ਲਾਰੈਂਸ ਤੋਂ ਬਾਅਦ ਹੁਣ ਬੰਬੀਹਾ ਗੈਂਗ ਦੀ ਦਿੱਲੀ 'ਚ ਐਂਟਰੀ ! ਵਪਾਰੀ ਦੇ ਘਰ 'ਤੇ ਚਲਾਈਆਂ ਗੋਲ਼ੀਆਂ, ਜਾਣੋ ਕੌਣ ਚਲਾ ਰਿਹਾ ਪੂਰਾ ਗੈਂਗ
ਦਵਿੰਦਰ ਦਾ ਪੂਰਾ ਨਾਂ ਦਵਿੰਦਰ ਸਿੰਘ ਸਿੱਧੂ ਸੀ ਤੇ ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਦਾ ਰਹਿਣ ਵਾਲਾ ਸੀ ਅਤੇ ਇਸ ਕਾਰਨ ਉਸ ਦਾ ਨਾਂਅ ਬੰਬੀਹਾ ਪਿਆ। ਇਸ ਕਰਕੇ ਉਸ ਦੇ ਗਰੋਹ ਦਾ ਨਾਂ ਵੀ ਬੰਬੀਹਾ ਪੈ ਗਿਆ।
ਲਾਰੈਂਸ ਬਿਸ਼ਨੋਈ ਗੈਂਗ ਤੋਂ ਬਾਅਦ ਹੁਣ ਇਸ ਦਾ ਵਿਰੋਧੀ ਬੰਬੀਹਾ ਗੈਂਗ ਵੀ ਦਿੱਲੀ ਵਿੱਚ ਆ ਗਿਆ ਹੈ। ਬੰਬੀਹਾ ਗੈਂਗ ਦੇ ਨਾਂਅ 'ਤੇ ਦਿੱਲੀ 'ਚ ਇੱਕ ਵਪਾਰੀ ਦੇ ਘਰ 'ਤੇ ਕਈ ਰਾਉਂਡ ਫਾਇਰ ਕੀਤੇ ਗਏ ਤੇ ਇਸ ਤੋਂ ਬਾਅਦ ਨੋਟ ਛੱਡ ਕੇ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਇਹ ਮਾਮਲਾ ਦਿੱਲੀ ਦੇ ਰਾਣੀ ਬਾਗ ਇਲਾਕੇ ਦਾ ਹੈ, ਜਿੱਥੇ ਬੰਬੀਹਾ ਗੈਂਗ ਨੇ ਇਕ ਘਰ ਦੇ ਬਾਹਰ ਹਵਾ 'ਚ ਕਈ ਰਾਊਂਡ ਫਾਇਰ ਕੀਤੇ।
ਰਿਪੋਰਟ ਮੁਤਾਬਕ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਘਰ ਦੇ ਬਾਹਰ ਕਰੀਬ 6 ਤੋਂ 7 ਰਾਊਂਡ ਫਾਇਰ ਕੀਤੇ। ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇੱਕ ਪਰਚੀ ਲੱਭੀ, ਜਿਸ 'ਤੇ ਬੰਬੀਹਾ ਗਰੋਹ ਦੇ ਕੌਸ਼ਲ ਚੌਧਰੀ ਤੇ ਸ਼ਕਤੀ ਸ਼ੌਕੀਨ ਦੇ ਨਾਂਅ ਲਿਖੇ ਹੋਏ ਸਨ। ਹਾਲਾਂਕਿ ਅਜੇ ਤੱਕ ਜਬਰੀ ਵਸੂਲੀ ਸਬੰਧੀ ਕੋਈ ਕਾਲ ਨਹੀਂ ਆਈ ਹੈ।
ਕੀ ਹੈ ਬੰਬੀਹਾ ਗੈਂਗ ਦੀ ਕਹਾਣੀ?
ਬੰਬੀਹਾ ਗੈਂਗ ਦੀ ਸ਼ੁਰੂਆਤ 2010 ਵਿੱਚ ਹੋਈ ਸੀ। ਇਸ ਗਰੋਹ ਦਾ ਸਰਗਨਾ ਦਵਿੰਦਰ ਪਹਿਲਾਂ ਪ੍ਰਸਿੱਧ ਕਬੱਡੀ ਖਿਡਾਰੀ ਸੀ ਪਰ ਫਿਰ ਉਸ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਵਿਚ ਹੀ ਦਵਿੰਦਰ ਬੰਬੀਹਾ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ ਤੇ ਉਸ ਨੇ ਕਈ ਗੈਂਗਸਟਰਾਂ ਨਾਲ ਜਾਣ-ਪਛਾਣ ਵੀ ਕੀਤੀ ਅਤੇ ਸਿਖਲਾਈ ਵੀ ਹਾਸਲ ਕੀਤੀ। ਇਸ ਤੋਂ ਬਾਅਦ ਉਹ ਬੰਬੀਹਾ ਗੈਂਗ ਦਾ ਮੁਖੀ ਬਣ ਗਿਆ।
ਦੱਸ ਦਈਏ ਕਿ ਦਵਿੰਦਰ ਦਾ ਪੂਰਾ ਨਾਂ ਦਵਿੰਦਰ ਸਿੰਘ ਸਿੱਧੂ ਸੀ ਤੇ ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਦਾ ਰਹਿਣ ਵਾਲਾ ਸੀ ਅਤੇ ਇਸ ਕਾਰਨ ਉਸ ਦਾ ਨਾਂਅ ਬੰਬੀਹਾ ਪਿਆ। ਇਸ ਕਰਕੇ ਉਸ ਦੇ ਗਰੋਹ ਦਾ ਨਾਂ ਵੀ ਬੰਬੀਹਾ ਪੈ ਗਿਆ। ਹਾਲਾਂਕਿ, 2016 ਵਿੱਚ ਬੰਬੀਹਾ ਨੂੰ ਪੰਜਾਬ ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਸੀ।
ਹੁਣ ਬੰਬੀਹਾ ਗੈਂਗ ਕੌਣ ਚਲਾ ਰਿਹਾ ਹੈ ?
ਭਾਵੇਂ ਦਵਿੰਦਰ ਸਿੰਘ ਸਿੱਧੂ ਦੀ ਮੌਤ ਹੋ ਚੁੱਕੀ ਹੈ ਪਰ ਉਸ ਦਾ ਗੈਂਗ ਅਜੇ ਵੀ ਚੱਲ ਰਿਹਾ ਹੈ। ਦਵਿੰਦਰ ਦੀ ਮੌਤ ਤੋਂ ਬਾਅਦ ਇਸ ਗਿਰੋਹ ਨੂੰ ਗੌਰਵ ਪਟਿਆਲ ਉਰਫ ਲੱਕੀ ਤੇ ਸੁਖਪ੍ਰੀਤ ਸਿੰਘ ਬੁੱਢਾ ਚਲਾ ਰਹੇ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਤੇ ਬੰਬੀਹਾ ਗੈਂਗ ਵਿਚਾਲੇ ਦੁਸ਼ਮਣੀ ਸ਼ੁਰੂ ਹੋ ਗਈ ਸੀ ਅਤੇ ਹੁਣ ਬੰਬੀਹਾ ਗੈਂਗ ਦਿੱਲੀ ਵੀ ਪਹੁੰਚ ਗਿਆ ਹੈ। ਦੱਸ ਦੇਈਏ ਕਿ ਦਵਿੰਦਰ ਦੀ ਮੌਤ ਤੋਂ ਬਾਅਦ ਗੌਰਵ ਪਟਿਆਲਾ ਇਸ ਗੈਂਗ ਦਾ ਸਰਗਨਾ ਬਣ ਗਿਆ ਸੀ ਅਤੇ ਹੁਣ ਅਰਮੇਨੀਆ ਵਿੱਚ ਬੈਠ ਕੇ ਇਸ ਗੈਂਗ ਨੂੰ ਚਲਾ ਰਿਹਾ ਹੈ।