SRH vs CSK: ਧੋਨੀ ਦੇ ਹੱਥ ਕਪਤਾਨੀ ਆਉਂਦਿਆਂ ਹੀ ਚਮਕੀ ਚੇਨਈ ਦੀ ਕਿਸਮਤ, ਹੈਦਰਾਬਾਦ ਨੂੰ 13 ਦੌੜਾਂ ਨਾਲ ਦਿੱਤੀ ਮਾਤ
ਆਈਪੀਐਲ 15 ਵਿੱਚ ਮਹਿੰਦਰ ਸਿੰਘ ਦੀ ਕਪਤਾਨੀ 'ਚ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਹੈਦਰਾਬਾਦ ਸਨਰਾਈਜ਼ਰਜ਼ ਨਾਲ ਹੋਇਆ। ਇਸ ਮੈਚ 'ਚ ਧੋਨੀ ਇਸ ਸੀਜ਼ਨ 'ਚ ਪਹਿਲੀ ਵਾਰ ਕਪਤਾਨ ਦੀ ਭੂਮਿਕਾ 'ਚ ਨਜ਼ਰ ਆਏ।
IPL 2022 Chennai Super Kings beat Hyderabad to register third win by 13 runs
Sunrisers Hyderabad vs Chennai Super Kings: IPL15 ਵਿੱਚ ਚੇਨਈ ਸੁਪਰ ਕਿੰਗਜ਼ ਨੇ ਮਹਿੰਦਰ ਸਿੰਘ (MS Dhoni) ਦੀ ਕਪਤਾਨੀ ਵਿੱਚ ਹੈਦਰਾਬਾਦ ਸਨਰਾਈਜ਼ਰਜ਼ ਦਾ ਸਾਹਮਣਾ ਕੀਤਾ। ਇਸ ਦੇ ਨਾਲ ਹੀ ਇਸ ਮੈਚ 'ਚ ਧੋਨੀ ਇਸ ਸੀਜ਼ਨ 'ਚ ਪਹਿਲੀ ਵਾਰ ਕਪਤਾਨ ਦੀ ਭੂਮਿਕਾ 'ਚ ਨਜ਼ਰ ਆਏ। ਧੋਨੀ ਨੇ ਇਸ ਸੀਜ਼ਨ 'ਚ ਬਤੌਰ ਕਪਤਾਨ ਆਪਣੇ ਪਹਿਲੇ ਮੈਚ 'ਚ ਜਿੱਤ ਦਰਜ ਕੀਤੀ। ਚੇਨਈ ਨੇ ਇਹ ਮੈਚ 13 ਦੌੜਾਂ ਨਾਲ ਜਿੱਤ ਲਿਆ। 203 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਟੀਮ 6 ਵਿਕਟਾਂ ਦੇ ਨੁਕਸਾਨ 'ਤੇ 189 ਦੌੜਾਂ ਹੀ ਬਣਾ ਸਕੀ।
ਹੈਦਰਾਬਾਦ ਦੇ ਬੱਲੇਬਾਜ਼ ਰਹੇ ਨਾਕਾਮ
203 ਦੌੜਾਂ ਦੇ ਸਕੋਰ ਦਾ ਪਿੱਛਾ ਕਰਨ ਉਤਰੀ ਹੈਦਰਾਬਾਦ ਦੀ ਸ਼ੁਰੂਆਤ ਚੰਗੀ ਰਹੀ। ਟੀਮ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਪਹਿਲੀ ਵਿਕਟ ਲਈ 58 ਦੌੜਾਂ ਜੋੜੀਆਂ। ਮੁਕੇਸ਼ ਨੇ ਇਸ ਸਾਂਝੇਦਾਰੀ ਨੂੰ ਤੋੜਿਆ ਜੋ ਖ਼ਤਰਨਾਕ ਸਾਬਤ ਹੋਇਆ। ਉਸ ਨੇ ਅਭਿਸ਼ੇਕ ਨੂੰ 58 ਦੌੜਾਂ 'ਤੇ ਆਊਟ ਕੀਤਾ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਰਾਹੁਲ ਤ੍ਰਿਪਾਠੀ ਵੀ ਬਗੈਰ ਖਾਤਾ ਖੋਲ੍ਹੇ ਆਊਟ ਹੋ ਗਏ। ਉਸ ਨੂੰ ਵੀ ਮੁਕੇਸ਼ ਨੇ ਆਊਟ ਕਰ ਦਿੱਤਾ।
ਦੋ ਵਿਕਟਾਂ ਡਿੱਗਣ ਤੋਂ ਬਾਅਦ ਮਾਰਕਰਮ ਅਤੇ ਵਿਲੀਅਮਸਨ ਨੇ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਮਾਰਕਰਮ ਵੀ 17 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਵਿਲੀਅਮਸਨ ਵੀ ਜ਼ਿਆਦਾ ਦੇਰ ਮੈਦਾਨ 'ਤੇ ਟਿਕ ਨਹੀਂ ਸਕੇ ਅਤੇ 47 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਪੂਰਨ ਅਤੇ ਸ਼ਸ਼ਾਂਕ ਨੇ ਪਾਰੀ ਨੂੰ ਸੰਭਾਲਿਆ ਅਤੇ ਸਕੋਰ ਨੂੰ ਅੱਗੇ ਵਧਾਇਆ। ਦੋਵਾਂ ਨੇ 27 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਵਧਦੀ ਰਨ ਰੇਟ ਕਾਰਨ ਸ਼ਸ਼ਾਂਕ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਵਿੱਚ 15 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਦੇ ਆਊਟ ਹੋਣ ਤੋਂ ਬਾਅਦ ਕੋਈ ਵੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ ਅਤੇ ਹੈਦਰਾਬਾਦ ਦੀ ਟੀਮ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 189 ਦੌੜਾਂ ਹੀ ਬਣਾ ਸਕੀ, ਪੂਰਨ ਨੇ 33 ਗੇਂਦਾਂ 'ਤੇ 64 ਦੌੜਾਂ ਦੀ ਪਾਰੀ ਖੇਡੀ।
ਗਾਇਕਵਾੜ ਨੇ ਆਪਣੀ ਦਿਖਾਈ ਕਾਬਲੀਅਤ
ਰੁਤੁਰਾਜ ਗਾਇਕਵਾੜ (99) ਅਤੇ ਡੇਵੋਨ ਕੋਨਵੇ (ਅਜੇਤੂ 85) ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਆਈਪੀਐੱਲ 2022 ਦੇ 46ਵੇਂ ਮੈਚ 'ਚ ਸਨਰਾਈਜ਼ਰਸ ਹੈਦਰਾਬਾਦ ਨੂੰ 203 ਦੌੜਾਂ ਦਾ ਵੱਡਾ ਟੀਚਾ ਦਿੱਤਾ।
ਚੇਨਈ ਨੇ 20 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 202 ਦੌੜਾਂ ਬਣਾਈਆਂ। ਟੀਮ ਲਈ ਗਾਇਕਵਾੜ ਅਤੇ ਕੋਨਵੇ ਨੇ 107 ਗੇਂਦਾਂ ਵਿੱਚ 182 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਹੈਦਰਾਬਾਦ ਲਈ ਟੀ ਨਟਰਾਜਨ ਨੇ ਦੋ ਵਿਕਟਾਂ ਲਈਆਂ।