Chandigarh News: ਕੈਨੇਡਾ ਤੋਂ ਬੁਰੀ ਖਬਰ! 25 ਸਾਲਾ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ
ਨੇੜਲੇ ਕਸਬਾ ਬਨੂੜ ਦੇ ਵਾਰਡ ਨੰਬਰ-12 ਦੇ ਵਸਨੀਕ ਤੇ ਪੰਜਾਬ ਸਿਵਲ ਸਕੱਤਰੇਤ ਵਿੱਚ ਪ੍ਰਾਈਵੇਟ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਜਰਨੈਲ ਸਿੰਘ ਦੇ ਕੈਨੇਡਾ ਵਿੱਚ ਐਡਮਿੰਟਨ ਰਹਿੰਦੇ ਨੌਜਵਾਨ ਪੁੱਤਰ ਜਸਕੀਰਤ ਸਿੰਘ (25) ਦੀ ਅਚਾਨਕ ਮੌਤ ਹੋ ਗਈ।
Chandigarh News: ਨੇੜਲੇ ਕਸਬਾ ਬਨੂੜ ਦੇ ਵਾਰਡ ਨੰਬਰ-12 ਦੇ ਵਸਨੀਕ ਤੇ ਪੰਜਾਬ ਸਿਵਲ ਸਕੱਤਰੇਤ ਵਿੱਚ ਪ੍ਰਾਈਵੇਟ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਜਰਨੈਲ ਸਿੰਘ ਦੇ ਕੈਨੇਡਾ ਵਿੱਚ ਐਡਮਿੰਟਨ ਰਹਿੰਦੇ ਨੌਜਵਾਨ ਪੁੱਤਰ ਜਸਕੀਰਤ ਸਿੰਘ (25) ਦੀ ਅਚਾਨਕ ਮੌਤ ਹੋ ਗਈ। 15 ਦਿਨ ਪਹਿਲਾਂ 26 ਮਈ ਨੂੰ ਸ਼ਹਿਰ ਦੇ ਵਾਰਡ ਨੰਬਰ ਅੱਠ ਦੀ ਡੇਢ ਮਹੀਨਾ ਪਹਿਲਾਂ ਕੈਨੇਡਾ ਗਈ ਲੜਕੀ ਕੋਮਲਪ੍ਰੀਤ ਕੌਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਪਰੋਥਲੀ ਕੈਨੇਡਾ ਗਏ ਦੋ ਨੌਜਵਾਨਾਂ ਦੀ ਮੌਤ ਹੋਣ ਨਾਲ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।
ਤਾਜ਼ਾ ਘਟਨਾ ਭਾਰਤ ਦੇ ਸਮੇਂ ਅਨੁਸਾਰ ਐਤਵਾਰ ਨੂੰ ਵਾਪਰੀ। ਜਸਕੀਰਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪੁੱਤਰ ਐਡਮਿੰਟਨ ਰਹਿੰਦਾ ਸੀ ਤੇ ਉੱਥੋਂ ਦਾ ਪੀਆਰ ਸੀ। ਉਨ੍ਹਾਂ ਕਿਹਾ ਕਿ ਜਸਕੀਰਤ ਉੱਥੋਂ ਦੇ ਸਵੇਰੇ 7 ਵਜੇ ਆਪਣੇ ਕੰਮ ਉੱਤੇ ਜਾਣ ਲਈ ਤਿਆਰ ਹੋਇਆ ਸੀ। ਉਹ ਆਪਣੇ ਮਿੱਤਰ ਜਿਸ ਨਾਲ ਕਾਰ ਵਿੱਚ ਉਸ ਨੇ ਕੰਮ ਉੱਤੇ ਜਾਣਾ ਸੀ, ਨਾਲ ਮੋਬਾਈਲ ਉੱਤੇ ਗੱਲ ਕਰ ਰਿਹਾ ਸੀ। ਅਚਾਨਕ ਉਸ ਦੀ ਆਵਾਜ਼ ਬੰਦ ਹੋ ਗਈ।
ਉਸ ਦੇ ਮਿੱਤਰ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਜਸਕੀਰਤ ਕਮਰੇ ਵਿੱਚ ਡਿੱਗਿਆ ਪਿਆ ਸੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਜਰਨੈਲ ਸਿੰਘ ਅਨੁਸਾਰ ਉਸ ਦਾ ਪੁੱਤਰ ਇੱਥੋਂ ਬੀਟੈੱਕ ਇਲੈਕਟ੍ਰੀਕਲ ਦੀ ਡਿਗਰੀ ਕਰਨ ਉਪਰੰਤ 2017 ਵਿੱਚ ਕੈਨੇਡਾ ਪੜ੍ਹਨ ਗਿਆ ਸੀ। ਉਹ ਜੁਲਾਈ 2021 ਤੋਂ ਜੁਲਾਈ 2022 ਤੱਕ ਪੂਰਾ ਇੱਕ ਵਰ੍ਹਾ ਆਪਣੇ ਮਾਪਿਆਂ ਕੋਲ ਪੰਜਾਬ ਰਹਿ ਕੇ ਗਿਆ ਸੀ। ਹੁਣ ਉਹ ਆਪਣੇ ਛੋਟੇ ਭਰਾ ਅਰਸ਼ਦੀਪ ਸਿੰਘ ਕੋਲ ਐਡਮਿੰਟਨ ਰਹਿ ਰਿਹਾ ਸੀ ਤੇ ਮਕਾਨਾਂ ਦੀ ਉਸਾਰੀ ਦੀ ਠੇਕੇਦਾਰੀ ਦਾ ਕੰਮ ਕਰਦਾ ਸੀ।
ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਸੁਪਰਡੈਂਟ ਵਜੋਂ ਸੇਵਾਵਾਂ ਨਿਭਾਅ ਰਹੀ ਮਾਤਾ ਹਰਜੀਤ ਕੌਰ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖਣ ਲਈ ਅਗਲੇ ਇੱਕ-ਦੋ ਦਿਨਾਂ ਵਿੱਚ ਕੈਨੇਡਾ ਲਈ ਰਵਾਨਾ ਹੋਣਗੇ। ਜਰਨੈਲ ਸਿੰਘ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿੱਜੀ ਸਹਾਇਕ ਵਜੋਂ ਪੰਜ ਸਾਲ ਤਾਇਨਾਤ ਰਹੇ ਹਨ। ਮ੍ਰਿਤਕ ਜਸਕੀਰਤ ਸਿੰਘ ਦੇ ਮਾਤਾ-ਪਿਤਾ ਉਸ ਦੇ ਲਈ ਵਿਆਹ ਦੀ ਤਿਆਰੀ ਕਰ ਰਹੇ ਸਨ। ਇਸੇ ਵਰ੍ਹੇ ਉਸ ਨੇ ਵਾਪਸ ਘਰ ਆਉਣਾ ਸੀ।