ਕੈਨੇਡਾ 'ਚ ਪਵਨਪ੍ਰੀਤ ਕੌਰ ਨੂੰ ਉਸ ਦੇ ਦੋਸਤ ਨੇ ਹੀ ਮਾਰੀਆਂ ਸੀ ਗੋਲੀਆਂ, ਕੈਨੇਡਾ ਪੁਲਿਸ ਨੇ ਕਤਲ ਬਾਰੇ ਕੀਤਾ ਵੱਡਾ ਖੁਲਾਸਾ
ਕੈਨੇਡਾ ਵਿੱਚ ਪਵਨਪ੍ਰੀਤ ਕੌਰ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ। ਪਵਨਪ੍ਰੀਤ ਕੌਰ ਦਾ ਕਤਲ ਉਸ ਦੇ ਦੋਸਤ ਧਰਮਵੀਰ ਧਾਲੀਵਾਲ ਨੇ ਹੀ ਕੀਤੀ ਸੀ। ਇਹ ਦਾਅਵਾ ਕੈਨੇਡਾ ਪੁਲਿਸ ਨੇ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ...
Ludhiana News: ਕੈਨੇਡਾ ਵਿੱਚ ਪਵਨਪ੍ਰੀਤ ਕੌਰ ਦੇ ਕਤਲ ਦੀ ਗੁੱਥੀ ਸੁਲਝ ਗਈ ਹੈ। ਪਵਨਪ੍ਰੀਤ ਕੌਰ ਦਾ ਕਤਲ ਉਸ ਦੇ ਦੋਸਤ ਧਰਮਵੀਰ ਧਾਲੀਵਾਲ ਨੇ ਹੀ ਕੀਤੀ ਸੀ। ਇਹ ਦਾਅਵਾ ਕੈਨੇਡਾ ਪੁਲਿਸ ਨੇ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਧਰਮਵੀਰ ਧਾਲੀਵਾਲ ਉੱਪਰ ਸ਼ੱਕ ਸੀ ਕਿਉਂਕਿ ਉਹ ਵਿਆਹ ਲਈ ਦਬਾਅ ਬਣਾਉਂਦਾ ਤੇ ਬਲੈਕਮੇਲ ਕਰਦਾ ਆ ਰਿਹਾ ਸੀ।
ਹਾਸਲ ਜਾਣਕਾਰੀ ਮੁਤਾਬਕ ਹਲਕਾ ਪਾਇਲ ਦੇ ਪਿੰਡ ਕਲਾਹੜ ਦੀ ਲੜਕੀ ਪਵਨਪ੍ਰੀਤ ਕੌਰ ਦਾ 4 ਦਸੰਬਰ 2022 ਨੂੰ ਕੈਨੇਡਾ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਕੈਨੇਡਾ ਪੁਲਿਸ ਨੇ ਇਸ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪੁਲਿਸ ਦਾ ਦਾਅਵਾ ਹੈ ਕਿ ਪਵਨਪ੍ਰੀਤ ਕੌਰ ਨੂੰ ਉਸ ਦੇ ਦੋਸਤ ਧਰਮਵੀਰ ਧਾਲੀਵਾਲ ਨੇ ਗੋਲੀਆਂ ਮਾਰੀਆਂ ਸੀ।
ਇਸ ਮਾਮਲੇ ’ਚ ਕੈਨੇਡਾ ’ਚ ਹੀ ਰਹਿੰਦੀ ਧਰਮਵੀਰ ਧਾਲੀਵਾਲ ਦੀ ਮਾਤਾ ਤੇ ਭਰਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੁਣ ਧਰਮਵੀਰ ਖ਼ਿਲਾਫ਼ ਵਾਰੰਟ ਜਾਰੀ ਕੀਤਾ ਗਿਆ ਹੈ। ਕੈਨੇਡਾ ਪੁਲਿਸ ਫੋਨ ਕਰਕੇ ਪਰਿਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮ੍ਰਿਤਕ ਪਵਨਪ੍ਰੀਤ ਕੌਰ ਦੇ ਮਾਪਿਆਂ ਨੇ ਕਾਤਲ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਕੈਨੇਡਾ ਪੁਲਿਸ ਦੀ ਇਸ ਕਾਰਵਾਈ ’ਤੇ ਪਿੰਡ ਕੁਲਾਹੜ ਰਹਿੰਦੇ ਪਵਨਪ੍ਰੀਤ ਦੇ ਮਾਪਿਆਂ ਨੇ ਤਸੱਲੀ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਮ੍ਰਿਤਕ ਪਵਨਪ੍ਰੀਤ ਕੌਰ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਨੂੰ ਮਿਹਨਤ ਮਜ਼ਦੂਰੀ ਕਰਕੇ ਕੈਨੇਡਾ ਭੇਜਿਆ ਸੀ ਪਰ ਕੈਨੇਡਾ ਵਿੱਚ 4 ਦਸੰਬਰ ਦੀ ਰਾਤ ਨੂੰ ਗੈਸ ਸਟੇਸ਼ਨ ’ਤੇ ਉਸ ਦੀ ਧੀ ਨੂੰ ਗੋਲੀਆਂ ਮਾਰੀਆਂ ਗਈਆਂ।
ਉਨ੍ਹਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਇਹ ਕਤਲ ਧਰਮਵੀਰ ਧਾਲੀਵਾਲ ਨੇ ਕੀਤਾ ਹੈ ਕਿਉਂਕਿ ਧਰਮਵੀਰ ਉਸ ਦੀ ਧੀ ’ਤੇ ਵਿਆਹ ਲਈ ਦਬਾਅ ਬਣਾਉਂਦਾ ਤੇ ਬਲੈਕਮੇਲ ਕਰਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਕੈਨੇਡਾ ਪੁਲਿਸ ਵੱਲੋਂ ਕੀਤੀ ਜਾਂਚ ’ਚ ਸਭ ਕੁਝ ਸਪੱਸ਼ਟ ਹੋ ਗਿਆ ਹੈ।
ਦੱਸ ਦਈਏ ਕਿ ਕੈਨੇਡਾ ਪੁਲੀਸ ਨੇ ਧਰਮਵੀਰ ਦੀ ਮਾਂ ਤੇ ਭਰਾ ਨੂੰ 18 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ ਕਿਉਂਕਿ ਧਰਮਵੀਰ ਵੱਲੋਂ ਕਤਲ ਕਰਨ ਮਗਰੋਂ ਉਸ ਦੀ ਮਾਂ ਤੇ ਭਰਾ ਨੇ ਉਸ ਦਾ ਪੂਰਾ ਸਾਥ ਦਿੱਤਾ ਸੀ। ਮਾਂ ਤੇ ਭਰਾ ਨੇ ਧਰਮਵੀਰ ਦੀ ਮੌਤ ਦਾ ਕਥਿਤ ਡਰਾਮਾ ਰਚਦਿਆਂ ਉਸ ਨਮਿਤ ਭੋਗ ਵੀ ਪੁਆ ਦਿੱਤਾ ਗਿਆ ਸੀ।
ਹਾਲਾਂਕਿ ਕੈਨੇਡਾ ਪੁਲਿਸ ਨੇ ਇਸ ਡਰਾਮੇ ਤੋਂ ਬਾਅਦ ਵੀ ਜਾਂਚ ਜਾਰੀ ਰੱਖੀ ਤੇ ਹੁਣ ਧਰਮਵੀਰ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਹੈ ਜਿਸ ਦੀ ਸੂਚਨਾ ਕੈਨੇਡਾ ਪੁਲਿਸ ਨੇ ਫੋਨ ਰਾਹੀਂ ਉਨ੍ਹਾਂ ਨੂੰ ਦਿੱਤੀ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਕੈਨੇਡਾ ਪੁਲਿਸ ਛੇਤੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਵੇਗੀ।