ਦੁਬਈ ਤੋਂ ਆਇਆ ਯਾਤਰੀ Amritsar Airport 'ਤੇ ਗ੍ਰਿਫ਼ਤਾਰ, ਅੰਡਰਵੀਅਰ 'ਚ ਛੁਪਾਇਆ 65 ਲੱਖ ਦਾ ਸੋਨਾ
Amritsar International Airport: ਸੋਨਾ ਸਮੱਗਲਰ ਵਿਦੇਸ਼ਾਂ ‘ਚੋਂ ਭਾਰਤ ਸੋਨਾ ਲੈ ਕੇ ਆਉਣ ਲਈ ਹਰ ਤਰ੍ਹਾਂ ਦਾ ਹੱਥਕੰਡਾ ਅਪਣਾਉਂਦੇ ਹਨ ਪਰ ਕਸਟਮ ਵਿਭਾਗ ਦੀ ਟੀਮ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੰਦੀ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਅੰਮ੍ਰਿਤਸਰ ਜ਼ਿਲੇ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 1.24 ਕਿਲੋ ਸੋਨਾ ਜ਼ਬਤ ਕੀਤਾ ਹੈ। ਇਹ ਸੋਨਾ ਦੁਬਈ ਤੋਂ ਆਏ ਇੱਕ ਯਾਤਰੀ ਤੋਂ ਮਿਲਿਆ। ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਯਾਤਰੀ ਨੇ ਸੋਨੇ ਦੀ ਚੇਨ ਆਪਣੇ ਅੰਡਰਵੀਅਰ ਵਿੱਚ ਲੁਕੋ ਕੇ ਰੱਖੀ ਹੋਈ ਸੀ ਪਰ ਉਹ ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਫੜਿਆ ਗਿਆ। ਤਲਾਸ਼ੀ ਲੈਣ 'ਤੇ ਉਸ ਦੇ ਅੰਡਰਵੀਅਰ 'ਚੋਂ ਤਿੰਨ ਪਾਰਦਰਸ਼ੀ ਪਾਊਚ ਮਿਲੇ, ਜਿਨ੍ਹਾਂ 'ਚ ਸੋਨੇ ਦੀਆਂ ਚੇਨਾਂ ਸੀ। ਇਨ੍ਹਾਂ ਚੇਨਾਂ ਦਾ ਵਜ਼ਨ 1.24 ਕਿਲੋ ਨਿਕਲਿਆ। ਇੰਨੇ ਸੋਨੇ ਦੀ ਅੰਤਰਰਾਸ਼ਟਰੀ ਕੀਮਤ 65.16 ਲੱਖ ਰੁਪਏ ਦੱਸੀ ਗਈ ਹੈ। ਜਾਂਚ ਲਈ ਸੋਨਾ ਜ਼ਬਤ ਕਰ ਲਿਆ ਗਿਆ ਹੈ।