂ 16 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 52 ਅਜਿਹੇ ਕੇਂਦਰ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਵਾਹਨਾਂ ਦੀ ਫਿਟਨੈਸ ਦੀ ਜਾਂਚ ਲਈ 11 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 52 ਆਟੋਮੈਟਿਕ ਟੈਸਟਿੰਗ ਸੈਂਟਰ ਕੰਮ ਕਰ ਰਹੇ ਹਨ। ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਆਰਵੀਐਸਐਫ ਅਤੇ ਏਟੀਐਸ ਦੀ ਗਿਣਤੀ ਵਧਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕ ਉਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਸਕਣ।