Punjab News: ਪੰਜਾਬ ਦਾ ਨਾਂਅ ਚਮਕਾਉਣ ਵਾਲੇ ਖਿਡਾਰੀਆਂ ਨੂੰ ਮੰਤਰੀ ਨੇ ਦਿੱਤੀਆਂ ਵਧਾਈਆਂ, ਕਿਹਾ ਸੂਬੇ 'ਚ ਛੇਤੀ ਹੀ ਲਾਗੂ ਕੀਤੀ ਜਾਵੇਗੀ ਨਵੀਂ ਖੇਡ ਨੀਤੀ
ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਵਚਨਬੱਧ ਹੈ ਜਿਸ ਲਈ ਖੇਡ ਵਿਭਾਗ ਨਿਰੰਤਰ ਉਪਰਾਲੇ ਕਰ ਰਿਹਾ ਹੈ। ਬਹੁਤ ਹੀ ਜਲਦ ਹੀ ਪੰਜਾਬ ਦੀ ਨਵੀਂ ਖੇਡ ਨੀਤੀ ਲਾਗੂ ਕੀਤੀ ਜਾਵੇਗੀ ਜਿਸ ਨਾਲ ਪੰਜਾਬ ਵਿੱਚ ਖੇਡ ਪੱਖੀ ਮਾਹੌਲ ਸਿਰਜਿਆ ਜਾਵੇਗਾ।
Punjab News: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਆਪਣੀ ਰਿਹਾਇਸ਼ ਵਿਖੇ ਜੂਨੀਅਰ ਵਿਸ਼ਵ ਕੱਪ ਵਿੱਚ ਤਮਗ਼ਾ ਜਿੱਤ ਕੇ ਆਏ ਨਿਸ਼ਾਨੇਬਾਜ਼ਾਂ ਨਾਲ ਮੁਲਾਕਾਤ ਕੀਤੀ। ਮੰਤਰੀ ਮੀਤ ਹੇਅਰ ਨੇ ਜੂਨੀਅਰ ਵਿਸ਼ਵ ਕੱਪ ਵਿੱਚ ਤਮਗ਼ੇ ਜਿੱਤ ਕੇ ਆਏ ਪੰਜਾਬ ਦੇ ਤਿੰਨ ਨਿਸ਼ਾਨੇਬਾਜ਼ ਨੂੰ ਵੀ ਮਿਲ ਕੇ ਵਧਾਈ ਦਿੱਤੀ। ਇਹ ਨਿਸ਼ਾਨੇਬਾਜ਼ ਸਪੋਰਟਸ ਪਿਸਟਲ ਵਿੱਚ ਸੋਨ ਤਮਗ਼ਾ ਜਿੱਤਣ ਵਾਲੇ ਅਮਨਪ੍ਰੀਤ ਸਿੰਘ, ਸਪੋਰਟਸ ਪਿਸਟਲ ਮਹਿਲਾ ਟੀਮ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਸਿਮਰਨਪ੍ਰੀਤ ਕੌਰ ਬਰਾੜ ਤੇ ਰੈਪਿਡ ਫਾਇਰ ਪਿਸਟਲ ਟੀਮ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਰਾਜਕੰਵਰ ਸੰਧੂ ਸਨ। ਉਨਾਂ ਨਾਲ ਭਾਰਤੀ ਜੂਨੀਅਰ ਨਿਸ਼ਾਨੇਬਾਜ਼ੀ ਟੀਮ ਦੇ ਕੋਚ ਅੰਕੁਸ਼ ਭਾਰਦਵਾਜ ਵੀ ਨਾਲ ਸਨ।
ਖੇਡ ਮੰਤਰੀ ਨੇ ਜੇਤੂ ਨਿਸ਼ਾਨੇਬਾਜ਼ਾਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਨਾਂ ਕਿਹਾ ਕਿ ਉਨਾਂ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਵਚਨਬੱਧ ਹੈ ਜਿਸ ਲਈ ਖੇਡ ਵਿਭਾਗ ਨਿਰੰਤਰ ਉਪਰਾਲੇ ਕਰ ਰਿਹਾ ਹੈ। ਬਹੁਤ ਹੀ ਜਲਦ ਹੀ ਪੰਜਾਬ ਦੀ ਨਵੀਂ ਖੇਡ ਨੀਤੀ ਲਾਗੂ ਕੀਤੀ ਜਾਵੇਗੀ ਜਿਸ ਨਾਲ ਪੰਜਾਬ ਵਿੱਚ ਖੇਡ ਪੱਖੀ ਮਾਹੌਲ ਸਿਰਜਿਆ ਜਾਵੇਗਾ।
ਭਾਰਤੀ ਕ੍ਰਿਕਟਰ ਹਰਲੀਨ ਦਿਓਲ ਅਤੇ ਜੂਨੀਅਰ ਵਿਸ਼ਵ ਮੈਡਲ ਜੇਤੂ ਨਿਸ਼ਾਨੇਬਾਜ਼ ਅਮਨਪ੍ਰੀਤ ਸਿੰਘ, ਸਿਮਰਨਪ੍ਰੀਤ ਕੌਰ ਬਰਾੜ ਤੇ ਰਾਜਕੰਵਰ ਸੰਧੂ ਅਤੇ ਕੋਚ ਅੰਕੁਸ਼ ਭਾਰਦਵਾਜ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਖੇਡਾਂ ਚ ਨੰਬਰ ਇਕ ਸੂਬਾ ਬਣਾਉਣ ਲਈ ਵਚਨਬੱਧ ਹੈ।@imharleenDeol pic.twitter.com/Qkz01Ffg5O
— Gurmeet Singh Meet Hayer (@meet_hayer) July 4, 2023
ਹਰਲੀਨ ਦਿਓਲ ਨੂੰ ਬੰਗਲਾਦੇਸ਼ ਦੌਰੇ ਲਈ ਦਿੱਤੀਆਂ ਸ਼ੁਭਕਾਮਨਾਵਾਂ
ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਬੱਲੇਬਾਜ਼ ਅਤੇ ਦੁਨੀਆਂ ਦੀਆਂ ਚੋਟੀ ਦੀਆਂ ਫੀਲਡਰਾਂ ਵਿੱਚੋਂ ਇਕ ਹਰਲੀਨ ਦਿਓਲ ਨੂੰ ਆਗਾਮੀ ਬੰਗਲਾਦੇਸ਼ ਦੌਰੇ ਲਈ ਸ਼ੁਭਕਾਮਨਾਵਾਂ ਦਿੰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਪੁਰਸ਼ ਕ੍ਰਿਕਟ ਵਾਂਗ ਹੁਣ ਮਹਿਲਾ ਕ੍ਰਿਕਟ ਵਿੱਚ ਪੰਜਾਬ ਵੱਡੇ ਪੱਧਰ ਉਤੇ ਹਾਜ਼ਰੀ ਲਗਾ ਰਿਹਾ ਹੈ। ਹਰਲੀਨ ਦਿਓਲ ਤੇ ਕਪਤਾਨ ਹਰਮਨਪ੍ਰੀਤ ਕੌਰ ਨੇ ਪੰਜਾਬ ਦੇ ਨਾਮ ਰੌਸ਼ਨ ਕੀਤਾ ਹੈ। ਉਨਾਂ ਭਾਰਤੀ ਕ੍ਰਿਕਟਰ ਕੋਲੋਂ ਸਕੂਲੀ ਪੱਧਰ ਤੋਂ ਹੀ ਖੇਡਾਂ ਵਿੱਚ ਦਿਲਚਸਪੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਹਰਲੀਨ ਦਿਓਲ ਵੱਲੋਂ ਖੇਡ ਮੰਤਰੀ ਨੂੰ ਕ੍ਰਿਕਟ ਬੱਲਾ ਵੀ ਭੇਂਟ ਕੀਤਾ ਗਿਆ।