IND vs NZ: ਮੁੰਬਈ ਟੈਸਟ ਦੇ ਪਹਿਲੇ ਦਿਨ ਸਪਿਨਰਾਂ ਦਾ ਦਬਦਬਾ, ਨਿਊਜ਼ੀਲੈਂਡ 235 ਦੌੜਾਂ 'ਤੇ ਆਲ ਆਊਟ, ਭਾਰਤ ਦੀਆਂ ਵੀ ਡਿੱਗੀਆਂ 4 ਵਿਕਟਾਂ
IND vs NZ 3rd Test: ਤੀਜੇ ਟੈਸਟ ਦੀ ਪਹਿਲੀ ਪਾਰੀ 'ਚ ਨਿਊਜ਼ੀਲੈਂਡ ਦੀ ਟੀਮ 235 ਦੌੜਾਂ 'ਤੇ ਢੇਰ ਹੋ ਗਈ। ਇਸ ਦੇ ਜਵਾਬ 'ਚ ਭਾਰਤ ਨੇ ਵੀ 4 ਵਿਕਟਾਂ ਗੁਆ ਦਿੱਤੀਆਂ। ਸ਼ੁਭਮਨ ਗਿੱਲ ਤੇ ਰਿਸ਼ਭ ਪੰਤ ਸਟੰਪ ਦੇ ਸਮੇਂ ਨਾਬਾਦ ਪਰਤੇ।
India vs New Zealand 3rd Test: ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਜਾ ਰਹੇ ਤੀਜੇ ਟੈਸਟ ਦੇ ਪਹਿਲੇ ਦਿਨ ਕੁੱਲ 14 ਵਿਕਟਾਂ ਡਿੱਗ ਗਈਆਂ। ਪਹਿਲਾਂ ਨਿਊਜ਼ੀਲੈਂਡ ਦੀ ਟੀਮ 235 ਦੌੜਾਂ 'ਤੇ ਹੀ ਸਿਮਟ ਗਈ। ਕੀਵੀ ਟੀਮ ਲਈ ਡੇਰਿਲ ਮਿਸ਼ੇਲ ਨੇ 82 ਤੇ ਵਿਲ ਯੰਗ ਨੇ 71 ਦੌੜਾਂ ਬਣਾਈਆਂ। ਭਾਰਤ ਲਈ ਰਵਿੰਦਰ ਜਡੇਜਾ ਨੇ 5 ਤੇ ਵਾਸ਼ਿੰਗਟਨ ਸੁੰਦਰ ਨੇ 4 ਵਿਕਟਾਂ ਲਈਆਂ। ਜਵਾਬ 'ਚ ਟੀਮ ਇੰਡੀਆ ਨੇ ਦਿਨ ਦੀ ਖੇਡ ਖ਼ਤਮ ਹੋਣ ਤੱਕ 4 ਵਿਕਟਾਂ ਗੁਆ ਕੇ 86 ਦੌੜਾਂ ਬਣਾਈਆਂ ਸਨ। ਰੋਹਿਤ ਸ਼ਰਮਾ 18 ਦੌੜਾਂ ਬਣਾ ਕੇ ਆਊਟ ਹੋਏ ਤੇ ਵਿਰਾਟ ਕੋਹਲੀ 04 ਦੌੜਾਂ ਬਣਾ ਕੇ ਆਊਟ ਹੋਏ। ਨਿਊਜ਼ੀਲੈਂਡ ਲਈ ਏਜਾਜ਼ ਪਟੇਲ ਨੇ ਦੋ ਵਿਕਟਾਂ ਲਈਆਂ।
ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਕਾਸ਼ਦੀਪ ਨੇ ਕੀਵੀ ਟੀਮ ਨੂੰ ਪਹਿਲਾ ਝਟਕਾ ਦਿੱਤਾ। ਉਸ ਨੇ ਡੇਵੋਨ ਕੋਨਵੇ ਨੂੰ ਐੱਲ.ਬੀ.ਡਬਲਯੂ. ਆਉਟ ਕੀਤਾ। ਕੋਨਵੇ ਸਿਰਫ਼ ਚਾਰ ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਟਾਮ ਲੈਥਮ ਅਤੇ ਵਿਲ ਯੰਗ ਵਿਚਾਲੇ ਦੂਜੇ ਵਿਕਟ ਲਈ 44 ਦੌੜਾਂ ਦੀ ਸਾਂਝੇਦਾਰੀ ਹੋਈ। ਵਾਸ਼ਿੰਗਟਨ ਸੁੰਦਰ ਨੇ 59 ਦੇ ਕੁੱਲ ਸਕੋਰ 'ਤੇ ਨਿਊਜ਼ੀਲੈਂਡ ਨੂੰ ਦੂਜਾ ਝਟਕਾ ਦਿੱਤਾ। ਸੁੰਦਰ ਨੇ ਲੈਥਮ ਨੂੰ ਬੋਲਡ ਕੀਤਾ। ਉਹ 28 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ।
ਇਸ ਤੋਂ ਬਾਅਦ ਰਚਿਨ ਰਵਿੰਦਰਾ ਵੀ ਜ਼ਿਆਦਾ ਦੇਰ ਕ੍ਰੀਜ਼ 'ਤੇ ਟਿਕ ਨਹੀਂ ਸਕੇ। ਰਚਿਨ ਪੰਜ ਦੌੜਾਂ ਬਣਾ ਕੇ ਆਊਟ ਹੋ ਗਏ। ਰਚਿਨ ਨੂੰ ਵੀ ਸੁੰਦਰ ਨੇ ਬੋਲਡ ਕੀਤਾ। 72 ਦੌੜਾਂ 'ਤੇ ਤਿੰਨ ਵਿਕਟਾਂ ਡਿੱਗਣ ਤੋਂ ਬਾਅਦ ਡੇਰਿਲ ਮਿਸ਼ੇਲ ਅਤੇ ਵਿਲ ਯੰਗ ਵਿਚਾਲੇ 87 ਦੌੜਾਂ ਦੀ ਸਾਂਝੇਦਾਰੀ ਹੋਈ। ਵਿਲ ਯੰਗ 71 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਕੀਵੀ ਟੀਮ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ।
ਗਲੇਨ ਫਿਲਿਪਸ 17, ਡੇਰਿਲ ਮਿਸ਼ੇਲ 82, ਈਸ਼ ਸੋਢੀ 7, ਮੈਟ ਹੈਨਰੀ 00 ਤੇ ਏਜਾਜ਼ ਪਟੇਲ 07 ਦੌੜਾਂ ਬਣਾ ਕੇ ਆਊਟ ਹੋਏ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਪੂਰੀ ਟੀਮ 235 ਦੌੜਾਂ 'ਤੇ ਢੇਰ ਹੋ ਗਈ। ਰਵਿੰਦਰ ਜਡੇਜਾ ਨੇ ਭਾਰਤ ਲਈ ਆਪਣਾ ਪੰਜਾ ਖੋਲ੍ਹਿਆ। ਵਾਸ਼ਿੰਗਟਨ ਸੁੰਦਰ ਨੇ 4 ਵਿਕਟਾਂ ਲਈਆਂ।
ਰੋਹਿਤ ਅਤੇ ਵਿਰਾਟ ਫਿਰ ਫਲਾਪ ਹੋਏ
ਇਸ ਤੋਂ ਬਾਅਦ ਭਾਰਤ ਦੀ ਪਾਰੀ ਸ਼ੁਰੂ ਹੋਈ। ਰੋਹਿਤ ਸ਼ਰਮਾ ਨੇ ਤਿੰਨ ਚੌਕੇ ਜੜੇ, ਪਰ ਉਹ ਜ਼ਿਆਦਾ ਦੇਰ ਕ੍ਰੀਜ਼ 'ਤੇ ਟਿਕ ਨਹੀਂ ਸਕੇ। ਰੋਹਿਤ 18 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਆਊਟ ਹੋ ਗਏ। ਇਕ ਸਮੇਂ ਭਾਰਤ ਦਾ ਸਕੋਰ ਇਕ ਵਿਕਟ 'ਤੇ 78 ਦੌੜਾਂ ਸੀ ਪਰ ਫਿਰ ਲਗਾਤਾਰ ਤਿੰਨ ਵਿਕਟਾਂ ਡਿੱਗ ਗਈਆਂ। ਯਸ਼ਸਵੀ ਜੈਸਵਾਲ 30 ਤੇ ਵਿਰਾਟ ਕੋਹਲੀ ਚਾਰ ਦੌੜਾਂ ਬਣਾ ਕੇ ਆਊਟ ਹੋਏ। ਕੋਹਲੀ ਰਨ ਆਊਟ ਹੋਏ। ਸਟੰਪ ਦੇ ਸਮੇਂ ਸ਼ੁਭਮਨ ਗਿੱਲ 31 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਰਿਸ਼ਭ ਪੰਤ 01 ਦੌੜਾਂ ਬਣਾ ਕੇ ਨਾਬਾਦ ਪਰਤੇ।