ਕੈਨੇਡਾ ਸਰਕਾਰ ਨੇ ਬਦਲੇ ਪਰਵਾਸ ਨਿਯਮ, ਭਾਰਤੀਆਂ ਨੂੰ ਮਿਲੇਗਾ ਵੱਡਾ ਫਾਇਦਾ
ਕੈਨੇਡਾ ਸਰਕਾਰ ਨੇ ਪਰਵਾਸ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਵੱਲੋਂ ਬੀਤੇ ਦਿਨ ਐਲਾਨੇ ਬਦਲਾਅ ਤਹਿਤ ਕੈਨੇਡਾ ਆਉਣ ਵਾਲੇ ਮਾਤਾ-ਪਿਤਾ ਤੇ ਦਾਦਾ-ਦਾਦੀ ਹੁਣ ਇੱਥੇ ਪ੍ਰਤੀ ਐਂਟਰੀ ਪੰਜ ਸਾਲ ਤੱਕ ਰਹਿ ਸਕਦੇ ਹਨ।
ਟੋਰਾਂਟੋ : ਕੈਨੇਡਾ ਸਰਕਾਰ ਨੇ ਪਰਵਾਸ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ। ਇਸ ਨਾਲ ਭਾਰਤੀਆਂ ਨੂੰ ਵੱਡਾ ਲਾਹਾ ਮਿਲੇਗਾ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਵੱਲੋਂ ਬੀਤੇ ਦਿਨ ਐਲਾਨੇ ਬਦਲਾਅ ਤਹਿਤ ਕੈਨੇਡਾ ਆਉਣ ਵਾਲੇ ਮਾਤਾ-ਪਿਤਾ ਤੇ ਦਾਦਾ-ਦਾਦੀ ਹੁਣ ਇੱਥੇ ਪ੍ਰਤੀ ਐਂਟਰੀ ਪੰਜ ਸਾਲ ਤੱਕ ਰਹਿ ਸਕਦੇ ਹਨ। ਇਹ ਤਬਦੀਲੀਆਂ 4 ਜੁਲਾਈ ਤੋਂ ਸ਼ੁਰੂ ਹੋਣਗੀਆਂ।
ਵੀਜ਼ਾ ਮਾਹਿਰਾਂ ਮੁਤਾਬਕ ਕੈਨੇਡਾ ਸਰਕਾਰ ਵੱਲੋਂ ਮਾਪਿਆਂ ਤੇ ਦਾਦਾ-ਦਾਦੀ ਲਈ ਸੁਪਰ ਵੀਜ਼ਾ ਪ੍ਰੋਗਰਾਮ ਵਿੱਚ ਕੀਤੇ ਜ਼ਿਆਦਾਤਰ ਬਦਲਾਅ ਦਾ ਭਾਰਤੀਆਂ ਨੂੰ ਫਾਇਦਾ ਹੋਵੇਗਾ। ਕੈਨੇਡਾ ਅੰਤਰਰਾਸ਼ਟਰੀ ਮੈਡੀਕਲ ਬੀਮਾ ਕੰਪਨੀਆਂ ਨੂੰ ਸੁਪਰ ਵੀਜ਼ਾ ਬਿਨੈਕਾਰਾਂ ਨੂੰ ਕਵਰੇਜ ਪ੍ਰਦਾਨ ਕਰਨ ਦੀ ਇਜਾਜ਼ਤ ਵੀ ਦੇਵੇਗਾ।
ਸੁਪਰ ਵੀਜ਼ਾ ਪ੍ਰੋਗਰਾਮ, 2011 ਵਿੱਚ ਸ਼ੁਰੂ ਹੋਇਆ ਸੀ, ਜਿਸ ਤਹਿਤ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ (ਪੀਆਰ) ਨੂੰ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਲੰਬੇ ਸਮੇਂ ਲਈ ਕੈਨੇਡਾ ਵਿੱਚ ਆਉਣ ਤੇ ਉਨ੍ਹਾਂ ਨਾਲ ਰਹਿਣ ਲਈ ਸਪਾਂਸਰ ਕਰਨ ਦੀ ਇਜਾਜ਼ਤ ਦਿੰਦਾ ਹੈ। ਹੁਣ ਤੱਕ ਇਹ ਮਲਟੀਪਲ-ਐਂਟਰੀ ਵੀਜ਼ਾ 10 ਸਾਲਾਂ ਤੱਕ ਵੈਧ ਹੈ ਤੇ ਮਾਪਿਆਂ ਤੇ ਦਾਦਾ-ਦਾਦੀ ਨੂੰ ਇੱਕ ਸਮੇਂ ਵਿੱਚ ਸਿਰਫ ਦੋ ਸਾਲਾਂ ਲਈ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 2019 ਵਿੱਚ ਕੈਨੇਡੀਅਨ ਸਰਕਾਰ ਨੇ ਨਾਗਰਿਕਾਂ ਦੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਕੈਨੇਡਾ ਵਿੱਚ ਬੁਲਾਉਣ ਦਾ ਮੌਕਾ ਦਿੱਤਾ ਸੀ , ਜੋ ਸਾਲਾਂ ਤੋਂ ਵੱਖ ਰਹਿ ਰਹੇ ਹਨ। ਕਿਹਾ ਸੀ ਪਰਿਵਾਰਕ ਪੁਨਰ-ਮਿਲਨ ਲਈ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਦਾ ਉੱਥੇ ਵੱਸਦੇ ਹਜ਼ਾਰਾਂ ਪੰਜਾਬੀਆਂ ਨੂੰ ਵੀ ਫਾਇਦਾ ਹੋਵੇਗਾ।
ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ (ਪੀਜੀਪੀ) ਪ੍ਰੋਗਰਾਮ ਦੇ ਤਹਿਤ ਦਿਲਚਸਪੀ ਰੱਖਣ ਵਾਲੇ ਪਰਿਵਾਰਾਂ ਦੇ ਸਪਾਂਸਰਾਂ ਨੇ ਅਪਲਾਈ ਕੀਤਾ ਸੀ। ਪੀਜੀਪੀ ਪ੍ਰੋਗਰਾਮ ਦੇ ਤਹਿਤ 'ਪਹਿਲਾਂ ਆਓ ਪਹਿਲਾਂ ਪਾਓ' ਦੇ ਆਧਾਰ 'ਤੇ 20,000 ਅਰਜ਼ੀਆਂ ਸਵੀਕਾਰ ਕੀਤੀਆਂ ਸੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਸੀ ਹੈ ਕਿ ਕੈਨੇਡੀਅਨ ਸਰਕਾਰ ਲਈ ਪਰਿਵਾਰਕ ਪੁਨਰ ਏਕੀਕਰਨ ਇੱਕ ਇਮੀਗ੍ਰੇਸ਼ਨ ਤਰਜੀਹ ਹੈ। ਕੈਨੇਡਾ ਵਿੱਚ ਆਏ ਪ੍ਰਵਾਸੀਆਂ ਲਈ ਮਾਪਿਆਂ ਦੀ ਦੇਖਭਾਲ ਕਰਨਾ ਵੀ ਓਨਾ ਹੀ ਮਹੱਤਵਪੂਰਨ ਹੈ। ਇਸ ਲਈ ਅਸੀਂ ਪਰਿਵਾਰਾਂ ਨੂੰ ਇਕਜੁੱਟ ਹੋਣ ਦਾ ਮੌਕਾ ਦੇ ਰਹੇ ਹਾਂ।