Electricity Crisis in Punjab: ਪੰਜਾਬ 'ਚ ਬਿਜਲੀ ਕੱਟਾਂ ਤੋਂ ਅੱਕ ਲੋਕ, ਸੜਕਾਂ ‘ਤੇ ਉਤਰ ਕਿਸਾਨਾਂ ਵਲੋਂ ਪ੍ਰਦਰਸ਼ਨ
ਪੰਜਾਬ ਵਿਚ ਦਿਨੋਂ ਦਿਨ ਵਧ ਰਹੀ ਗਰਮੀ ਤੇ ਝੋਨੇ ਦੇ ਸੀਜਨ ਦੌਰਾਨ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤਕ ਪੁੱਜ ਗਈ ਹੈ। ਮੰਗ ਤੇ ਸਪਲਾਈ ਵਿਚ ਪੈ ਰਹੇ ਪਾੜੇ ਨੂੰ ਪੂਰਾ ਕਰਨ ਲਈ ਇਕ ਦਿਨ ਵਿਚ 2 ਘੰਟੇ ਦਾ ਕੱਟ ਲਾਜ਼ਮੀ ਹੋ ਗਿਆ ਹੈ।
ਚੰਡੀਗੜ੍ਹ: ਪੰਜਾਬ ਵਿੱਚ ਬਿਜਲੀ ਦੇ ਸੰਕਟ ਕਾਰਨ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੁਸ਼ਿਆਰਪੁਰ ਦੇ ਲੋਕਾਂ ਨੇ ਹਿਮਾਚਲ ਵਿੱਚ ਊਨਾ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹੁਣ ਮੋਗਾ-ਲੁਧਿਆਣਾ ਹਾਈਵੇ ਜਾਮ ਕਰਨਗੇ।
ਇਸ ਦੇ ਨਾਲ ਹੀ ਅਕਾਲੀ ਦਲ ਪੰਜਾਬ ਵਿੱਚ ਬਿਜਲੀ ਸੰਕਟ ‘ਤੇ ਸੂਬਾ ਪੱਧਰੀ ਪ੍ਰਦਰਸ਼ਨ ਕਰੇਗਾ। ਸ਼ੁੱਕਰਵਾਰ ਨੂੰ ਪੰਜਾਬ ਦੇ ਬਿਜਲੀ ਬੋਰਡ ਦਫ਼ਤਰਾਂ ਦੇ ਬਾਹਰ ਅਕਾਲੀ ਦਲ ਦਾ ਪ੍ਰਦਰਸ਼ਨ ਦਾ ਐਲਾਨ ਕੀਤਾ ਹੋਇਆ ਹੈ। ਇਸ ਦੌਰਾਨ ਸੂਬੇ 'ਚ ਅਕਾਲੀ ਆਗੂ ਅਤੇ ਵਰਕਰ ਸਾਰੇ ਬਿਜਲੀ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪਿਛਲੇ ਦਿਨਾਂ ਤੋਂ ਖੇਤਾਂ ਨੂੰ ਮਿਲਣ ਵਾਲੀ 8 ਘੰਟਿਆ ਦੀ ਬਿਜਲੀ ਪੂਰੀ ਨਾ ਮਿਲਣ ਅਤੇ ਘਰਾਂ ਵਿੱਚ ਲਗ ਰਹੇ ਬਿਜਲੀ ਦੇ ਕੱਟ ਨੂੰ ਲੈਕੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਮੌਜੂਦਾ ਸਰਕਾਰ ਪ੍ਰਤੀ ਧਰਨੇ ਦਿੱਤੇ ਜਾ ਰਹੇ ਹਨ। ਉਸਦੇ ਚਲਦਿਆ ਅੱਜ ਹਲਕਾ ਮਲੋਟ ਦੇ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਕਾਂਗਰਸ ਸਰਕਾਰ ਖ਼ਿਲਾਫ਼ ਰੋਸ ਧਰਨਾ ਦੇ ਕੇ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ।
ਹੈੱਡਕੁਆਟਰਾਂ 'ਤੇ ਰੋਜ਼ਾਨਾ ਮੂੰਹ ਜੁਬਾਨੀ ਹੁਕਮਾਂ ਰਾਹੀਂ ਵਾਰੋ-ਵਾਰੀ 2 ਘੰਟੇ ਦਾ ਕੱਟ ਲਾਇਆ ਜਾ ਰਿਹਾ ਹੈ। ਉੱਤਰ ਖੇਤਰੀ ਲੋਡ ਡਿਸਪੈਚ ਸੈਂਟਰ ਮੁਤਾਬਕ ਬੀਤੇ ਦਿਨ ਪੰਜਾਬ ਵਿਚ ਬਿਜਲੀ ਦੀ ਮੰਗ 14 ਹਜ਼ਾਰ 245 ਮੈਗਾਵਾਟ ਤਕ ਪੁੱਜੀ। ਮੰਗ ਤੇ ਸਪਲਾਈ ਵਿਚ 1550 ਮੈਗਵਾਟ ਦਾ ਫ਼ਰਕ ਸਾਹਮਣੇ ਆਇਆ। ਇਸ ਫ਼ਰਕ ਨੂੰ ਪੂਰਾ ਕਰਨ ਲਈ ਸਿਰਫ਼ ਤੇ ਸਿਰਫ਼ ਕੱਟਾਂ ਦਾ ਸਹਾਰਾ ਲਿਆ ਜਾ ਰਿਹਾ ਹੈ।
ਭਾਖੜਾ 'ਚ ਪਾਣੀ ਘੱਟ ਪੱਧਰ ਚਿੰਤਾ ਦਾ ਵਿਸ਼ਾ
ਭਾਖੜਾ ਭੰਡਾਰ ਦੇ ਪਾਣੀ ਦਾ ਪੱਧਰ ਪਿਛਲੇ ਸਾਲਾਂ ਵਿਚ ਉਪਲਬਧ ਪਾਣੀ ਦੀ ਤੁਲਨਾ ਵਿਚ ਘੱਟ ਹੈ। ਬੀਬੀਐੱਮਬੀ ਖੇਤੀਬਾੜੀ ਸੈਕਟਰ ਦੀਆਂ ਬਿਜਲੀ ਮੰਗਾਂ ਪੂਰੀਆਂ ਕਰਨ ਲਈ ਪੂਰੀ ਸ਼ਕਤੀ ਨਾਲ ਬਿਜਲੀ ਪੈਦਾ ਨਹੀਂ ਕਰ ਰਿਹਾ ਹੈ। ਬੀਬੀਐੱਮਬੀ ਦਾ ਮੌਜੂਦਾ ਸਮੇਂ ਵਿਚ ਭੰਡਾਰਨ ਪੱਧਰ ਪਿਛਲੇ ਸਾਲ ਦੇ 1581.50 ਫੁੱਟ ਦੇ ਮੁਕਾਬਲੇ 1524.60 ਫੁੱਟ ਹੈ। ਇਸੇ ਤਰ੍ਹਾਂ ਪੌਂਗ ਡੈਮ ਵਿਚ ਇਹ ਪਿਛਲੇ ਸਾਲ ਦੇ 1335 ਫੁੱਟ ਦੇ ਪੱਧਰ ਦੇ ਮੁਕਾਬਲੇ 1281 ਫੁੱਟ ਹੈ। ਇਸ ਸਮੇਂ ਬੀਬੀਐੱਮਬੀ ਵੱਲੋਂ 194 ਲੱਖ ਯੂਨਿਟ ਬਿਜਲੀ ਸਪਲਾਈ ਕੀਤੀ ਜਾਂਦੀ ਹੈ।
ਕਿੱਥੋਂ ਮਿਲ ਰਹੀ ਕਿੰਨੀ ਬਿਜਲੀ
ਪੀਐਸਪੀਸੀਐਲ ਬੁਲਾਰੇ ਮੁਤਾਬਕ ਇਸ ਸਮੇਂ ਕੇਂਦਰੀ ਸੈਕਟਰ ਤੋਂ 3864 ਮੈਗਾਵਾਟ, ਬਾਹਰੋਂ ਖ਼ਰੀਦ 2195 ਮੈਗਾਵਾਟ, ਬੈਂਕਿੰਗ ਰਾਹੀਂ 1192 ਮੈਗਾਵਾਟ, ਟੀਐੱਸਪੀਐੱਲ 950 ਮੈਗਾਵਾਟ, ਐੱਨਪੀਐੱਲ 1320 ਮੈਗਾਵਾਟ, ਜੀਵੀਕੇ 492 ਮੈਗਾਵਾਟ, ਗੁਰੂ ਗੋਬਿੰਦ ਸਿੰਘ ਸੂਪਰ ਥਰਮਲ ਪਲਾਂਟ ਤੋਂ 579 ਮੈਗਾਵਾਟ, ਗੁਰੂ ਹਰਗੋਬਿੰਦ ਥਰਮਲ ਪਲਾਂਟ ਤੋਂ 844 ਮੈਗਾਵਾਟ, ਆਰਐੱਸਡੀ ਤੋਂ 410 ਮੈਗਾਵਾਟ, ਸ਼ਾਨਨ ਤੋਂ 110 ਮੈਗਾਵਾਟ, ਯੂ.ਬੀ.ਡੀ.ਸੀ ਤੋਂ 83 ਮੈਗਾਵਾਟ, ਮੁਕੇਰੀਆਂ ਤੋਂ 179 ਮੈਗਾਵਾਟ, ਏਐੱਸਐੱਚਪੀ ਤੋਂ 120 ਮੈਗਾਵਾਟ, ਸੋਲਰ 398 ਮੈਗਾਵਾਟ, ਬਾਇਓਮਾਸ ਤੋਂ 74 ਮੈਗਾਵਾਟ ਕੁੱਲ 12 ਹਜ਼ਾਰ 810 ਮੈਗਾਵਾਟ ਬਿਜਲੀ ਮਿਲ ਰਹੀ ਹੈ।
ਸੀਐਮਡੀ ਵਲੋਂ ਬੀਬੀਐਮਬੀ ਨੂੰ ਅਰਜ਼
ਪੀਐੱਸਪੀਸੀਐੱਲ ਸੀਐਮਡੀ ਏ. ਵੇਨੂੰ ਪ੍ਰਸਾਦ ਨੇ ਕਿਹਾ ਹੈ ਕਿ ਝੋਨੇ ਦੀ ਲੁਆਈ ਅਤੇ ਗਰਮੀ ਦੇ ਮੌਸਮ ਕਾਰਨ ਸੂਬੇ ਵਿਚ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਵੱਧ ਗਈ ਹੈ। ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਤੇ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਨਿਰਧਾਰਤ ਬਿਜਲੀ ਤੇ ਰਾਜ ਦੇ ਹੋਰ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਲਈ ਹਰ ਸੰਭਵ ਯਤਨ ਕਰਨ ਲਈ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਨੂੰ ਬਿਜਲੀ ਉਤਪਾਦਨ ਵਧਾਉਣ ਦੀ ਬੇਨਤੀ ਕੀਤੀ ਹੈ।
ਲੋੜ ਪੈਣ 'ਤੇ ਬੰਦ ਹੋਏ ਯੂਨਿਟਾਂ ਨੇ ਵਧਾਈ ਮੁਸ਼ਕਿਲ
ਲੋੜ ਪੈਣ 'ਤੇ ਬਿਜਲੀ ਪੈਦਾ ਕਰਨ ਵਾਲੇ ਵੱਡੇ ਯੂਨਿਟ ਧੋਖਾ ਦੇ ਗਏ ਹਨ, ਜਿਸ ਕਰ ਕੇ ਪੀਐੱਸਪੀਸੀਐੱਲ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲਵੰਡੀ ਸਾਬੋ ਦਾ 660 ਮੈਗਾਵਾਟ ਦਾ ਵੱਡਾ ਯੂਨਿਟ ਪੂਰੀ ਤਰ੍ਹਾਂ ਠੱਪ ਹੈ, ਇਸ ਤੋਂ ਇਲਾਵਾ ਇਸ ਦੇ 2 ਹੋਰ ਯੂਨਿਟਾਂ ਤੋਂ ਸਮਰੱਥਾ ਮੁਤਾਬਕ ਬਿਜਲੀ ਨਹੀਂ ਮਿਲ ਰਹੀ ਹੈ। ਇਸ ਪਲਾਂਟ ਦਾ ਯੂਨਿਟ ਸਮਰੱਥਾ ਨਾਲੋਂ ਘੱਟ ਸਿਰਫ 400 ਮੈਗਾਵਾਟ ਤੇ ਦੂੁਸਰਾ ਯੂਨਿਟ ਸਿਰਫ 330 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਇਸ ਤੋਂ ਇਲਾਵਾ ਰੋਪੜ ਦਾ 210 ਮੈਗਾਵਾਟ ਸਮਰੱਥਾ ਵਾਲਾ 06 ਨੰਬਰ ਯੂਨਿਟ ਬੁੱਧਵਾਰ ਦੇਰ ਸ਼ਾਮ ਤਕ ਬੰਦ ਰਿਹਾ।
ਇਹ ਵੀ ਪੜ੍ਹੋ: ADG ਜੀਪੀ ਸਿੰਘ ਦੇ 10 ਟਿਕਾਣਿਆਂ ’ਤੇ ਛਾਪੇ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin