ਵਿਦਿਆਰਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ 'ਚ ਕਾਂਗਰਸੀ ਲੀਡਰਾਂ ਦੇ ਦਾਖਲੇ ‘ਤੇ ਬੈਨ
ਵਿਦਿਆਰਥੀ ਜਥੇਬੰਦੀਆਂ ਵੱਲੋਂ ਜਾਰੀ ਕੀਤੇ ਪੋਸਟਰ 'ਤੇ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਪ੍ਰਨੀਤ ਕੌਰ, ਉੱਚ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਤੇ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਹੈਰੀ ਮਾਨ ਦੀਆਂ ਫੋਟੋਆਂ ਹਨ।
ਪਟਿਆਲਾ: ਅੱਜ ਚਾਰ ਵਿਦਿਆਰਥੀ ਜਥੇਬੰਦੀਆਂ ਪੀਐਸਯੂ, ਏਆਈਐਸਐਫ, ਐਸਐਫਆਈ ਤੇ ਡੀਐਸਓ ਦੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਵਿਦਿਆਰਥੀਆਂ ਦਾ ਭਾਰੀ ਇੱਕਠ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫੀਸਾਂ ਦੇ ਵਾਧੇ ਖਿਲਾਫ ਵੰਗਾਰ ਰੈਲੀ ਕੀਤੀ ਗਈ। ਇਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫੀਸ ਵਾਧਾ ਤੇ ਸਰਕਾਰ ਵੱਲੋਂ ਗ੍ਰਾਂਟ ਦੇਣ ਵਿੱਚ ਟਾਲ-ਮਟੋਲ ਕੀਤੀ ਜਾ ਰਹੀ ਹੈ।
ਇਸ ਮੁੱਦੇ ਨੂੰ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਇਹ ਵਿਰੋਧ ਉਸ ਵੇਲੇ ਨਵਾਂ ਮੋੜ ਲੈ ਗਿਆ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਕਾਂਗਰਸੀ ਆਗੂਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ। ਉਨ੍ਹਾਂ ਇੱਕ ਪਰਚਾ ਤੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਕੋਈ ਕਾਂਗਰਸੀ ਆਗੂ ਯੂਨੀਵਰਸਿਟੀ 'ਚ ਦਾਖਲ ਹੋਵੇਗੀ ਤਾਂ ਉਨ੍ਹਾਂ ਦਾ ਘਿਰਾਓ ਕਰਕੇ ਜਬਰਦਸਤ ਵਿਰੋਧ ਕੀਤਾ ਜਾਵੇਗਾ।
ਵਿਦਿਆਰਥੀ ਜਥੇਬੰਦੀਆਂ ਵੱਲੋਂ ਜਾਰੀ ਕੀਤੇ ਪੋਸਟਰ 'ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪ੍ਰਨੀਤ ਕੌਰ, ਉੱਚ ਸਿੱਖਿਆ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਤੇ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਹੈਰੀ ਮਾਨ ਦੀਆਂ ਫੋਟੋਆਂ ਹਨ। ਇਨ੍ਹਾਂ ਨੂੰ ਵੰਗਾਰ ਰੈਲੀ ਕਰਕੇ ਯੂਨੀਵਰਸਿਟੀ ਦੇ ਮੁੱਖ ਗੇਟ ਤੇ ਲਾਇਬਰੇਰੀ ਦੇ ਸਾਹਮਣੇ ਲਗਾਇਆ ਗਿਆ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਫੀਸਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਇਹ ਵਾਧਾ 3.5 ਤੋਂ 109 ਪ੍ਰਤੀਸ਼ਤ ਦਾ ਹੈ। ਜ਼ਿਕਰਯੋਗ ਹੈ ਕਿ ਇਹ ਵਾਧਾ ਨਵੇਂ ਕੋਰਸਾਂ ਦੇ ਨਾਂ ਹੇਠ ਸਭ ਤੋਂ ਜ਼ਿਆਦਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਿੱਜੀਕਰਨ ਦਾ ਕਿਰਦਾਰ ਧਾਰਨ ਕਰ ਲਵੇਗੀ ਜੋ ਇਥੋਂ ਦੇ ਵਿਦਿਆਰਥੀਆਂ ਨੂੰ ਬਰਦਾਸ਼ਤ ਨਹੀਂ।
ਉਨ੍ਹਾਂ ਅੱਗੇ ਕਿਹਾ ਕਿ ਇਹ ਵਾਧਾ ਪੂਰਨ ਤੌਰ ‘ਤੇ ਵਾਪਸ ਕਰਾਉਣ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਫੀਸਾਂ ਵਧਾਉਣ ਦੇ ਬੇਲੋੜੇ ਤਰਕ ਦੇ ਕੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਕਾਲਜਾਂ ਯੂਨੀਵਰਸਿਟੀਆਂ ਨੂੰ ਬਰਬਾਦ ਕਰਕੇ ਸਰਕਾਰ ਅਜਿਹਾ ਪ੍ਰਬੰਧ ਬਣਾ ਰਹੀ ਹੈ ਕਿ ਸਿਰਫ ਉਹੀ ਵਿਦਿਆਰਥੀ ਪੜ੍ਹਨ ਜਿੰਨ੍ਹਾਂ ਕੋਲ ਪੈਸੇ ਹਨ ਤੇ ਇਸ ਨਾਲ ਉਹ ਆਪਦੀ ਜਿੰਮੇਵਾਰੀ ਤੋਂ ਭੱਜ ਰਹੇ ਹਨ ਕਿਉਂਕਿ ਸਿੱਖਿਆ, ਸਿਹਤ ਤੇ ਰੁਜਗਾਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ।
ਇਹ ਵੀ ਪੜ੍ਹੋ: ਕਸ਼ਮੀਰ 'ਚ ਐਲਓਸੀ ਲਾਗਿਓਂ ਮਿਲੇ ਭਾਰੀ ਮਾਤਰਾ ਹਥਿਆਰ, ਗੋਲਾ-ਬਾਰੂਦ ਬਰਾਮਦ, ਤਲਾਸ਼ੀ ਮੁਹਿੰਮ ਜਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI