Ludhiana News: ਠੱਗ ਨੇ ਟਾਟਾ ਸਟੀਲ ਦਾ ਡਿਵੈਲਪਮੈਂਟ ਮੈਨੇਜਰ ਬਣ ਕੇ ਕਰ ਦਿੱਤਾ ਵੱਡਾ ਕਾਰਾ, ਕਾਰੋਬਾਰੀਆਂ ਦੇ ਲੱਖਾਂ ਰੁਪਏ ਉਡਾਏ
Punjab news: ਪੁਲਿਸ ਨੇ ਮੁਲਜ਼ਮਾਂ ਨੂੰ ਕਾਰੋਬਾਰੀ ਨਾਲ ਹੋਈ 20 ਲੱਖ ਰੁਪਏ ਦੀ ਠੱਗੀ ਦੇ ਮਾਮਲੇ ’ਚ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ।
Ludhiana News: ਟਾਟਾ ਸਟੀਲ ਦਾ ਡਿਵੈਲਪਮੈਂਟ ਮੈਨੇਜਰ ਬਣ ਕੇ ਲੁਧਿਆਣਾ ਸ਼ਹਿਰ ਦੇ ਵੱਡੇ ਕਾਰੋਬਾਰੀਆਂ ਤੋਂ ਕਰੀਬ 20 ਲੱਖ ਠੱਗਣ ਦੇ ਮਾਮਲੇ ’ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ ਸਾਈਬਰ ਠੱਗੀ ਰਾਹੀਂ ਪੈਸੇ ਠੱਗਣ ਵਾਲੀਆਂ ਦੋ ਔਰਤਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਗਰੋਹ ਦਾ ਮਾਸਟਰ ਮਾਈਂਡ ਹਾਲੇ ਫ਼ਰਾਰ ਦੱਸਿਆ ਜਾ ਰਿਹਾ ਹੈ।
ਪੁਲਿਸ ਨੇ ਮੁਲਜ਼ਮਾਂ ਨੂੰ ਕਾਰੋਬਾਰੀ ਨਾਲ ਹੋਈ 20 ਲੱਖ ਰੁਪਏ ਦੀ ਠੱਗੀ ਦੇ ਮਾਮਲੇ ’ਚ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਦਿੱਲੀ ਸਾਊਥ ਵੈਸਟ ਵਾਸੀ ਪਰੀਨਾ, ਸੋਨੀਆ, ਹਰਿਆਣਾ ਵਾਸੀ ਵਿਵੇਕ ਤੇ ਵਿਕਾਸ ਵਜੋਂ ਹੋਈ ਹੈ ਜਦੋਂਕਿ ਇਸ ਗਰੋਹ ਦਾ ਮਾਸਟਰਮਾਈਂਡ ਬਿਹਾਰ ਵਾਸੀ ਛੋਟੂ ਉਰਫ਼ ਕਿਸ਼ਨ ਘੋਸ਼ ਹਾਲੇ ਪੁਲਿਸ ਹੱਥੇ ਨਹੀਂ ਚੜ੍ਹਿਆ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ 2 ਦਿਨਾਂ ਰਿਮਾਂਡ ’ਤੇ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਜੁਆਇੰਟ ਪੁਲਿਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਕਿਸ਼ਨ ਘੋਸ਼ ਨੇ ਕਾਰੋਬਾਰੀਆਂ ਨੂੰ ਖੁਦ ਦੀ ਪਛਾਣ ਟਾਟਾ ਸਟੀਲ ਦਾ ਡਿਵੈਲਪਮੈਂਟ ਮੈਨੇਜਰ ਦੇ ਰੂਪ ’ਚ ਦੱਸੀ ਸੀ। ਕੰਪਨੀ ਵੱਲੋਂ ਗੁਹਾਟੀ ’ਚ ਫੈਕਟਰੀ ਬਿਲਡਿੰਗ ਉਸਾਰੀ ’ਚ ਵਰਤੇ ਜਾਣ ਵਾਲੇ ਸਰੀਏ ਦੀ ਆਨ-ਲਾਈਨ ਬੁਕਿੰਗ ਕਰਵਾਉਣੀ ਸੀ। ਮੁਲਜ਼ਮ ਛੋਟੂ ਨੇ ਖੁਦ ਨੂੰ ਮੈਨੇਜਰ ਦੱਸਿਆ ਤੇ ਲੋਹਾ ਕਾਰੋਬਾਰੀਆਂ ਤੋਂ 20 ਲੱਖ ਰੁਪਏ ਵੱਖ-ਵੱਖ ਖਾਤਿਆਂ ’ਚ ਟ੍ਰਾਂਸਫਰ ਕਰਵਾ ਲਏ।
ਜੇਸੀਪੀ ਨੇ ਦੱਸਿਆ ਕਿ ਮੁਲਜ਼ਮ ਵਿਵੇਕ ਤੇ ਵਿਕਾਸ ਨੇ ਆਪਣੇ ਪਤੇ ’ਤੇ ਹੀ ਮੁਲਜ਼ਮ ਛੋਟੂ ਦਾ ਜਾਅਲੀ ਆਧਾਰ ਕਾਰਡ ਬਣਵਾ ਰੱਖਿਆ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਕੁੱਲ 10 ਖਾਤਿਆਂ ’ਚ 80 ਲੱਖ ਤੱਕ ਦੀ ਠੱਗੀ ਮਾਰੀ ਹੈ। ਪਿਛਲੇ 1 ਸਾਲ ਤੋਂ ਇਸ ਗੈਂਗ ਨੇ ਫਰਜ਼ੀ ਆਧਾਰ ਕਾਰਡਾਂ ਦੀ ਮਦਦ ਨਾਲ ਸੈਂਕੜੇ ਫਰਜ਼ੀ ਖਾਤੇ ਖੁੱਲ੍ਹਵਾਏ ਹਨ।
ਮੁਲਜ਼ਮਾਂ ਤੋਂ 47 ਫਰਜ਼ੀ ਆਧਾਰ ਕਾਰਡ ਵੀ ਬਰਾਮਦ ਹੋਏ ਹਨ। ਮੁਲਜ਼ਮਾਂ ਤੋਂ ਮਿਲੇ ਫਰਜ਼ੀ ਆਧਾਰ ਕਾਰਡਾਂ ਦੀ ਮਦਦ ਨਾਲ ਸਬੰਧਤ ਬੈਂਕ ਖਾਤਿਆਂ ਦੀ ਜਾਣਕਾਰੀ ਹਾਸਲ ਕੀਤੀ ਗਈ ਹੈ। ਇਸ ਗੈਂਗ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰੇ ਜਾਣ ਦੀ ਸੰਭਾਵਨਾ ਹੈ। ਮੁੱਖ ਮੁਲਜ਼ਮ ਛੋਟੂ ਉਰਫ਼ ਕਿਸ਼ਨ ਘੋਸ਼ ਦੀ ਗ੍ਰਿਫ਼ਤਾਰੀ ਲਈ ਬਿਹਾਰ ’ਚ ਪੁਲਿਸ ਦੀਆਂ ਟੀਮਾਂ ਛਾਪੇ ਮਾਰਨ ਲਈ ਪੁੱਜ ਚੁੱਕੀਆਂ ਹਨ।