Monsoon in Delhi- ਮਾਨਸੂਨ ਨੇ ਡੋਬੀ ਦਿੱਲੀ, 88 ਸਾਲਾਂ ਦਾ ਰਿਕਾਰਡ ਟੁੱਟਾ, ਪੰਜਾਬ ਲਈ ਵੀ ਅਲਰਟ ਜਾਰੀ
ਭਾਰੀ ਮੀਂਹ ਨੇ ਦਿੱਲੀ ਵਾਸੀਆਂ ਨੂੰ ਰਾਹਤ ਦੇ ਨਾਲ-ਨਾਲ ਮੁਸੀਬਤ ਵੀ ਦਿੱਤੀ ਹੈ। ਪੂਰੀ ਦਿੱਲੀ ਪਾਣੀ ਵਿਚ ਡੁੱਬ ਗਈ ਹੈ। ਕਈ ਥਾਵਾਂ ਉਤੇ ਸੜਕਾਂ 'ਤੇ ਪਾਣੀ ਖੜ੍ਹਾ ਹੈ। ਚਾਰੇ ਪਾਸੇ ਹੜ੍ਹਾਂ ਵਰਗੇ ਹਾਲਾਤ ਨਜ਼ਰ ਆ ਰਹੇ ਹਨ
Monsoon in Delhi: ਭਾਰੀ ਮੀਂਹ ਨੇ ਦਿੱਲੀ ਵਾਸੀਆਂ ਨੂੰ ਰਾਹਤ ਦੇ ਨਾਲ-ਨਾਲ ਮੁਸੀਬਤ ਵੀ ਦਿੱਤੀ ਹੈ। ਪੂਰੀ ਦਿੱਲੀ ਪਾਣੀ ਵਿਚ ਡੁੱਬ ਗਈ ਹੈ। ਕਈ ਥਾਵਾਂ ਉਤੇ ਸੜਕਾਂ 'ਤੇ ਪਾਣੀ ਖੜ੍ਹਾ ਹੈ। ਚਾਰੇ ਪਾਸੇ ਹੜ੍ਹਾਂ ਵਰਗੇ ਹਾਲਾਤ ਨਜ਼ਰ ਆ ਰਹੇ ਹਨ। ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਸਵੇਰ ਤੋਂ ਹੀ ਲੰਬਾ ਜਾਮ ਲੱਗਾ ਹੋਇਆ ਹੈ। ਵੀਰਵਾਰ ਦੇਰ ਰਾਤ ਤੋਂ ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ ਪਿਆ।
ਪਾਣੀ ਭਰਨ ਕਾਰਨ ਲੋਕਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਇਹ ਤਾਂ ਸ਼ੁਰੂਆਤ ਹੈ। ਹੁਣ ਦਿੱਲੀ ਦੇ ਲੋਕਾਂ 'ਤੇ ਮੌਸਮ ਹੋਰ ਵੀ ਸਖ਼ਤ ਹੋਵੇਗਾ। ਦਿੱਲੀ ਵਿੱਚ ਅੱਜ ਹੋਈ ਬਾਰਿਸ਼ ਨੇ 88 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਦਿੱਲੀ ਹੀ ਨਹੀਂ, ਨੋਇਡਾ-ਗਾਜ਼ੀਆਬਾਦ ਸਮੇਤ ਪੂਰਾ ਐਨਸੀਆਰ ਪਾਣੀ ਵਿਚ ਡੁੱਬਿਆ ਹੋਇਆ ਹੈ।
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਵੀਰਵਾਰ ਸਵੇਰੇ 8.30 ਵਜੇ ਤੋਂ ਸ਼ੁੱਕਰਵਾਰ ਸਵੇਰੇ 8.30 ਵਜੇ ਤੱਕ ਦਿੱਲੀ ਵਿੱਚ 228 ਮਿਲੀਮੀਟਰ ਮੀਂਹ ਪਿਆ। ਇਹ 1936 ਤੋਂ ਬਾਅਦ ਜੂਨ ਮਹੀਨੇ ਵਿੱਚ 24 ਘੰਟਿਆਂ ਵਿੱਚ ਸਭ ਤੋਂ ਵੱਧ ਬਾਰਸ਼ ਹੈ। ਉਸ ਸਾਲ 28 ਜੂਨ ਨੂੰ 235.5 ਮਿਲੀਮੀਟਰ ਬਾਰਿਸ਼ ਹੋਈ ਸੀ। ਦਿੱਲੀ ਵਿੱਚ ਪੂਰੇ ਜੂਨ ਮਹੀਨੇ ਵਿੱਚ ਔਸਤਨ 80.6 ਮਿਲੀਮੀਟਰ ਬਾਰਿਸ਼ ਹੁੰਦੀ ਹੈ। ਪਿਛਲੇ 24 ਘੰਟਿਆਂ 'ਚ ਲਗਭਗ ਤਿੰਨ ਗੁਣਾ ਬਾਰਿਸ਼ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰੇ ਦਫ਼ਤਰ ਅਤੇ ਕੰਮ ’ਤੇ ਜਾਣ ਵਾਲਿਆਂ ਨੂੰ ਟ੍ਰੈਫਿਕ ਜਾਮ ਅਤੇ ਪਾਣੀ ਭਰਨ ਦਾ ਸਾਹਮਣਾ ਕਰਨਾ ਪਿਆ।
ਇਧਰ, ਮਾਨਸੂਨ ਪੰਜਾਬ ਵਿਚ ਦਾਖਲ ਹੋ ਗਿਆ ਹੈ ਅਤੇ ਅਗਲੇ ਦੋ-ਤਿੰਨ ਦਿਨ ਅੰਦਰ ਇਹ ਸਾਰੇ ਪੰਜਾਬ ਤੇ ਹਰਿਆਣਾ ਨੂੰ ਕਵਰ ਕਰ ਲਵੇਗਾ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਤੜਕੇ ਤੋਂ ਮੀਂਹ ਪੈਣਾ ਸ਼ੁਰੂ ਹੋਇਆ ਜਿਸ ਨਾਲ ਤਾਪਮਾਨ ਵਿਚ ਆਮ ਨਾਲੋਂ 8.3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੰਗਰੂਰ ਵਿਚ ਸਭ ਤੋਂ ਵੱਧ 71.5 ਐੱਮਐੱਮ ਮੀਂਹ ਪਿਆ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਏਕੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪਠਾਨਕੋਟ ਰਾਹੀਂ ਮੌਨਸੂਨ ਦਾਖਲ ਹੋ ਚੁੱਕਿਆ ਹੈ, ਜੋ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਪੂਰੇ ਪੰਜਾਬ ਵਿਚ ਛਾ ਜਾਵੇਗਾ। ਉਨ੍ਹਾਂ ਪੰਜਾਬ ’ਚ 28, 29, 30 ਜੂਨ ਅਤੇ 1 ਜੁਲਾਈ ਨੂੰ ਮੀਂਹ ਪੈਣ, ਬਿਜਲੀ ਲਿਸ਼ਕਣ ਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ। ਪੰਜਾਬ ਵਿਚ ਲੰਘੀ ਰਾਤ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਸੀ ਪਰ ਜ਼ਿਆਦਾਤਰ ਸ਼ਹਿਰਾਂ ਵਿੱਚ ਤੜਕੇ ਮੀਂਹ ਪੈਣਾ ਸ਼ੁਰੂ ਹੋਇਆ ਹੈ।
ਮੀਂਹ ਕਰਕੇ ਸੰਗਰੂਰ, ਲੁਧਿਆਣਾ, ਪਟਿਆਲਾ, ਮੋਗਾ ਤੇ ਹੋਰ ਕਈ ਸ਼ਹਿਰ ਜਲਥਲ ਹੋ ਗਏ। ਲੋਕਾਂ ਦੇ ਘਰਾਂ ’ਚ ਪਾਣੀ ਦਾਖਲ ਹੋ ਗਿਆ, ਸ਼ਹਿਰ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਅਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ।