ਬਦਲੇ ਮੌਸਮ 'ਚ ਜਾਣੋ ਆਂਵਲੇ ਦੇ ਵੱਡੇ ਫਾਇਦੇ..
ਆਂਵਲਾ ਦਾ ਰਸ ਸਰੀਰ ਨੂੰ ਊਰਜਾ ਦੇ ਕੇ ਵਿਅਕਤੀ ਨੂੰ ਪੂਰਾ ਦਿਨ ਨਾ ਸਿਰਫ਼ ਚੁਸਤ ਰੱਖਦਾ ਹੈ, ਸਗੋਂ ਇਸ ਵਿੱਚ ਮੌਜੂਦ ਮਿਨਰਲਸ ਤੇ ਵਿਟਾਮਿਨ ਸੀ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।
ਚੰਡੀਗੜ੍ਹ : ਆਂਵਲਾ ਸਿਹਤ ਤੋਂ ਲੈ ਕੇ ਸੁੰਦਰਤਾ ਤੱਕ ਹਰ ਪਹਿਲੂ ਵਿੱਚ ਕੰਮ ਆਉਣ ਵਾਲੀ ਚੀਜ਼ ਹੈ। ਆਂਵਲਾ ਦਾ ਰਸ ਸਰੀਰ ਨੂੰ ਊਰਜਾ ਦੇ ਕੇ ਵਿਅਕਤੀ ਨੂੰ ਪੂਰਾ ਦਿਨ ਨਾ ਸਿਰਫ਼ ਚੁਸਤ ਰੱਖਦਾ ਹੈ, ਸਗੋਂ ਇਸ ਵਿੱਚ ਮੌਜੂਦ ਮਿਨਰਲਸ ਤੇ ਵਿਟਾਮਿਨ ਸੀ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ। ਜਿੱਥੋਂ ਤੱਕ ਗੱਲ ਸੁੰਦਰਤਾ ਲਾਭ ਦੀ ਹੈ ਤਾਂ ਇਸ ਦੇ ਸੇਵਨ ਨਾਲ ਵਿਅਕਤੀ ਨਾਂ ਸਿਰਫ਼ ਖ਼ੁਦ ਨੂੰ ਲੰਬੇ ਸਮੇਂ ਤੱਕ ਜਵਾਨ ਬਣਾਏ ਰੱਖ ਸਕਦਾ ਹੈ, ਸਗੋਂ ਇਸ ਨਾਲ ਵਾਲ਼ਾਂ ਨੂੰ ਵੀ ਲਾਭ ਹੁੰਦਾ ਹੈ। ਆਓ ਜਾਣਦੇ ਹਾਂ ਆਂਵਲੇ ਦੇ ਰਸ ਦੇ ਅਜਿਹੇ ਹੀ ਕੁੱਝ ਲਾਭ :-
ਡਾਇਬੀਟੀਜ਼ ਨੂੰ ਕੰਟਰੋਲ ਕਰਦਾ ਹੈ ਆਂਵਲਾ : ਆਂਵਲੇ ਵਿੱਚ ਗੈਲਿਕ ਐਸਿਡ, ਗੈਲੋਟੇਨਿਨ, ਅਲੈਜਿਕ ਐਸਿਡ ਅਤੇ ਕੋਰੀਲੈਗਿਨ ਜਿਹੇ ਤੱਤ ਮਿਲਦੇ ਹਨ। ਇਨ੍ਹਾਂ ਤੱਤਾਂ ਦੀ ਐਂਟੀ-ਬਾਇਬਿਟੀਜ ਸਮਰੱਥਾਵਾਂ ਕਾਰਨ ਇਹ ਖ਼ੂਨ ਵਿੱਚ ਮੌਜੂਦ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਦਾ ਹੈ। ਇਸ ਲਈ ਜੇਕਰ ਕਿਸੇ ਨੂੰ ਡਾਇਬੀਟੀਜ਼ ਦੀ ਸਮੱਸਿਆ ਹੈ ਤਾਂ ਆਂਵਲੇ ਦੇ ਰਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
ਗੁਡ ਕੋਲੈਸਟਰੋਲ ਵਿੱਚ ਕਰਦਾ ਹੈ ਵਾਧਾ : ਸਰੀਰ ਵਿੱਚ ਗੁਡ ਕੋਲੈਸਟਰੋਲ ਦਾ ਹੋਣਾ ਬੇਹੱਦ ਜ਼ਰੂਰੀ ਹੈ। ਕੁੱਝ ਖੋਜਾਂ ਤੋਂ ਪਤਾ ਲੱਗਾ ਹੈ ਕਿ ਆਂਵਲੇ ਦਾ ਰਸ ਨਾ ਸਿਰਫ਼ ਸਰੀਰ ਵਿੱਚ ਗੁਡ ਕੈਲੋਸਟਰੋਲ ਦੀ ਮਾਤਰਾ ਵਿੱਚ ਵਾਧਾ ਕਰਦਾ ਹੈ, ਸਗੋਂ ਇਸ ਦੇ ਨਿਯਮਤ ਸੇਵਨ ਨਾਲ ਸਰੀਰ ਵਿੱਚ ਮੌਜੂਦ ਬੈਡ ਕੋਲੈਸਟਰੋਲ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ। ਇਸ ਕਾਰਨ ਵਿਅਕਤੀ ਕੁੱਝ ਹੀ ਸਮੇਂ ਵਿੱਚ ਖ਼ੁਦ ਨੂੰ ਚੁਸਤ ਤੇ ਤੰਦਰੁਸਤ ਮਹਿਸੂਸ ਕਰਨ ਲੱਗਦਾ ਹੈ। ਦਰਅਸਲ, ਆਂਵਲੇ ਵਿੱਚ ਮੌਜੂਦ ਐਮਿਨੋ ਐਸਿਡ ਤੇ ਐਂਟੀਔਕਸੀਡੈਂਟ ਦਿਲ ਦੇ ਕੰਮ ਕਰਨ ਦੀ ਸਮਰੱਥਾ ਨੂੰ ਬਿਹਤਰ ਬਣਾਉਂਦੇ ਹਨ।
ਖਾਂਸੀ ਤੇ ਜ਼ੁਕਾਮ ਨੂੰ ਨੇੜੇ ਨਹੀਂ ਲੱਗਣ ਦਿੰਦਾ ਆਂਵਲਾ : ਕੁੱਝ ਲੋਕਾਂ ਨੂੰ ਬਦਲਦੇ ਮੌਸਮ ਵਿੱਚ ਖਾਂਸੀ ਤੇ ਜ਼ੁਕਾਮ ਦੀ ਸਮੱਸਿਆ ਰਹਿੰਦੀ ਹੈ। ਅਜਿਹੇ ਲੋਕਾਂ ਲਈ ਆਂਵਲਾ ਦਾ ਰਸ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਇਸ ਲਈ ਦੋ ਚਮਚ ਆਂਵਲਾ ਦੇ ਰਸ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਰੋਜ਼ਾਨਾ ਪੀਣੇ ਚਾਹੀਦੇ ਹਨ। ਇਸ ਨਾਲ ਖਾਂਸੀ ਤੇ ਜ਼ੁਕਾਮ ਤੋਂ ਰਾਹਤ ਮਿਲੇਗੀ। ਜੇਕਰ ਮੂੰਹ ਵਿੱਚ ਛਾਲਿਆਂ ਦੀ ਸਮੱਸਿਆ ਹੋਵੇ ਤਾਂ ਕੁੱਝ ਚਮਚ ਆਂਵਲੇ ਦਾ ਰਸ ਪਾਣੀ ਵਿੱਚ ਮਿਲਾ ਕੇ ਉਸ ਨਾਲ ਕੁੱਲੇ ਕਰਨੇ ਚਾਹੀਦੇ ਹਨ। ਕਿਉਂਕਿ ਆਂਵਲੇ ਵਿੱਚ ਵਿਟਾਮਿਨ ਸੀ ਕਾਫ਼ੀ ਮਾਤਰਾ ਵਿੱਚ ਮਿਲਦਾ ਹੈ, ਜਿਸ ਨਾਲ ਇਹ ਇਮਿਊਨਿਟੀ, ਮੈਟਾਬਾਲਿਜ਼ਮ ਨੂੰ ਵਧਾਉਂਦਾ ਹੈ ਤੇ ਬੈਕਟੀਰੀਆ ਇਨਫੈਕਸ਼ਨ ਨੂੰ ਘੱਟ ਕਰਦਾ ਹੈ। ਇਸ ਲਈ ਇਸ ਦੇ ਨਿਯਮਤ ਸੇਵਨ ਨਾਲ ਖਾਂਸੀ ਤੇ ਜ਼ੁਕਾਮ ਆਦਿ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਹੋ ਜਾਂਦੀ ਹੈ।
ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਕਰਦਾ ਹੈ ਸਫ਼ਾਈ : ਆਂਵਲੇ ਦਾ ਰਸ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਸਰੀਰ ਦੀ ਅੰਦਰੂਨੀ ਸਫ਼ਾਈ ਕਰਦਾ ਹੈ। ਇੰਨਾ ਹੀ ਨਹੀਂ, ਇਹ ਸਾਹ ਸਬੰਧੀ ਬਿਮਾਰੀਆਂ ਤੋਂ ਲੈ ਕੇ ਡਾਈਜੈਸਟਿਵ ਸਿਸਟਮ, ਲਿਵਰ ਦੇ ਫੰਕਸ਼ਨ, ਦਿਲ ਦੇ ਫੰਕਸ਼ਨ ਆਦਿ ਸਾਰਿਆਂ ਨੂੰ ਵਧੀਆ ਬਣਾਉਂਦਾ ਹੈ। ਇਸ ਵਿੱਚ ਵਿਟਾਮਿਨ ਸੀ ਤੋਂ ਬਿਨਾਂ ਆਇਰਨ, ਕੈਲਸ਼ੀਅਮ, ਫਾਸਫੋਰਸ ਆਦਿ ਵੀ ਮਿਲਦਾ ਹੈ। ਇਸ ਲਈ ਇਹ ਇੱਕ ਕੰਪਲੀਟ ਨਿਊਟ੍ਰੀਸ਼ਨ ਪੀਣ ਵਾਲਾ ਪਦਾਰਥ ਹੈ। ਨਾਲ ਹੀ ਇਸ ਦਾ ਰੋਜ਼ਾਨਾ ਸੇਵਨ ਵੀ ਕੀਤਾ ਜਾ ਸਕਦਾ ਹੈ, ਇਸ ਨਾਲ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਹੁੰਦਾ।
ਦਿਮਾਗ਼ ਨੂੰ ਕਰਦਾ ਹੈ ਤੇਜ਼ : ਆਂਵਲਾ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਐਂਟੀ ਐਕਸੀਡੈਂਟ ਨਿਊਰੋ ਟਰਾਂਸਮੀਟਰ ਦੇ ਪ੍ਰੋਡਕਸ਼ਨ ਨੂੰ ਹਲਾਸ਼ੇਰੀ ਦਿੰਦੇ ਹਨ, ਜਿਸ ਕਾਰਨ ਵਿਅਕਤੀ ਦਾ ਦਿਮਾਗ਼ ਪਹਿਲਾਂ ਨਾਲੋਂ ਬਿਹਤਰ ਢੰਗ ਨਾਲ ਕੰਮ ਕਰਨ ਲੱਗਦਾ ਹੈ। ਇਸ ਪ੍ਰਕਾਰ ਆਂਵਲਾ ਦੇ ਰਸ ਦੇ ਸੇਵਨ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਨਾਲ ਹੀ ਇਹ ਸਰੀਰ ਵਿੱਚ ਸਟ੍ਰੈਸ ਪੱਧਰ ਨੂੰ ਵੀ ਘੱਟ ਕਰਦਾ ਹੈ। ਇੰਨਾ ਹੀ ਨਹੀਂ, ਜੇਕਰ ਕਿਸੇ ਨੂੰ ਨੀਂਦ ਨਾ ਆਉਣ ਜਾਂ ਬੇਹੱਦ ਘੱਟ ਆਉਣ ਦੀ ਸਮੱਸਿਆ ਹੈ ਤਾਂ ਉਸ ਦੇ ਲਈ ਵੀ ਆਂਵਲੇ ਦਾ ਰਸ ਗੁਣਕਾਰੀ ਹੈ।
ਵਾਲ਼ਾਂ ਲਈ ਲਾਭਦਾਇਕ ਹੈ ਆਂਵਲੇ ਦਾ ਰਸ : ਵਾਲ਼ਾਂ ਨੂੰ ਮਜ਼ਬੂਤ ਬਣਾਉਣ ਲਈ ਸਰੀਰ ਵਿੱਚ ਲੋੜੀਂਦੀ ਮਾਤਰਾ ਵਿੱਚ ਪ੍ਰੋਟੀਨ ਦਾ ਹੋਣਾ ਬੇਹੱਦ ਜ਼ਰੂਰੀ ਹੈ, ਪਰ ਰੋਜ਼ਾਨਾ ਦੇ ਭੋਜਨ ਨਾਲ ਸਰੀਰ ਵਿੱਚ ਪ੍ਰੋਟੀਨ ਦੀ ਲੋੜ ਪੂਰੀ ਨਹੀਂ ਹੁੰਦੀ। ਜਿਸ ਨਾਲ ਵਾਲ਼ ਬੇਜਾਨ, ਰੁੱਖੇ, ਦੁਮੂੰਹੇ ਤੇ ਝੜਨ ਲੱਗਦੇ ਹਨ। ਅਜਿਹੇ ਵਿੱਚ ਆਂਵਲੇ ਦਾ ਰਸ ਲਾਭ ਪਹੁੰਚਾਉਂਦਾ ਹੈ। ਆਂਵਲੇ ਵਿੱਚ ਮੌਜੂਦ ਅਮਿਨੋ ਐਸਿਡ ਤੇ ਪ੍ਰੋਟੀਨ ਵਾਲ਼ਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਕੇ ਨਾ ਸਿਰਫ਼ ਉਨ੍ਹਾਂ ਨੂੰ ਝੜਨ ਤੋਂ ਰੋਕਦਾ ਹੈ, ਸਗੋਂ ਇਸ ਨਾਲ ਵਾਲ਼ ਜਲਦੀ ਵਧਦੇ-ਫੁੱਲਦੇ ਹਨ ਅਤੇ ਉਹ ਚਮਕਦਾਰ ਬਣਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )