Agricultural Laws: ਫਿਰ ਲਾਗੂ ਹੋਣਗੇ ਤਿੰਨ ਖੇਤੀ ਕਾਨੂੰਨ? ਕੰਗਨਾ ਰਣੌਤ ਦੇ ਦਾਅਵੇ ਮਗਰੋਂ ਮੱਚੀ ਸਿਆਸੀ ਖਲਬਲੀ
ਬੀਜੇਪੀ ਸੰਸਦ ਮੈਂਬਰ ਕੰਗਨਾ ਰਣੌਤ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਬਾਰੇ ਵਿਵਾਦਤ ਬਿਆਨ ਨੇ ਸਿਆਸੀ ਭੂਚਾਲ ਲਿਆ ਦਿੱਤਾ ਹੈ। ਇਸ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਖਲਬਲੀ ਮਚ ਗਈ ਹੈ।
Kangana Ranaut demanded re-implementation of agricultural laws: ਬੀਜੇਪੀ ਸੰਸਦ ਮੈਂਬਰ ਕੰਗਨਾ ਰਣੌਤ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਬਾਰੇ ਵਿਵਾਦਤ ਬਿਆਨ ਨੇ ਸਿਆਸੀ ਭੂਚਾਲ ਲਿਆ ਦਿੱਤਾ ਹੈ। ਇਸ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਖਲਬਲੀ ਮਚ ਗਈ ਹੈ। ਸੰਸਦ ਮੈਂਬਰ ਕੰਗਣਾ ਦੇ ਇਸ ਬਿਆਨ 'ਤੇ ਕਾਂਗਰਸ, ਅਕਾਲੀ ਦਲ ਤੇ 'ਆਪ' ਦੇ ਆਗੂਆਂ ਨੇ ਭਾਜਪਾ ਹਾਈਕਮਾਂਡ ਤੋਂ ਉਸ ਨੂੰ ਪਾਰਟੀ 'ਚੋਂ ਕੱਢਣ ਦੀ ਮੰਗ ਕੀਤੀ ਹੈ।
ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਬਹਾਲ ਕਰਨ ਦੀ ਵਕਾਲਤ ਕਰਨ ਲਈ ਬਾਲੀਵੁੱਡ ਅਦਾਕਾਰਾ ਤੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਆਪਣਾ ਮੁੱਖ ਪਾਤਰ ਨਿਯੁਕਤ ਕਰਨ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਬਾਜਵਾ ਨੇ ਕਿਹਾ ਕਿ ਭਾਜਪਾ ਆਪਣੇ ਕਿਸਾਨ ਵਿਰੋਧੀ ਏਜੰਡੇ ਨੂੰ ਅੱਗੇ ਵਧਾਉਣ ਲਈ ਕੰਗਣਾ ਦੀ ਵਰਤੋਂ ਕਰ ਰਹੀ ਹੈ। ਇਸ 'ਤੇ ਸਰਕਾਰ ਤੋਂ ਤੁਰੰਤ ਸਪੱਸ਼ਟੀਕਰਨ ਮੰਗਿਆ ਹੈ।
ਇਹ ਵੀ ਪੜ੍ਹੋ: ਪੰਚਾਇਤੀ ਚੋਣਾਂ ਬਾਰੇ ਸੀਐਮ ਮਾਨ ਦਾ ਵੱਡਾ ਐਲਾਨ....ਪੜ੍ਹੇ-ਲਿਖੇ ਨੌਜਵਾਨ ਖਿੱਚ ਲੈਣ ਤਿਆਰੀ
ਭਾਜਪਾ ਮੂਕ ਦਰਸ਼ਕ ਬਣੀ
ਬਾਜਵਾ ਨੇ ਕਿਹਾ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਆਪਣੀ ਸੰਸਦ ਮੈਂਬਰ ਦੇ ਬਿਆਨਾਂ ਦੇ ਨਾਲ ਖੜ੍ਹੀ ਤਾਂ ਉਸ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਨੀ ਚਾਹੀਦੀ ਹੈ। ਕੰਗਨਾ ਰਣੌਤ ਨੇ ਕਿਸਾਨ ਭਾਈਚਾਰੇ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਹੈ, ਜਦਕਿ ਭਾਜਪਾ ਮੂਕ ਦਰਸ਼ਕ ਬਣੀ ਹੋਈ ਹੈ। ਇਹ ਕੋਈ ਇਤਫ਼ਾਕ ਨਹੀਂ ਸਗੋਂ ਇਹ ਧਿਆਨ ਨਾਲ ਲਿਖੀ ਗਈ ਰਣਨੀਤੀ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਸੰਸਦ ਮੈਂਬਰ ਕੰਗਣਾ ਦਾ ਇਹ ਵਿਵਾਦਤ ਬਿਆਨ ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਦਰਸਾਉਂਦਾ ਹੈ। ਜੇਕਰ ਭਾਜਪਾ ਕਿਸਾਨ ਵਿਰੋਧੀ ਨਹੀਂ ਤਾਂ ਪਾਰਟੀ ਹਾਈਕਮਾਂਡ ਨੂੰ ਉਸ ਨੂੰ ਤੁਰੰਤ ਪਾਰਟੀ ਵਿੱਚੋਂ ਕੱਢ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਸੀਐਮ ਮਾਨ ਦਾ ਐਲਾਨ! ਰਜਿਸਟਰੀ ਲਈ NOC ਖ਼ਤਮ...ਅਫ਼ਸਰ ਮੰਗੇ ਪੈਸੇ ਤਾਂ ਤੁਰੰਤ ਲਵੋ ਇਹ ਐਕਸ਼ਨ
ਕੰਗਨਾ ਹੀਰੋ ਨਹੀਂ ਸਗੋਂ ਖਲਨਾਇਕ
ਬੀਜੇਪੀ ਸੰਸਦ ਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਦੇ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦਿੱਤੇ ਬਿਆਨ 'ਤੇ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਕੰਗਣਾ ਨਾਇਕ ਨਹੀਂ ਸਗੋਂ ਖਲਨਾਇਕ ਹੈ। ਉਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ। ਉਹ ਹਮੇਸ਼ਾ ਪੰਜਾਬ ਤੇ ਸਾਡੇ ਲੋਕਾਂ ਬਾਰੇ ਵਿਵਾਦਤ ਬਿਆਨ ਦਿੰਦੀ ਰਹਿੰਦੀ ਹੈ। ਹਾਲਾਤ ਅਜਿਹੇ ਹਨ ਕਿ ਭਾਜਪਾ ਨੂੰ ਉਸ ਦੇ ਬਿਆਨਾਂ ਤੋਂ ਦੂਰ ਰਹਿਣਾ ਪੈ ਰਿਹਾ ਹੈ।
ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਕੰਗਨਾ ਦੇ ਮਾਤਾ-ਪਿਤਾ ਕਿਸਾਨ ਹਨ ਤਾਂ ਉਹ ਵੀ ਉਸ ਦੇ ਬਿਆਨ ਨਾਲ ਸਹਿਮਤ ਨਹੀਂ ਹੋਣਗੇ। ਕਈ ਲੋਕ ਸੋਚ ਸਮਝ ਕੇ ਬੋਲਦੇ ਹਨ ਤੇ ਕਈ ਬੋਲਣ ਤੋਂ ਬਾਅਦ ਸੋਚਦੇ ਹਨ ਪਰ ਕੰਗਨਾ ਇਨ੍ਹਾਂ ਦੋਵਾਂ ਸ਼੍ਰੇਣੀਆਂ 'ਚ ਨਹੀਂ ਹੈ। ਉਹ ਨਾ ਤਾਂ ਬੋਲਣ ਤੋਂ ਪਹਿਲਾਂ ਸੋਚਦੀ ਹੈ ਤੇ ਨਾ ਹੀ ਬਾਅਦ ਵਿੱਚ। ਹੁਣ ਕੰਗਨਾ ਲੋਕ ਸਭਾ 'ਚ ਸਾਂਸਦ ਹੈ, ਉਸ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ।