CIBIL Score: ਕਰਜ਼ ਮਾਫੀ ਦਾ ਫਾਇਦਾ ਲੈਣ, ਕਰਜ਼ ਮੋੜਨ 'ਚ ਦੇਰੀ ਕਰਨ ਵਾਲੇ ਹੋ ਜਾਣ ਸਾਵਧਾਨ, ਬੈਂਕਾਂ ਤੋਂ ਲੱਗੇਗਾ ਵੱਡਾ ਝਟਕਾ
CIBIL Score: ਮਹਿੰਗਾਈ ਦੇ ਯੁੱਗ ਵਿੱਚ ਹਰ ਕੋਈ ਕਰਜ਼ ਦੇ ਜਾਲ ਵਿੱਚ ਫਸਿਆ ਹੋਇਆ ਹੈ। ਕਈ ਲੋਕ ਤਾਂ ਕਰਜ਼ ਹੇਠ ਇੰਨਾ ਦੱਬ ਜਾਂਦੇ ਹਨ ਕਿ ਉਨ੍ਹਾਂ ਕੋਲੋਂ ਲੋਨ ਚੁਕਾਇਆ ਹੀ ਨਹੀਂ ਜਾ ਸਕਦਾ। ਅਜਿਹੇ ਵਿੱਚ ਕਈ ਵਾਰ ਸਰਕਾਰਾਂ ਕਰਜ਼ ਮਾਫੀ ਦੀਆਂ ਯੋਜਨਾਵਾਂ ਵੀ ਲਿਆਉਂਦੀਆਂ ਹਨ।

CIBIL Score: ਮਹਿੰਗਾਈ ਦੇ ਯੁੱਗ ਵਿੱਚ ਹਰ ਕੋਈ ਕਰਜ਼ ਦੇ ਜਾਲ ਵਿੱਚ ਫਸਿਆ ਹੋਇਆ ਹੈ। ਕਈ ਲੋਕ ਤਾਂ ਕਰਜ਼ ਹੇਠ ਇੰਨਾ ਦੱਬ ਜਾਂਦੇ ਹਨ ਕਿ ਉਨ੍ਹਾਂ ਕੋਲੋਂ ਲੋਨ ਚੁਕਾਇਆ ਹੀ ਨਹੀਂ ਜਾ ਸਕਦਾ। ਅਜਿਹੇ ਵਿੱਚ ਕਈ ਵਾਰ ਸਰਕਾਰਾਂ ਕਰਜ਼ ਮਾਫੀ ਦੀਆਂ ਯੋਜਨਾਵਾਂ ਵੀ ਲਿਆਉਂਦੀਆਂ ਹਨ। ਆਮ ਤੌਰ ਉਪਰ ਖੇਤੀ ਤੇ ਕਾਰੋਬਾਰ ਲਈ ਲਏ ਕਰਜ਼ ਮਾਫ ਕਰ ਦਿੱਤੇ ਜਾਂਦੇ ਹਨ। ਬੇਸ਼ੱਕ ਇਸ ਨਾਲ ਕਰਜ਼ਦਾਰ ਨੂੰ ਰਾਹਤ ਤਾਂ ਮਿਲਦੀ ਹੈ ਪਰ ਇਸ ਦੇ ਗੰਭੀਰ ਸਿੱਟੇ ਵੀ ਨਿਕਲਦੇ ਹਨ।
ਦਰਅਸਲ ਜਿਹੜੇ ਲੋਕ ਵੇਲੇ ਸਿਰ ਕਰਜ਼ ਨਹੀਂ ਚੁਕਾਉਂਦੇ ਜਾਂ ਫਿਰ ਬੈਂਕਾਂ ਨੂੰ ਜਿਨ੍ਹਾਂ ਦਾ ਕਰਜ਼ ਮਾਫ ਕਰਨਾ ਪੈਂਦਾ ਹੈ, ਉਨ੍ਹਾਂ ਦਾ ਸਿਬਿਲ ਸਕੋਰ ਬੇਹੱਦ ਖਰਾਬ ਹੋ ਜਾਂਦਾ ਹੈ। ਅਜਿਹੇ ਵਿਅਕਤੀਆਂ ਨੂੰ ਕਿਸੇ ਐਮਰਜੰਸੀ ਵਿੱਚ ਕੋਈ ਵੀ ਬੈਂਕ ਮੁੜ ਕਰਜ਼ ਦੇਣ ਲਈ ਤਿਆਰ ਨਹੀਂ ਹੁੰਦਾ। ਇਸ ਤਰ੍ਹਾਂ ਉਨ੍ਹਾਂ ਨੂੰ ਪੈਸੇ ਲਈ ਜਾਂ ਤਾਂ ਆਪਣੀ ਸੋਨਾ ਤੇ ਜ਼ਮੀਨ-ਜਾਇਦਾਦ ਵੇਚਣੀ ਪੈਂਦੀ ਹੈ ਜਾਂ ਸ਼ਾਹੂਕਾਰਾਂ ਤੋਂ ਮੋਟੀ ਵਿਆਜ਼ ਉਪਰ ਕਰਜ਼ ਲੈਣਾ ਪੈਂਦਾ ਹੈ।
ਦੱਸ ਦਈਏ ਕਿ ਜੇਕਰ ਕਿਸੇ ਦਾ CIBIL ਸਕੋਰ ਚੰਗਾ ਹੈ ਤਾਂ ਉਹ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਬਿਹਤਰ ਨਿਯਮਾਂ ਤੇ ਸ਼ਰਤਾਂ ਦੇ ਨਾਲ ਘੱਟ ਵਿਆਜ ਦਰ 'ਤੇ ਕਰਜ਼ਾ ਪ੍ਰਾਪਤ ਕਰ ਸਕਦਾ ਹੈ। ਦੂਜੇ ਪਾਸੇ ਜੇਕਰ CIBIL ਸਕੋਰ ਮਾੜਾ ਹੈ ਤਾਂ ਕਰਜ਼ਾ ਲੈਣ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ ਤੇ ਕਈ ਵਾਰ ਬੈਂਕ ਸਿੱਧੇ ਤੌਰ 'ਤੇ ਇਨਕਾਰ ਵੀ ਕਰ ਸਕਦਾ ਹੈ। CIBIL ਸਕੋਰ ਕਰਜ਼ਾ ਲੈਣ ਤੇ ਇਸ ਨੂੰ ਵਾਪਸ ਕਰਨ ਦੇ ਰਿਕਾਰਡ ਨੂੰ ਦਰਸਾਉਂਦਾ ਹੈ।
ਆਮ ਹੀ ਵੇਖਿਆ ਗਿਆ ਹੈ ਕਿ ਕਈ ਵਾਰ ਸਾਨੂੰ ਅਚਾਨਕ ਪੈਸੇ ਦੀ ਲੋੜ ਪੈਂਦੀ ਹੈ। ਉਦਾਹਰਣ ਵਜੋਂ ਜੇਕਰ ਘਰ ਵਿੱਚ ਕੋਈ ਡਾਕਟਰੀ ਐਮਰਜੈਂਸੀ ਹੈ ਜਾਂ ਘਰ ਬਣਾਉਣ ਦੀ ਲੋੜ ਹੈ ਜਾਂ ਜ਼ਮੀਨ ਖਰੀਦਣ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ ਅਸੀਂ ਆਮ ਤੌਰ 'ਤੇ ਕਰਜ਼ਾ ਲੈ ਕੇ ਪੈਸੇ ਦਾ ਪ੍ਰਬੰਧ ਕਰਦੇ ਹਾਂ ਪਰ ਜੇਕਰ ਤੁਸੀਂ ਆਸਾਨੀ ਨਾਲ ਕਰਜ਼ਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਆਪਣਾ CIBIL ਸਕੋਰ ਚੰਗਾ ਰੱਖਣ ਦੀ ਲੋੜ ਹੈ।
CIBIL ਸਕੋਰ ਕੀ ਹੈ?
ਕ੍ਰੈਡਿਟ ਇਨਫਰਮੇਸ਼ਨ ਬਿਊਰੋ ਇੰਡੀਆ ਲਿਮਟਿਡ (CIBIL) ਇੱਕ ਕ੍ਰੈਡਿਟ ਇਨਫਰਮੇਸ਼ਨ ਕੰਪਨੀ ਹੈ। ਇਹ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੁਆਰਾ ਲਾਇਸੈਂਸਸ਼ੁਦਾ ਹੈ ਤੇ ਆਮ ਲੋਕਾਂ ਦੇ ਨਾਲ-ਨਾਲ ਕੰਪਨੀਆਂ ਦੀਆਂ ਕਰਜ਼ੇ ਨਾਲ ਸਬੰਧਤ ਗਤੀਵਿਧੀਆਂ ਨੂੰ ਟਰੈਕ ਕਰਦੀ ਹੈ। ਇਸ ਦੀ ਰੇਟਿੰਗ ਨੂੰ CIBIL ਸਕੋਰ ਕਿਹਾ ਜਾਂਦਾ ਹੈ।
CIBIL ਸਕੋਰ ਜਾਂ CIBIL ਰੇਟਿੰਗ ਇੱਕ ਅਜਿਹਾ ਮਾਪ ਹੈ ਜੋ ਦਰਸਾਉਂਦਾ ਹੈ ਕਿ ਕਰਜ਼ਾ ਲੈਣ ਤੇ ਇਸ ਨੂੰ ਵਾਪਸ ਕਰਨ ਵਿੱਚ ਤੁਹਾਡਾ ਰਿਕਾਰਡ ਕਿੰਨਾ ਵਧੀਆ ਹੈ। ਇਹ 300 ਤੋਂ 900 ਦੇ ਵਿਚਕਾਰ ਹੁੰਦਾ ਹੈ। 300 ਤੋਂ 600 ਦਾ ਮਤਲਬ ਹੈ ਕਿ ਤੁਸੀਂ ਕਰਜ਼ਾ ਚੁਕਾਉਣ ਵਿੱਚ ਬਹੁਤ ਮਾੜੇ ਹੋ। ਇਸ ਦੇ ਨਾਲ ਹੀ 750 ਤੋਂ 900 ਦਾ CIBIL ਸਕੋਰ ਦਰਸਾਉਂਦਾ ਹੈ ਕਿ ਤੁਹਾਡਾ ਕਰਜ਼ਾ ਚੁਕਾਉਣ ਦਾ ਰਿਕਾਰਡ ਸ਼ਾਨਦਾਰ ਹੈ।
ਜੇਕਰ ਤੁਹਾਡਾ CIBIL ਸਕੋਰ ਖਰਾਬ ਹੋ ਜਾਵੇ ਤਾਂ ਕੀ ਹੋਵੇਗਾ?
ਜੇਕਰ ਤੁਹਾਡਾ CIBIL ਸਕੋਰ 750 ਤੋਂ ਘੱਟ ਹੈ ਤਾਂ ਤੁਹਾਨੂੰ ਕਰਜ਼ਾ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਕ੍ਰੈਡਿਟ ਕਾਰਡ ਵੀ ਨਾ ਮਿਲੇ ਪਰ ਚੰਗੀ ਗੱਲ ਇਹ ਹੈ ਕਿ CIBIL ਸਕੋਰ ਨੂੰ ਵੀ ਸੁਧਾਰਿਆ ਜਾ ਸਕਦਾ ਹੈ। ਆਓ ਜਾਣਦੇ ਹਾਂ CIBIL ਸਕੋਰ ਨੂੰ ਬਿਹਤਰ ਬਣਾਉਣ ਦੇ ਪੰਜ ਤਰੀਕੇ।
1. ਸਮੇਂ ਸਿਰ ਕਰਜ਼ਾ ਮੋੜੋ
ਜੇਕਰ ਤੁਸੀਂ ਸਮੇਂ ਸਿਰ ਕਰਜ਼ਾ ਨਹੀਂ ਚੁਕਾਉਂਦੇ ਤਾਂ ਇਸ ਦਾ ਤੁਹਾਡੇ CIBIL ਸਕੋਰ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਤੁਹਾਨੂੰ ਹਮੇਸ਼ਾ ਆਪਣੇ EMI ਭੁਗਤਾਨ ਸਮੇਂ ਸਿਰ ਕਰਨੇ ਚਾਹੀਦੇ ਹਨ ਕਿਉਂਕਿ ਭੁਗਤਾਨ ਵਿੱਚ ਦੇਰੀ ਨਾਲ ਨਾ ਸਿਰਫ਼ ਜੁਰਮਾਨਾ ਲੱਗਦਾ ਹੈ, ਬਲਕਿ ਤੁਹਾਡਾ ਕ੍ਰੈਡਿਟ ਸਕੋਰ ਵੀ ਘੱਟ ਜਾਂਦਾ ਹੈ।
2. ਇੱਕ ਚੰਗਾ ਕ੍ਰੈਡਿਟ ਬੈਲੇਂਸ ਬਣਾਓ
ਤੁਹਾਡੇ ਕੋਲ ਸੁਰੱਖਿਅਤ ਕਰਜ਼ਿਆਂ ਜਿਵੇਂ ਕਿ ਘਰੇਲੂ ਕਰਜ਼ਿਆਂ ਤੇ ਕਾਰ ਕਰਜ਼ਿਆਂ ਦੇ ਨਾਲ ਨਾਲ ਅਸੁਰੱਖਿਅਤ ਕਰਜ਼ਿਆਂ ਜਿਵੇਂ ਕਿ ਨਿੱਜੀ ਕਰਜ਼ਿਆਂ ਤੇ ਕ੍ਰੈਡਿਟ ਕਾਰਡਾਂ ਦਾ ਵਧੀਆ ਮਿਸ਼ਰਣ ਹੋਣਾ ਚਾਹੀਦਾ ਹੈ। ਬੈਂਕ ਤੇ NBFC ਆਮ ਤੌਰ 'ਤੇ ਸੁਰੱਖਿਅਤ ਕਰਜ਼ੇ ਵਾਲੇ ਲੋਕਾਂ ਨੂੰ ਤਰਜੀਹ ਦਿੰਦੇ ਹਨ।
ਜੇਕਰ ਤੁਹਾਡੇ ਕੋਲ ਬਹੁਤ ਸਾਰੇ ਅਸੁਰੱਖਿਅਤ ਕਰਜ਼ੇ ਹਨ ਤਾਂ ਤੁਹਾਨੂੰ ਚੰਗਾ ਕ੍ਰੈਡਿਟ ਬੈਲੇਂਸ ਰੱਖਣ ਲਈ ਪਹਿਲਾਂ ਉਨ੍ਹਾਂ ਨੂੰ ਵਾਪਸ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਹੈ, ਤਾਂ ਇਸ ਨੂੰ ਨਿਰਧਾਰਤ ਮਿਤੀ ਤੋਂ ਪਹਿਲਾਂ ਵਾਪਸ ਕਰਨ ਦੀ ਕੋਸ਼ਿਸ਼ ਕਰੋ। ਇਹ ਤੁਹਾਡੇ ਕ੍ਰੈਡਿਟ ਸਕੋਰ ਨੂੰ ਬਿਹਤਰ ਬਣਾਉਣ ਲਈ ਇੱਕ ਚੰਗੀ ਯੋਜਨਾ ਹੋ ਸਕਦੀ ਹੈ।
3. ਕ੍ਰੈਡਿਟ ਕਾਰਡ ਵਿੱਚ ਬਕਾਇਆ ਨਾ ਰੱਖੋ
ਜੇਕਰ ਤੁਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕੀਤੀ ਹੈ ਤਾਂ ਇਸ ਨੂੰ ਨਿਰਧਾਰਤ ਮਿਤੀ ਤੋਂ ਪਹਿਲਾਂ ਵਾਪਸ ਕਰਨ ਦੀ ਕੋਸ਼ਿਸ਼ ਕਰੋ। ਇਹ ਤੁਹਾਡੇ ਕ੍ਰੈਡਿਟ ਸਕੋਰ ਨੂੰ ਬਿਹਤਰ ਬਣਾਉਣ ਲਈ ਇੱਕ ਚੰਗੀ ਯੋਜਨਾ ਹੋ ਸਕਦੀ ਹੈ।
4. ਲੋਨ ਗਾਰੰਟਰ ਬਣਨ ਤੋਂ ਬਚੋ
ਤੁਹਾਨੂੰ ਸਾਂਝਾ ਖਾਤਾ ਖੋਲ੍ਹਣ ਜਾਂ ਕਿਸੇ ਦੇ ਕਰਜ਼ੇ ਲਈ ਗਾਰੰਟਰ ਬਣਨ ਤੋਂ ਬਚਣਾ ਚਾਹੀਦਾ ਹੈ। ਜੇਕਰ ਦੂਜੀ ਧਿਰ ਡਿਫਾਲਟ ਹੁੰਦੀ ਹੈ ਤਾਂ ਇਹ ਤੁਹਾਡੇ CIBIL ਸਕੋਰ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਦੇ ਨਾਲ ਹੀ ਤੁਹਾਨੂੰ ਇੱਕੋ ਸਮੇਂ ਕਈ ਕਰਜ਼ੇ ਨਹੀਂ ਲੈਣੇ ਚਾਹੀਦੇ। ਜੇਕਰ ਤੁਸੀਂ ਦੂਜਾ ਕਰਜ਼ਾ ਲੈਣਾ ਚਾਹੁੰਦੇ ਹੋ ਤਾਂ ਪਹਿਲੇ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰੋ। ਇਹ ਕ੍ਰੈਡਿਟ ਸਕੋਰ ਵਧਾਉਣ ਵਿੱਚ ਵੀ ਮਦਦ ਕਰੇਗਾ।
5. ਸੀਮਾਵਾਂ ਦੇ ਅੰਦਰ ਕ੍ਰੈਡਿਟ ਕਾਰਡ ਦੀ ਵਰਤੋਂ ਕਰੋ
ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਦੀ ਪੂਰੀ ਸੀਮਾ ਦੀ ਵਰਤੋਂ ਨਹੀਂ ਕਰਦੇ ਤਾਂ ਤੁਸੀਂ ਆਪਣੇ ਕ੍ਰੈਡਿਟ ਸਕੋਰ ਨੂੰ ਜਲਦੀ ਸੁਧਾਰ ਸਕਦੇ ਹੋ। ਹਰ ਮਹੀਨੇ ਆਪਣੀ ਕ੍ਰੈਡਿਟ ਸੀਮਾ ਦਾ ਸਿਰਫ਼ 30 ਪ੍ਰਤੀਸ਼ਤ ਖਰਚ ਕਰਨ ਦੀ ਕੋਸ਼ਿਸ਼ ਕਰੋ। ਇਸ ਤੋਂ ਵੱਧ ਖਰਚ ਕਰਨਾ ਦਰਸਾਉਂਦਾ ਹੈ ਕਿ ਤੁਸੀਂ ਬਿਨਾਂ ਸੋਚੇ-ਸਮਝੇ ਪੈਸੇ ਬਰਬਾਦ ਕਰਦੇ ਹੋ ਅਤੇ ਕਰਜ਼ੇ 'ਤੇ ਤੁਹਾਡੀ ਨਿਰਭਰਤਾ ਜ਼ਿਆਦਾ ਹੈ।
ਇਸ ਦੇ ਨਾਲ ਹੀ ਕਰਜ਼ਾ ਲੈਂਦੇ ਸਮੇਂ ਤੁਹਾਨੂੰ ਮੁੜ ਅਦਾਇਗੀ ਲਈ ਇੱਕ ਲੰਮਾ ਸਮਾਂ ਚੁਣਨਾ ਚਾਹੀਦਾ ਹੈ। ਇਸ ਨਾਲ EMI ਘੱਟ ਜਾਵੇਗੀ ਅਤੇ ਤੁਹਾਨੂੰ ਕਰਜ਼ਾ ਚੁਕਾਉਣ ਲਈ ਲੰਬਾ ਸਮਾਂ ਮਿਲੇਗਾ। ਤੁਹਾਡੇ ਡਿਫਾਲਟ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਵੇਗੀ ਤੇ ਤੁਹਾਡਾ CIBIL ਸਕੋਰ ਆਪਣੇ ਆਪ ਸੁਧਰ ਜਾਵੇਗਾ।
ਕ੍ਰੈਡਿਟ ਸਕੋਰ ਨੂੰ ਸੁਧਾਰਨ ਵਿੱਚ ਕਿੰਨਾ ਸਮਾਂ ਲੱਗੇਗਾ?
ਇਸ ਦਾ ਜਵਾਬ ਤੁਹਾਡੀ ਵਿੱਤੀ ਸਥਿਤੀ 'ਤੇ ਨਿਰਭਰ ਕਰਦਾ ਹੈ। ਜੇਕਰ ਤੁਸੀਂ ਆਪਣੇ ਕਰਜ਼ੇ ਤੇ ਕ੍ਰੈਡਿਟ ਕਾਰਡ ਦੇ ਖਰਚਿਆਂ ਨੂੰ ਸਮੇਂ ਸਿਰ ਵਾਪਸ ਕਰਦੇ ਹੋ, ਤਾਂ ਤੁਹਾਡਾ ਕ੍ਰੈਡਿਟ ਸਕੋਰ 4 ਤੋਂ 13 ਮਹੀਨਿਆਂ ਵਿੱਚ ਸੁਧਰ ਸਕਦਾ ਹੈ ਪਰ ਮੂਲ ਸਿਧਾਂਤ ਉਹੀ ਰਹਿੰਦਾ ਹੈ ਕਿ ਤੁਹਾਨੂੰ ਪੈਸੇ ਖਰਚਣ ਵਿੱਚ ਅਨੁਸ਼ਾਸਨ ਵਿੱਚ ਰਹਿਣਾ ਪਵੇਗਾ।
ਇਸ ਤਰ੍ਹਾਂ ਤੁਸੀਂ ਆਪਣਾ CIBIL ਸਕੋਰ ਚੈੱਕ ਕਰ ਸਕਦੇ ਹੋ...
- https://www.cibil.com/ 'ਤੇ ਜਾਓ।
- 'ਆਪਣਾ CIBIL ਸਕੋਰ ਪ੍ਰਾਪਤ ਕਰੋ' 'ਤੇ ਕਲਿੱਕ ਕਰੋ।
- ਆਪਣਾ ਨਾਮ, ਈਮੇਲ ਆਈਡੀ ਤੇ ਪਾਸਵਰਡ ਟਾਈਪ ਕਰੋ। ਇੱਕ ਪਛਾਣ ਪੱਤਰ ਜਮ੍ਹਾਂ ਕਰੋ। ਫਿਰ ਪਿੰਨ ਕੋਡ, ਜਨਮ ਮਿਤੀ ਤੇ ਫ਼ੋਨ ਨੰਬਰ ਦਰਜ ਕਰੋ।
- ਫਿਰ 'ਸਵੀਕਾਰ ਕਰੋ ਤੇ ਜਾਰੀ ਰੱਖੋ' 'ਤੇ ਕਲਿੱਕ ਕਰੋ।
- ਤੁਹਾਨੂੰ ਤੁਹਾਡੇ ਰਜਿਸਟਰਡ ਫ਼ੋਨ ਨੰਬਰ 'ਤੇ OTP ਪ੍ਰਾਪਤ ਹੋਵੇਗਾ। ਇਸ ਨੂੰ ਟਾਈਪ ਕਰੋ ਤੇ 'ਜਾਰੀ ਰੱਖੋ' ਚੁਣੋ।
- ਇਸ ਤੋਂ ਬਾਅਦ ਡੈਸ਼ਬੋਰਡ 'ਤੇ ਜਾਓ ਤੇ ਆਪਣਾ ਕ੍ਰੈਡਿਟ ਸਕੋਰ ਚੈੱਕ ਕਰੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
