JPC Probe: ਅਕਾਲੀ ਦਲ, ਬਸਪਾ ਤੇ ਸ਼ਿਵ ਸੈਨਾ ਸਣੇ 8 ਪਾਰਟੀਆਂ ਨੇ ਅੰਦੋਲਨਕਾਰੀ ਕਿਸਾਨਾਂ ਦੀਆਂ ਮੌਤਾਂ ਲਈ ਮੰਗੀ JPC ਜਾਂਚ
ਪਾਰਟੀਆਂ ਨੇ ਸਪੀਕਰ ਨੂੰ ਅੱਗੇ ਕਿਹਾ ਹੈ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਅਹਿਮ ਅਹੁਦੇ 'ਤੇ ਤਾਇਨਾਤ ਹੋ, ਤੁਸੀਂ ਇਹ ਸੁਨਿਸ਼ਚਿਤ ਕਰੋ ਕਿ ਕਿਸਾਨਾਂ ਵੱਲੋਂ ਜਮਹੂਰੀ ਢੰਗ ਨਾਲ ਕੀਤੇ ਜਾ ਰਹੇ ਵਿਰੋਧ ਦਾ ਹੱਲ ਕੀਤਾ ਜਾਵੇ।
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ, ਖੱਬੇਪੱਖੀ ਪਾਰਟੀਆਂ, ਬਸਪਾ, ਆਰਐਲਪੀ, ਐਨਸੀਪੀ, ਸ਼ਿਵ ਸੈਨਾ ਤੇ ਐਨਸੀ ਸਣੇ ਅੱਠ ਪਾਰਟੀਆਂ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਕਿਸਾਨਾਂ ਦੇ ਅੰਦੋਲਨ ਦੌਰਾਨ ਹੋਈਆਂ ਮੌਤਾਂ ਦੀ ਗਿਣਤੀ ਦੀ ਸਾਂਝੀ ਸੰਸਦੀ ਕਮੇਟੀ (JPC) ਦੀ ਜਾਂਚ ਦੀ ਮੰਗ ਕੀਤੀ ਹੈ। ਨੌਂ ਮਹੀਨਿਆਂ ਦੇ ਕਿਸਾਨ ਅੰਦੋਲਨ ਦੌਰਾਨ "ਸਰਕਾਰ ਨੂੰ ਕਿਸਾਨਾਂ ਦੀ ਮੌਤ ਬਾਰੇ ਕੋਈ ਜਾਣਕਾਰੀ ਨਹੀਂ" ਕਹਿਣ ਲਈ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੋਂ ਮੁਆਫ਼ੀ ਦੀ ਮੰਗ ਕੀਤੀ ਗਈ।
ਉਨ੍ਹਾਂ ਕਿਹਾ, "ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਵਿਰੋਧੀ ਧਿਰ ਦੇ ਮੈਂਬਰ ਦੀ ਅਗਵਾਈ ਵਾਲੀ ਇੱਕ ਸਾਂਝੀ ਸੰਸਦੀ ਕਮੇਟੀ ਦਾ ਗਠਨ ਕੀਤਾ ਜਾਵੇ ਤਾਂ ਜੋ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਸਕੇ ਅਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਮਾਰੇ ਗਏ ਲੋਕਾਂ ਦੀ ਕੁੱਲ ਸੰਖਿਆ ਦਾ ਵੇਰਵਾ ਪਤਾ ਲਗਾਇਆ ਜਾ ਸਕੇ ਅਤੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਦੇ ਤਰੀਕੇ ਸੁਝਾਏ ਜਾ ਸਕਣ। ਸੰਸਦੀ ਕਮੇਟੀ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਮੁਕਾਬਲੇ ਉਨ੍ਹਾਂ ਦੇ ਰਾਖਵੇਂਕਰਨ ਬਾਰੇ ਸਿੱਧਾ ਕਿਸਾਨਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਤੋਂ ਫੀਡਬੈਕ ਲੈ ਸਕਦੀ ਹੈ ਅਤੇ ਲੋੜੀਂਦੀ ਕਾਰਵਾਈ ਲਈ ਸਰਕਾਰ ਨੂੰ ਸੌਂਪ ਸਕਦੀ ਹੈ।
ਪਾਰਟੀਆਂ ਨੇ ਸਪੀਕਰ ਨੂੰ ਅੱਗੇ ਕਿਹਾ ਹੈ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਅਹਿਮ ਅਹੁਦੇ ਉੱਤੇ ਤਾਇਨਾਤ ਹੋ ਤੇ ਤੁਸੀਂ ਇਹ ਸੁਨਿਸ਼ਚਿਤ ਕਰੋਗੇ ਕਿ ਕਿਸਾਨੀ ਦੇ ਕੀਤੇ ਗਏ ਅਪਮਾਨ ਅਤੇ ਉਨ੍ਹਾਂ ਵੱਲੋਂ ਜਮਹੂਰੀ ਢੰਗ ਨਾਲ ਕੀਤੇ ਜਾ ਰਹੇ ਵਿਰੋਧ ਦਾ ਹੱਲ ਕੀਤਾ ਜਾਵੇ। ਇਹ ਸਪੱਸ਼ਟ ਸੰਕੇਤ ਵੀ ਦੇਵੇਗਾ ਕਿ ਲੋਕਤੰਤਰ ਦਾ ਮੰਦਰ 'ਅੰਨਦਾਤਾ' ਦੇ ਨਾਲ ਖੜ੍ਹਾ ਹੈ।
ਸ਼ੁੱਕਰਵਾਰ ਨੂੰ ਸਪੀਕਰ ਨੂੰ ਲਿਖੀ ਚਿੱਠੀ ਉੱਤੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਐਨਸੀਪੀ ਦੀ ਸੁਪ੍ਰਿਆ ਸੂਲੇ, ਬਸਪਾ ਦੇ ਦਾਨਿਸ਼ ਅਲੀ ਅਤੇ ਐਨਸੀ ਦੇ ਹਸਨੈਨ ਮਸੂਦੀ ਨੇ ਦਸਤਖ਼ਤ ਕੀਤੇ ਹਨ। ਪੱਤਰ ਵਿੱਚ ਆਗੂਆਂ ਨੇ ਇਹ ਵੀ ਦੱਸਿਆ ਕਿ ਇਹ ਗੱਲ ਬਹੁਤ ਪਰੇਸ਼ਾਨ ਕਰ ਦੇਣ ਵਾਲੀ ਹੈ ਕਿ ਖੇਤੀਬਾੜੀ ਮੰਤਰੀ ਕਿਸਾਨਾਂ ਦੀ ਮੌਤਾਂ ਦੀ ਗਿਣਤੀ ਦੀ ਤਸਦੀਕ ਕਰਨ ਲਈ ਕੋਈ ਅਧਿਐਨ ਨਹੀਂ ਕਰਵਾਇਆ ਅਤੇ ਨਾ ਹੀ ਤਿੰਨ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਦੇ ਮਨਾਂ ਦੇ ਖਦਸ਼ਿਆਂ ਨੂੰ ਸਮਝਣ ਲਈ ਕੁਝ ਕੀਤਾ ਗਿਆ।
ਪਾਰਟੀਆਂ ਨੇ ਅੱਗੇ ਕਿਹਾ ਹੈ ਕਿ ਖੇਤੀ ਮੰਤਰੀ ਦਾ ਇਹ ਕਹਿਣਾ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਕਿਸੇ ਅੰਦੋਲਨਕਾਰੀ ਕਿਸਾਨ ਦੀ ਮੌਤ ਵੀ ਹੋਈ ਹੈ ਇਹ ਕਿਸਾਨਾਂ ਦੇ ਸਵੈ-ਮਾਣ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਅਤੇ ਇਸ ਟਿੱਪਣੀ ਲਈ ਉਨ੍ਹਾਂ ਨੂੰ ਕਿਸਾਨ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਦੇਸ਼ ਭਰ ਦੇ ਕਿਸਾਨ ਲਗਪਗ ਇਕ ਸਾਲ ਤੋਂ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ।
ਇਸ ਤੱਥ ਤੋਂ ਸਾਰੇ ਵਾਕਫ਼ ਹਨ ਕਿ ਐਨਡੀਏ ਸਰਕਾਰ ਨੇ ਸੰਸਦ ਵਿੱਚ ਬਿੱਲ ਲਿਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਿਸਾਨ ਅੰਦੋਲਨ ਦੌਰਾਨ ਸੈਂਕੜੇ ਕਿਸਾਨਾਂ ਦੇ ਸ਼ਹੀਦ ਹੋਣ ਦੇ ਸਪੱਸ਼ਟ ਤੌਰ 'ਤੇ ਦਰਜ ਪ੍ਰਮਾਣ ਦੇ ਬਾਵਜੂਦ' ਅੰਨਦਾਤਾ ਇਸ ਅਪਮਾਨ ਦਾ ਸ਼ਿਕਾਰ ਹੋਇਆ। ਇਹ ਪਾਰਟੀਆਂ ਭਲਕੇ ਸਨਿੱਚਰਵਾਰ ਨੂੰ ਕਿਸਾਨਾਂ ਅਤੇ ਪੈਗਾਸਸ ਜਿਹੇ ਮੁੱਖ ਮੁੱਦਿਆਂ 'ਤੇ ਰਾਸ਼ਟਰਪਤੀ ਨੂੰ ਵੀ ਮਿਲਣਗੀਆਂ।
ਇਹ ਵੀ ਪੜ੍ਹੋ: PV Sindhu Enters Semi Final: ਪੀਵੀ ਸਿੰਧੂ ਸੈਮੀਫਾਈਨਲ 'ਚ, ਮੈਡਲ ਤੋਂ ਸਿਰਫ ਇੱਕ ਕਦਮ ਦੂਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904