ਪਿਛਲੇ 24 ਘੰਟੇ 'ਚ ਭਾਰਤ ਵਿੱਚ ਕੋਰੋਨਾ ਲਾਗ ਦੇ 97,000 ਨਵੇਂ ਮਾਮਲੇ ਸਾਹਮਣੇ ਆਏ ਹਨ। ਲਗਾਤਾਰ ਵੱਧ ਰਹੇ ਲਾਗ ਦੇ ਮਾਮਲਿਆਂ 'ਚ ਭਾਰਤ ਹੁਣ ਅਮਰੀਕਾ ਤੋਂ ਬਾਅਦ ਦੁਨੀਆ ਦਾ ਦੂਜਾ ਦੇਸ਼ ਬਣ ਗਿਆ ਹੈ। ਅਮਰੀਕਾ 'ਚ ਰੋਜ਼ਾਨਾ 1 ਲੱਖ ਤੋਂ ਵੱਧ ਲਾਗ ਦੇ ਕੇਸ ਸਾਹਮਣੇ ਆ ਰਹੇ ਹਨ।
ਦੂਜੀ ਲਹਿਰ ਵੱਧ ਖ਼ਤਰਨਾਕ
ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀਕੇ ਪੌਲ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਕੋਰੋਨਾ ਲਾਗ ਦੀ ਦੂਜੀ ਲਹਿਰ 'ਚ ਇਹ ਮਹਾਂਮਾਰੀ ਪਹਿਲੀ ਲਹਿਰ ਨਾਲੋਂ ਤੇਜ਼ੀ ਨਾਲ ਫੈਲ ਰਹੀ ਹੈ। ਕੁਝ ਸੂਬਿਆਂ 'ਚ ਹਾਲਾਤ ਕਾਫ਼ੀ ਖ਼ਰਾਬ ਹਨ, ਕੁਝ 'ਚ ਘੱਟ ਮਾਮਲੇ ਹਨ, ਪਰ ਇਸ ਬਿਮਾਰੀ ਨੇ ਪੂਰੇ ਦੇਸ਼ 'ਚ ਦਹਿਸ਼ਤ ਮਚਾ ਦਿੱਤੀ ਹੈ।
ਅਗਲੇ 4 ਹਫ਼ਤੇ ਬਹੁਤ ਨਾਜ਼ੁਕ
ਡਾ. ਪੌਲ ਨੇ ਕਿਹਾ ਕਿ ਅਗਲੇ 4 ਹਫ਼ਤੇ ਇਸ ਬਿਮਾਰੀ ਦੇ ਲਿਹਾਜ਼ ਨਾਲ ਬਹੁਤ ਨਾਜ਼ੁਕ ਹਨ। ਅਜਿਹੀ ਸਥਿਤੀ 'ਚ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਕਾਬੂ ਕਰਨ 'ਚ ਆਮ ਲੋਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਦੇਸ਼ ਦੀ ਆਬਾਦੀ ਦੇ ਲਿਹਾਜ਼ ਨਾਲ ਕਾਬੂ ਤੋਂ ਬਾਹਰ ਨਹੀਂ ਕਿਹਾ ਜਾ ਸਕਦਾ, ਪਰ ਜੇ ਲਾਗ ਇਸੇ ਤਰ੍ਹਾਂ ਫੈਲਦੀ ਰਹੀ ਤਾਂ ਦੇਸ਼ ਨੂੰ ਗੰਭੀਰ ਨੁਕਸਾਨ ਹੋਵੇਗਾ। ਬਿਮਾਰੀ ਨਾਲ ਨਜਿੱਠਣ ਦੇ ਤਰੀਕੇ ਉਹੀ ਹਨ, ਜੋ ਪਹਿਲੀ ਲਹਿਰ 'ਚ ਸਨ।
ਕੋਰੋਨਾ ਮਾਮਲਿਆਂ ਦੇ ਸਭ ਤੋਂ ਵੱਧ 10 ਜ਼ਿਲ੍ਹਿਆਂ 'ਚੋਂ 7 ਮਹਾਰਾਸ਼ਟਰ ਦੇ
ਛੱਤੀਸਗੜ੍ਹ ਵਰਗੇ ਛੋਟੇ ਸੂਬੇ 'ਚ ਵੀ ਕੋਰੋਨਾ ਬਾਰੇ ਸਥਿਤੀ ਚਿੰਤਾਜਨਕ ਹੁੰਦੀ ਜਾ ਰਹੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਛੱਤੀਸਗੜ੍ਹ ਦਾ ਦੁਰਗ ਜ਼ਿਲ੍ਹਾ ਐਕਟਿਵ ਮਰੀਜ਼ਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੇਸ਼ ਦੇ 10 ਸਭ ਤੋਂ ਵੱਧ ਸੰਕਰਮਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ ਹੈ। ਸਭ ਤੋਂ ਵੱਧ ਸੰਕਰਮਿਤ 10 ਜ਼ਿਲ੍ਹਿਆਂ 'ਚੋਂ 7 ਮਹਾਰਾਸ਼ਟਰ ਦੇ ਹਨ।
ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਮਹਾਰਾਸ਼ਟਰ, ਪੰਜਾਬ ਤੇ ਛੱਤੀਸਗੜ੍ਹ ਵਰਗੇ ਸੂਬਿਆਂ 'ਚ ਹਾਲਾਤ ਗੰਭੀਰ ਚਿੰਤਾ ਦਾ ਵਿਸ਼ਾ ਹਨ। ਮਹਾਰਾਸ਼ਟਰ 'ਚ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ, ਜਦਕਿ ਪੰਜਾਬ ਤੇ ਛੱਤੀਸਗੜ੍ਹ ਜਿਹੇ ਸੂਬਿਆਂ 'ਚ ਲਾਗ ਦੇ ਅਨੁਪਾਤ 'ਚ ਕੋਰੋਨਾ ਮਰੀਜ਼ਾਂ ਦੀ ਮੌਤ ਦੇ ਮਾਮਲੇ ਚਿੰਤਾ ਵਧਾ ਰਹੇ ਹਨ।