Barnala News: ਥਾਣੇ ਦੇ ਸਾਹਮਣੇ ਦਲਿਤ ਭਾਈਚਾਰੇ ਦੀਆਂ ਔਰਤਾਂ ਵੱਲੋਂ ਧਰਨਾ, ਪੁਲਿਸ ਮੁਲਾਜ਼ਮਾਂ 'ਤੇ ਕੁੱਟਮਾਰ ਕਰਨ, ਨਕਦੀ ਅਤੇ ਸਕੂਟਰੀ ਖੋਹਣ ਦੇ ਲਾਏ ਇਲਜ਼ਾਮ
Punjab News: ਬਰਨਾਲਾ ਸ਼ਹਿਰ ਦੇ ਥਾਣਾ ਸਿਟੀ 1 ਦੇ ਸਾਹਮਣੇ ਸੀ.ਪੀ.ਆਈ ਦੀਆਂ ਔਰਤਾਂ ਵੱਲੋਂ ਧਰਨਾ ਦਿੱਤਾ ਗਿਆ। ਜਿੱਥੇ ਉਨ੍ਹਾਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਕੁੱਟਮਾਰ ਕਰਨ, ਮੋਬਾਈਲ, ਨਕਦੀ ਅਤੇ ਸਕੂਟਰੀ ਖੋਹਣ ਦੇ ਇਲਜ਼ਾਮ ਲਾਏ ।
Barnala News: ਬਰਨਾਲਾ ਸ਼ਹਿਰ ਦੇ ਥਾਣਾ ਸਿਟੀ 1 ਦੇ ਸਾਹਮਣੇ ਸੀ.ਪੀ.ਆਈ.(ਐਮ) ਦੀਆਂ ਔਰਤਾਂ ਅਤੇ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਗਰਭਵਤੀ ਔਰਤ ਅਤੇ ਹੋਰ ਲੋਕਾਂ ਦੀ ਕੁੱਟਮਾਰ ਕਰਨ, ਮੋਬਾਈਲ ਫ਼ੋਨ, ਨਕਦੀ ਅਤੇ ਸਕੂਟਰ ਖੋਹਣ ਦੇ ਇਲਜ਼ਾਮ ਲਗਾਉਂਦੇ ਹੋਏ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮੌਕੇ 'ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮਾਂ 'ਤੇ ਕੁੱਟਮਾਰ ਦੇ ਦੋਸ਼ ਲਗਾਉਣ ਵਾਲੀ ਮਹਿਲਾ ਮੂਰਤੀ ਅਤੇ ਲਕਸ਼ਮੀ ਨੇ ਦੱਸਿਆ ਕਿ ਉਹ ਬਾਜਾਖਾਨਾ ਰੋਡ ਬਰਨਾਲਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਘਰ ਕੋਈ ਸਮਾਗਮ ਚੱਲ ਰਿਹਾ ਸੀ | ਜਿਸ ਤੋਂ ਬਾਅਦ ਜਦੋਂ ਉਹ ਆਪਣੇ ਲੜਕੇ ਨਾਲ ਆਪਣੀ ਮਹਿਲਾ ਰਿਸ਼ਤੇਦਾਰ ਨੂੰ ਛੱਡਣ ਲਈ ਜਾ ਰਹੇ ਸਨ ਤਾਂ ਰਸਤੇ 'ਚ ਇਕ ਕਾਰ 'ਚ ਸਵਾਰ ਚਾਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ।
ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ
ਜਿਸ ਤੋਂ ਬਾਅਦ ਉਨ੍ਹਾਂ ਨੇ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਚਾਰੇ ਪੁਲਿਸ ਮੁਲਾਜ਼ਮਾਂ, ਜਿਨ੍ਹਾਂ 'ਚੋਂ ਦੋ ਵਰਦੀ 'ਚ ਸਨ, ਜਦਕਿ ਦੋ ਸਿਵਲ ਡਰੈੱਸ ਵਿੱਚ ਸਨ ਅਤੇ ਚਾਰੋਂ ਸ਼ਰਾਬ ਪੀ ਕੇ ਉਨ੍ਹਾਂ ਦੇ ਘਰ ਆ ਪਹੁੰਚੇ। ਜਿੱਥੇ ਉਨ੍ਹਾਂ ਨੇ ਘਰ ਦੇ ਵਿੱਚ ਵੜਕੇ 7 ਮਹੀਨੇ ਦੀ ਗਰਭਵਤੀ ਨੂੰਹ ਅਤੇ ਹੋਰ ਔਰਤਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਗੰਦੀਆਂ ਗਾਲ੍ਹਾਂ ਕੱਢੀਆਂ। ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਘਰੋਂ 15 ਹਜ਼ਾਰ ਰੁਪਏ ਦੀ ਨਕਦੀ, ਇੱਕ ਸਕੂਟਰੀ ਅਤੇ ਸੋਨੇ ਦੇ ਗਹਿਣੇ ਲੈ ਗਏ। ਗਰਭਵਤੀ ਨੂੰਹ ਦੀ ਹਾਲਤ ਖਰਾਬ ਹੋ ਗਈ ਜਿਸ ਕਰਕੇ ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਕਤ ਪੀੜਤ ਔਰਤਾਂ ਨੇ ਰੋਂਦੇ ਹੋਏ ਆਪਣੇ ਅਤੇ ਹੋਰ ਔਰਤਾਂ ਦੇ ਸਰੀਰ 'ਤੇ ਲੱਗੇ ਜ਼ਖਮ ਦਿਖਾਉਂਦੇ ਹੋਏ ਮੰਗ ਕੀਤੀ ਹੈ ਕਿ ਉਨ੍ਹਾਂ ਚਾਰ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦਾ ਸਮਾਨ ਜੋ ਪੁਲਿਸ ਕਰਮਚਾਰੀ ਆਪਣੇ ਨਾਲ ਲੈ ਕੇ ਆਏ ਸਨ, ਵਾਪਸ ਲੈਣ ਦੀ ਮੰਗ ਕੀਤੀ ਹੈ।
ਸੀਆਈਏ ਸਟਾਫ਼ ਦੇ ਮੁਲਾਜ਼ਮ ਹੋਣ ਦਾ ਦਾਅਵਾ ਕੀਤਾ
ਇਸ ਸੰਬੰਧੀ ਮਜ਼ਦੂਰ ਯੂਨੀਅਨ ਦੇ ਆਗੂ ਸ਼ੇਰ ਸਿੰਘ ਫਰਵਾਹੀ ਅਤੇ ਸੀਪੀਐਮ ਆਗੂ ਸੁਰਿੰਦਰ ਸਿੰਘ ਦਰਦੀ ਨੇ ਦੱਸਿਆ ਕਿ ਜੋ ਚਾਰ ਪੁਲਿਸ ਮੁਲਾਜ਼ਮ ਆਏ ਸਨ ਉਨ੍ਹਾਂ ਨੇ ਖੁਦ ਨੂੰ ਸੀਆਈਏ ਸਟਾਫ਼ ਦੇ ਮੁਲਾਜ਼ਮ ਹੋਣ ਦਾ ਦਾਅਵਾ ਕੀਤਾ ਸੀ। ਜੋ ਕਿ ਹੁਣ ਪਤਾ ਚੱਲਿਆ ਕਿ ਉਹ ਸਾਫ ਝੂਠ ਬੋਲ ਰਹੇ ਹਨ ਅਤੇ ਉਨ੍ਹਾਂ ਨੂੰ ਸੀਆਈਏ ਸਟਾਫ਼ ਵਿੱਚ ਤਾਇਨਾਤ ਨਹੀਂ ਕੀਤਾ ਗਿਆ ਅਤੇ ਉਹ ਪੁਲਿਸ ਲਾਈਨ ਵਿੱਚ ਤਾਇਨਾਤ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਵਲੋਂ ਗਰੀਬ ਲੋਕਾਂ 'ਤੇ ਕੀਤੀ ਗਈ ਬੇਰਹਿਮੀ ਨਾਲ ਕੁੱਟਮਾਰ ਅਤੇ ਖਾਸ ਕਰਕੇ ਗਰਭਵਤੀ ਔਰਤ 'ਤੇ ਕੀਤੀ ਗਈ ਕੁੱਟਮਾਰ ਅਤਿ ਨਿੰਦਣਯੋਗ ਹੈ, ਉਥੇ ਹੀ ਉਨ੍ਹਾਂ ਪੁਲਿਸ ਵਿਭਾਗ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਇਸ ਸਬੰਧੀ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ । ਚਾਰਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਐਸ.ਸੀ., ਐਸ.ਟੀ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ।
ਪੁਲਿਸ ਨੇ ਸਾਰੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦੀ
ਇਸ ਪੂਰੇ ਮਾਮਲੇ ਸਬੰਧੀ ਥਾਣਾ ਸਿਟੀ 1 ਦੇ ਐਸ.ਐਚ.ਓ ਜਸਵਿੰਦਰ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਇੱਕ ਪੁਲਿਸ ਕਾਂਸਟੇਬਲ ਆਪਣੇ ਬਾਈਕ 'ਤੇ ਸੰਗੇੜਾ ਰੋਡ ਵੱਲ ਜਾ ਰਿਹਾ ਸੀ। ਤਾਂ ਰਸਤੇ 'ਚ ਦੋ ਬਾਈਕ ਸਵਾਰਾਂ ਨੇ ਉਕਤ ਪੁਲਿਸ ਕਾਂਸਟੇਬਲ 'ਤੇ ਹਮਲਾ ਕਰ ਦਿੱਤਾ। ਮੁਲਾਜ਼ਮਾਂ ਤੋਂ 19000 ਰੁਪਏ ਦੀ ਨਕਦੀ, ਇੱਕ ਮੋਬਾਈਲ ਫ਼ੋਨ ਅਤੇ ਇੱਕ ਚਾਂਦੀ ਦੀ ਚੇਨ ਖੋਹ ਲਈ ਸੀ ਅਤੇ ਬੀਤੀ ਰਾਤ ਜਦੋਂ ਪੁਲਿਸ ਮੁਲਾਜ਼ਮ ਨਾਕੇ 'ਤੇ ਤਾਇਨਾਤ ਸਨ ਤਾਂ ਪੁਲਿਸ ਮੁਲਾਜ਼ਮਾਂ ਨੇ ਮੋਟਰਸਾਈਕਲ ਨੂੰ ਪਛਾਣ ਲਿਆ ਤਾਂ ਉਸ ਵਿੱਚ ਸਵਾਰ ਚਾਰ ਔਰਤਾਂ ਅਤੇ ਦੋ ਨੌਜਵਾਨ ਸਨ। ਦੋ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਪੁਲਿਸ ਮੁਲਾਜ਼ਮਾਂ ਨੇ ਔਰਤਾਂ ਤੋਂ ਪੁੱਛਿਆ ਕਿ ਫਰਾਰ ਹੋਏ ਨੌਜਵਾਨ ਦਾ ਘਰ ਕਿੱਥੇ ਹੈ ਅਤੇ ਪੁਲਿਸ ਮੁਲਾਜ਼ਮ ਆਪਣੇ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਘਰ ਦੀ ਸ਼ਨਾਖਤ ਕਰਨ ਗਏ ਸਨ। ਉਨ੍ਹਾਂ ਕਿਹਾ ਕਿ ਔਰਤਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਲਗਾਏ ਜਾ ਰਹੇ ਕੁੱਟਮਾਰ ਦੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਜਦਕਿ ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ 'ਚ ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਪੁਲਿਸ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਹੈ ਪਰ ਅੱਜ ਪੁਲਿਸ ਸਟੇਸ਼ਨ ਸਿਟੀ ਵਨ ਅੱਗੇ ਜੋ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ, ਉਹ ਪੂਰੀ ਤਰ੍ਹਾਂ ਨਾਲ ਗਲਤ ਹੈ ਅਤੇ ਇਹ ਸਮਾਜ ਨੂੰ ਵੀ ਗਲਤ ਸੰਦੇਸ਼ ਦਿੰਦਾ ਹੈ।