Farmers Protest: ਲੁਧਿਆਣਾ ਜ਼ਿਮਨੀ ਚੋਣ ਨਾਲ ਜੁੜੇ ਕਿਸਾਨਾਂ 'ਤੇ ਪੁਲਿਸ ਐਕਸ਼ਨ ਦੇ ਤਾਰ? ਇੰਝ ਬਣਿਆ ਪੂਰਾ ਪਲਾਨ
Farmers Protest: ਸ਼ੰਭੂ ਤੇ ਖਨੌਰੀ ਬਾਰਡਰਾਂ ਉਪਰ ਕਿਸਾਨ ਮੋਰਚਿਆਂ ਤੇ ਅਚਾਨਕ ਪੁਲਿਸ ਐਕਸ਼ਨ ਤੋਂ ਹਰ ਕੋਈ ਹੈਰਾਨ ਹੈ। ਕੇਂਦਰ ਸਰਕਾਰ ਨਾਲ ਸੁਖਾਵੇਂ ਮਾਹੌਲ ਵਿੱਚ ਚੱਲ ਰਹੀ ਗੱਲਬਾਤ ਦੌਰਾਨ ਕਿਸੇ ਨੇ ਅਜਿਹੇ ਐਕਸ਼ਨ ਬਾਰੇ ਸੋਚਿਆ

Farmers Protest: ਸ਼ੰਭੂ ਤੇ ਖਨੌਰੀ ਬਾਰਡਰਾਂ ਉਪਰ ਕਿਸਾਨ ਮੋਰਚਿਆਂ ਤੇ ਅਚਾਨਕ ਪੁਲਿਸ ਐਕਸ਼ਨ ਤੋਂ ਹਰ ਕੋਈ ਹੈਰਾਨ ਹੈ। ਕੇਂਦਰ ਸਰਕਾਰ ਨਾਲ ਸੁਖਾਵੇਂ ਮਾਹੌਲ ਵਿੱਚ ਚੱਲ ਰਹੀ ਗੱਲਬਾਤ ਦੌਰਾਨ ਕਿਸੇ ਨੇ ਅਜਿਹੇ ਐਕਸ਼ਨ ਬਾਰੇ ਸੋਚਿਆ ਵੀ ਨਹੀਂ ਸੀ। ਪੰਜਾਬ ਸਰਕਾਰ ਹੁਣ ਤੱਕ ਕਿਸਾਨਾਂ ਨਾਲ ਡਟ ਕੇ ਖੜ੍ਹੀ ਦਿਖਾਈ ਦੇ ਰਹੀ ਸੀ ਪਰ ਅਚਾਨਕ ਹੀ ਯੂ-ਟਰਨ ਲੈਂਦਿਆਂ ਕਿਸਾਨ ਲੀਡਰ ਹਿਰਾਸਤ ਵਿੱਚ ਲੈ ਲਏ ਤੇ ਪਿਛਲੇ 13 ਮਹੀਨਿਆਂ ਤੋਂ ਚੱਲ਼ ਰਹੇ ਮੋਰਚੇ ਪੁੱਟ ਸੁੱਟੇ। ਹੁਣ ਸਵਾਲ ਉੱਠ ਰਹੇ ਹਨ ਕਿ ਭਗਵੰਤ ਮਾਨ ਸਰਕਾਰ ਨੇ ਅਚਾਨਕ ਅਜਿਹੀ ਸਖਤੀ ਕਿਉਂ ਕੀਤੀ।
ਦਰਅਸਲ, ਇਸ ਦਾ ਜਵਾਬ ਆਮ ਆਦਮੀ ਪਾਰਟੀ ਨੇ ਖੁਦ ਹੀ ਦੇ ਦਿੱਤਾ ਹੈ। ਵਿਰੋਧੀਆਂ ਦੇ ਹਮਲਿਆਂ ਦਾ ਜਵਾਬ ਦਿੰਦਿਆਂ ਪੰਜਾਬ ਦੇ ਮੰਤਰੀਆਂ ਤੇ ਸੀਨੀਅਰ ਲੀਡਰਾਂ ਨੇ ਕਿਹਾ ਹੈ ਕਿ ਇਸ ਸਭ ਇਸ ਲਈ ਕੀਤਾ ਕਿਉਂਕਿ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਸੀ। ਭਾਵ ਕਾਰੋਬਾਰੀਆਂ ਦੇ ਦਬਾਅ ਕਰਕੇ ਸਰਕਾਰ ਨੂੰ ਇਹ ਐਕਸ਼ਨ ਲੈਣਾ ਪਿਆ। ਇਸ ਤੋਂ ਸਪਸ਼ਟ ਹੈ ਕਿ ਇਹ ਸਾਰਾ ਮਾਮਲਾ ਲੁਧਿਆਣਾ ਜ਼ਿਮਨੀ ਚੋਣ ਨਾਲ ਜੁੜਿਆ ਹੈ ਕਿਉਂਕਿ ਇਹ ਚੋਣ ਆਮ ਆਦਮੀ ਪਾਰਟੀ ਲਈ ਵੱਕਾਰ ਦਾ ਸਵਾਲ ਹੈ। ਇਸ ਲਈ ਹੀ ਪਿਛਲੇ ਕਈ ਦਿਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲੁਧਿਆਣਾ ਵਿੱਚ ਡਟੇ ਰਹੇ। ਉਨ੍ਹਾਂ ਨੇ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਵੀ ਕੀਤਾ।
ਦੱਸ ਦਈਏ ਕਿ ਲੁਧਿਆਣਾ ਪੱਛਮੀ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਜਿਮਨੀ ਚੋਣ 10 ਜੁਲਾਈ ਤੋਂ ਪਹਿਲਾਂ ਕਰਵਾਈ ਜਾਣੀ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ। ਦੂਜੇ ਪਾਸੇ ਸੀਟ ਦੇ ਐਲਾਨ ਤੋਂ ਬਾਅਦ ਲਗਾਤਾਰ ਵਿਰੋਧੀ ਪਾਰਟੀਆਂ ਸਵਾਲ ਖੜੇ ਕਰ ਰਹੀਆਂ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਮੈਂਬਰ ਬਣਾਉਣ ਦੇ ਲਈ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਸੰਜੀਵ ਅਰੋੜਾ ਦੇ ਜਿੱਤਦੇ ਹੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਮੈਂਬਰ ਬਣਾਇਆ ਜਾਵੇਗਾ।
ਜਾਣੋ ਲੁਧਿਆਣਾ ਸੀਟ ਦਾ ਰਾਜ
ਲੁਧਿਆਣਾ ਪੱਛਮੀ ਸੀਟ ਦੀ ਜੇਕਰ 2022 ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਇੱਥੋਂ ਵਿਧਾਇਕ ਬਣੇ ਸਨ। ਉਨ੍ਹਾਂ ਨੂੰ ਕੁੱਲ 40075 ਵੋਟਾਂ ਪਈਆਂ ਸਨ। ਹਾਲਾਂਕਿ ਇਸ ਤੋਂ ਪਹਿਲਾਂ ਦੋ ਵਾਰ ਲਗਾਤਾਰ ਇੱਥੋਂ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਜਿੱਤਦੇ ਰਹੇ ਜੋ ਕਾਂਗਰਸ ਦੀ ਸਰਕਾਰ ਵੇਲੇ ਕੈਬਨਿਟ ਦੇ ਵਿੱਚ ਸ਼ਾਮਲ ਸਨ। 2022 ਦੇ ਵਿੱਚ ਭਾਜਪਾ ਨੂੰ ਇਸ ਸੀਟ ਤੋਂ 27915 ਵੋਟਾਂ ਪਈਆਂ ਸਨ। ਵਿਕਰਮ ਸਿੱਧੂ ਭਾਜਪਾ ਦੇ ਉਮੀਦਵਾਰ ਸਨ। ਉੱਥੇ ਹੀ ਭਾਰਤ ਭੂਸ਼ਣ ਆਸ਼ੂ ਦੂਜੇ ਨੰਬਰ ਤੇ ਰਹੇ ਸਨ ਜਿਨ੍ਹਾਂ ਨੂੰ 32635 ਵੋਟਾਂ ਪਈਆਂ ਸਨ। ਹਾਲਾਂਕਿ ਅਕਾਲੀ ਦਲ ਨੂੰ 9921 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ ਸੀ। ਮਹੇਸ਼ ਇੰਦਰ ਗਰੇਵਾਲ ਅਕਾਲੀ ਦਲ ਦੇ ਉਮੀਦਵਾਰ ਸਨ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਕਾਰੋਬਾਰੀ ਸ਼ੰਭੂ ਬਾਰਡਰ ਬੰਦ ਹੋਣ ਕਰਕੇ ਪ੍ਰੇਸ਼ਾਨ ਹਨ। ਉਹ ਸਰਕਾਰ ਉਪਰ ਬਾਰਡਰ ਖੁੱਲ੍ਹਵਾਉਣ ਲਈ ਲਗਾਤਾਰ ਦਬਾਅ ਪਾ ਰਹੇ ਸੀ। ਇਸ ਲਈ ਪੰਜਾਬ ਸਰਕਾਰ ਨੇ ਤਿੰਨ ਦਿਨ ਪਹਿਲਾਂ ਹੀ ਇਸ ਐਕਸ਼ਨ ਲਈ ਹਰੀ ਝੰਡੀ ਦੇ ਦਿੱਤੀ ਸੀ। ਇੱਥੇ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਪੰਜਾਬ ਪੁਲਿਸ ਨੇ ਬਾਰਡਰ ਖੋਲ੍ਹਣ ਲਈ 19 ਮਾਰਚ ਨੂੰ ਹੀ ਕਿਉਂ ਚੁਣਿਆ?
ਕਿਵੇਂ ਬਣਾਇਆ ਐਕਸ਼ਨ ਪਲਾਨ
ਪੁਲਿਸ ਸੂਤਰਾਂ ਅਨੁਸਾਰ ਕਿਸੇ ਵੀ ਟਕਰਾਅ ਤੋਂ ਬਚਣ ਲਈ ਪੰਜਾਬ ਪੁਲਿਸ ਨੇ 72 ਘੰਟੇ ਪਹਿਲਾਂ ਹੀ ਯੋਜਨਾ ਬਣਾ ਲਈ ਸੀ। ਇਸੇ ਲਈ ਪੁਲਿਸ ਨੇ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਦਾ ਦਿਨ ਚੁਣਿਆ। ਪੁਲਿਸ ਨੂੰ ਪਤਾ ਸੀ ਕਿ ਕਿਸਾਨ ਅੰਦੋਲਨ ਦੇ ਵੱਡੇ ਚਿਹਰੇ, ਸਰਵਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਮੀਟਿੰਗ ਲਈ ਚੰਡੀਗੜ੍ਹ ਆਉਣਗੇ। ਇਸ ਕਾਰਨ ਦੋਵਾਂ ਸਰਹੱਦਾਂ ਤੋਂ ਕਿਸਾਨਾਂ ਨੂੰ ਹਟਾਉਣ ਵਿੱਚ ਬਹੁਤੀ ਮੁਸ਼ਕਲ ਨਹੀਂ ਆਵੇਗੀ।
ਸੂਤਰਾਂ ਮੁਤਾਬਕ ਪੁਲਿਸ ਨੇ ਪਹਿਲਾਂ ਪੂਰੀ ਯੋਜਨਾ ਬਣਾਈ। ਦੋ ਆਈਏਐਸ ਅਧਿਕਾਰੀਆਂ ਤੇ 4 ਆਈਪੀਐਸ ਅਧਿਕਾਰੀਆਂ ਨੇ ਗੁਪਤ ਮੀਟਿੰਗ ਕੀਤੀ। ਯੋਜਨਾ ਦੇ ਤਹਿਤ ਇੱਕ ਕਮਾਂਡੋ ਬਟਾਲੀਅਨ ਦੇ ਨਾਲ 1,500 ਪੁਲਿਸ ਕਰਮਚਾਰੀ ਤੇ ਅਧਿਕਾਰੀ ਤਾਇਨਾਤ ਕੀਤੇ ਗਏ। ਪੁਲਿਸ ਨੂੰ ਹੁਕਮ ਦਿੱਤਾ ਕਿ ਜਿਵੇਂ ਹੀ ਕਿਸਾਨ ਆਗੂ ਮੁਹਾਲੀ ਵਿੱਚ ਦਾਖਲ ਹੁੰਦੇ ਹਨ, ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਵੇ, ਪਰ ਉਨ੍ਹਾਂ ਨੂੰ ਥਾਣਿਆਂ ਵਿੱਚ ਨਹੀਂ ਸਗੋਂ ਵੱਡੇ ਸਿਖਲਾਈ ਕੇਂਦਰਾਂ ਵਿੱਚ ਰੱਖਿਆ ਜਾਵੇ। ਜੇਕਰ ਕਾਰਵਾਈ ਸਮੇਂ ਵੱਡੇ ਕਿਸਾਨ ਆਗੂ ਖਨੌਰੀ ਤੇ ਸ਼ੰਭੂ ਸਰਹੱਦ 'ਤੇ ਮੌਜੂਦ ਹੁੰਦੇ ਤਾਂ ਤਣਾਅ ਵਧ ਸਕਦਾ ਸੀ। ਅਜਿਹੀ ਸਥਿਤੀ ਵਿੱਚ ਸਿਰਫ਼ ਉਦੋਂ ਹੀ ਕਾਰਵਾਈ ਕਰਨ ਦੀ ਯੋਜਨਾ ਸੀ ਜਦੋਂ ਪੰਧੇਰ ਤੇ ਡੱਲੇਵਾਲ ਮੋਰਚੇ ਤੋਂ ਦੂਰ ਹੋਣ।
ਇਸ ਲਈ 18-19 ਫਰਵਰੀ ਦੀ ਰਾਤ ਨੂੰ ਲਗਪਗ 1 ਵਜੇ ਤੱਕ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਸੰਗਰੂਰ ਤੇ ਹੋਰ ਥਾਵਾਂ 'ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ। ਕਿਸਾਨ ਆਗੂਆਂ ਨੂੰ ਇਸ ਗੱਲ ਦਾ ਅੰਦਾਜ਼ਾ ਸਵੇਰੇ 4 ਵਜੇ ਲੱਗ ਗਿਆ ਸੀ ਪਰ ਉਹ ਮੀਟਿੰਗ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ। ਮੋਬਾਈਲ ਨੈੱਟਵਰਕ ਵੀ ਬੰਦ ਕਰ ਦਿੱਤੇ ਗਏ। ਜਦੋਂ 19 ਫਰਵਰੀ ਦੀ ਦੁਪਹਿਰ ਨੂੰ ਚੰਡੀਗੜ੍ਹ ਵਿੱਚ ਕੇਂਦਰ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਸੀ, ਤਾਂ ਸੂਬਾ ਪੁਲਿਸ ਤੇ ਖੁਫੀਆ ਏਜੰਸੀਆਂ ਯੋਜਨਾ ਨੂੰ ਲਾਗੂ ਕਰਨ ਵਿੱਚ ਲਗਾਤਾਰ ਰੁੱਝੀਆਂ ਹੋਈਆਂ ਸਨ। ਮੀਟਿੰਗ ਤੋਂ ਬਾਅਦ ਜਿਵੇਂ ਹੀ ਕਿਸਾਨ ਆਗੂ ਬਾਹਰ ਆਏ, ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
