(Source: ECI/ABP News/ABP Majha)
ਕੇਂਦਰ ਸਰਕਾਰ ਵੱਲੋਂ ਦਫਤਰਾਂ ਤੇ ਕੰਮ ਵਾਲੀਆਂ ਥਾਵਾਂ ਲਈ ਨਵੀਆਂ ਹਦਾਇਤਾਂ, ਪੜ੍ਹੋ SOP
ਕੰਟੇਨਮੈਂਟ ਜ਼ੋਨ ਵਿੱਚ ਮੈਡੀਕਲ ਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਦਫ਼ਤਰ ਬੰਦ ਰਹਿਣਗੇ। ਅਜਿਹੇ ਜ਼ੋਨ ਤੋਂ ਬਾਹਰ ਵੀ ਬਹੁਤੇ ਲੋਕਾਂ ਦੇ ਇੱਕ ਥਾਂ ਉੱਤੇ ਇਕੱਠੇ ਹੋਣ ਉੱਤੇ ਰੋਕ ਰਹੇਗੀ।
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਦਫ਼ਤਰਾਂ (Offices) ਤੇ ਕੰਮਕਾਜ ਵਾਲੇ ਸਥਾਨਾਂ (Workplaces) ਲਈ ਐਸਓਪੀ (SOP Standard Operating Procedures) ਜਾਰੀ ਕੀਤੀਆਂ ਹਨ। ਇਸ ਅਧੀਨ ਹੁਣ ਜੇ ਕੰਮਕਾਜ ਵਾਲੇ ਸਥਾਨਾਂ ਵਿੱਚ ਕੋਈ ਕੋਵਿਡ ਪੌਜ਼ੇਟਿਵ ਪਾਇਆ ਜਾਂਦਾ ਹੈ, ਤਾਂ ਉਸ ਖੇਤਰ ਨੂੰ ਕੀਟਾਣੂਮੁਕਤ ਕਰਕੇ ਉੱਥੇ ਮੁੜ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਲਈ ਸਮੁੱਚੀ ਇਮਾਰਤ ਨੂੰ ਬੰਦ ਜਾਂ ਸੀਲ ਕਰਨ ਦੀ ਲੋੜ ਨਹੀਂ ਹੋਵੇਗੀ।
ਕੀਟਾਣੂ ਮੁਕਤ (Disinfect) ਕਰਨ ਦੀ ਪ੍ਰਕ੍ਰਿਆ ਸਿਰਫ਼ ਉਸੇ ਥਾਂ ਹੋਵੇਗੀ, ਜਿੱਥੇ ਮਰੀਜ਼ ਪਿਛਲੇ 48 ਘੰਟਿਆਂ ਦੌਰਾਨ ਮੌਜੂਦ ਰਿਹਾ ਹੋਵੇਗਾ। ਜੇ ਅਜਿਹੀ ਕਿਸੇ ਥਾਂ ਉੱਤੇ ਵੱਡੀ ਗਿਣਤੀ ’ਚ ਕੋਰੋਨਾ ਮਰੀਜ਼ ਮਿਲਦੇ ਹਨ, ਤਾਂ ਉਸ ਸਾਰੇ ਬਲਾਕ ਜਾਂ ਇਮਾਰਤ ਨੂੰ ਡਿਸਇਨਫ਼ੈਕਟ ਕਰਨਾ ਹੋਵੇਗਾ।
ਕੰਟੇਨਮੈਂਟ ਜ਼ੋਨ ਵਿੱਚ ਮੈਡੀਕਲ ਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਦਫ਼ਤਰ ਬੰਦ ਰਹਿਣਗੇ। ਅਜਿਹੇ ਜ਼ੋਨ ਤੋਂ ਬਾਹਰ ਵੀ ਬਹੁਤੇ ਲੋਕਾਂ ਦੇ ਇੱਕ ਥਾਂ ਉੱਤੇ ਇਕੱਠੇ ਹੋਣ ਉੱਤੇ ਰੋਕ ਰਹੇਗੀ।
ਕੰਟੇਨਮੈਂਟ ਜ਼ੋਨ ’ਚ ਰਹਿੰਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਰੋਜ਼ਗਾਰ ਦਾਤਿਆਂ ਨੂੰ ‘ਵਰਕ ਫ਼੍ਰੌਮ ਹੋਮ’ ਦੀ ਇਜਾਜ਼ਤ ਦੇਣੀ ਹੋਵੇਗੀ। ਕਿਸੇ ਵਰਕ ਪਲੇਸ ਵਿੱਚ ਦਾਖ਼ਲ ਹੋਣ ਸਮੇਂ ਹੱਥਾਂ ਦੀ ਸਫ਼ਾਈ ਤੇ ਥਰਮਲ ਸਕ੍ਰੀਨਿੰਗ ਜ਼ਰੂਰੀ ਹੋਵੇਗੀ।
ਸਿਰਫ਼ ਉਨ੍ਹਾਂ ਹੀ ਵਿਅਕਤੀਆਂ ਨੂੰ ਦਫ਼ਤਰਾਂ ਤੇ ਕੰਮਕਾਜੀ ਸਥਾਨਾਂ ਅੰਦਰ ਜਾਣ ਦੀ ਪ੍ਰਵਾਨਗੀ ਮਿਲੇਗੀ, ਜਿਨ੍ਹਾਂ ਵਿੱਚ ਕੋਰੋਨਾ ਵਰਗੇ ਕੋਈ ਲੱਛਣ ਮੌਜੂਦ ਨਹੀਂ ਹੋਣਗੇ। ਸਮਾਜਕ ਦੂਰੀ ਦਾ ਖ਼ਿਆਲ ਰੱਖਣਾ ਹੋਵੇਗਾ। ਫ਼ੇਸ ਕਵਰ ਜਾਂ ਮਾਸਕ ਵਰਤਣਾ ਜ਼ਰੂਰੀ ਹੋਵੇਗਾ। ਲਗਾਤਾਰ ਹੱਥ ਵੀ ਧੋਣੇ ਹੋਣਗੇ।
ਏਅਰ ਕੰਡੀਸ਼ਨਰ ਦਾ ਤਾਪਮਾਨ 24 ਤੋਂ 30 ਡਿਗਰੀ ਸੈਲਸੀਅਸ ਰੱਖਣਾ ਹੋਵੇਗਾ ਤੇ ਨਮੀ 40 ਤੋਂ 70 ਹੋਣੀ ਚਾਹੀਦੀ ਹੈ। ਲਿਫ਼ਟ ਵਿੱਚ ਸਮਾਜਕ ਦੂਰੀ ਰੱਖਣੀ ਹੋਵੇਗੀ। ਮੀਟਿੰਗਾਂ ਨੂੰ ਹਰ ਸੰਭਵ ਹੱਦ ਤੱਕ ਵਰਚੁਅਲ ਰੱਖਣਾ ਹੋਵੇਗਾ।