Moga News: ਦਿਲ ਦਹਿਲਾ ਦੇਣ ਵਾਲਾ ਐਕਸਟੀਡੈਂਟ! ਮੋਗਾ ਦੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ, ਇੱਕ ਮਹਿਲਾ ਦੀ ਹਾਲਤ ਗੰਭੀਰ
Moga News: ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਰਾਜਸਥਾਨ ਦੇ ਸ੍ਰੀਗੰਗਾਨਗਰ ਇਲਾਕੇ ਵਿੱਚ ਉਸ ਸਮੇਂ ਵਾਪਰਿਆ ਜਦੋਂ ਪਰਿਵਾਰਕ ਮੈਂਬਰ ਕਾਰ ਵਿੱਚ ਘਰ ਪਰਤ ਰਹੇ ਸਨ।
Moga News: ਮੋਗਾ ਜ਼ਿਲ੍ਹੇ ਦੇ ਇੱਕ ਪਰਿਵਾਰ ਦੇ ਇੱਕ ਲੜਕੀ ਸਮੇਤ 4 ਜੀਆਂ ਦੀ ਮੌਤ ਹੋ ਗਈ, ਜਦਕਿ ਇੱਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀ ਔਰਤ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਰਾਜਸਥਾਨ ਦੇ ਸ੍ਰੀਗੰਗਾਨਗਰ ਇਲਾਕੇ ਵਿੱਚ ਉਸ ਸਮੇਂ ਵਾਪਰਿਆ ਜਦੋਂ ਪਰਿਵਾਰਕ ਮੈਂਬਰ ਕਾਰ ਵਿੱਚ ਘਰ ਪਰਤ ਰਹੇ ਸਨ।
ਹਾਸਲ ਜਾਣਕਾਰੀ ਮੁਤਾਬਕ ਕਾਰ ਨੂੰ ਸਾਹਮਣੇ ਤੋਂ ਆ ਰਹੀ ਬੱਸ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋਣ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਪੁਲਿਸ ਸੂਤਰਾਂ ਅਨੁਸਾਰ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਥਾਣਾ ਖੇਤਰ ਦੇ ਪਿੰਡ ਨੱਥੂਵਾਲਾ ਗਰਬਾ ਵਾਸੀ 30 ਸਾਲਾ ਸੂਰਜਵੀਰ ਸਿੰਘ ਆਪਣੀ 28 ਸਾਲਾ ਪਤਨੀ ਮਨਦੀਪ ਕੌਰ, 55 ਸਾਲਾ ਮਾਤਾ ਕੁਲਦੀਪ ਕੌਰ ਤੇ ਭੈਣ ਮਨਵੀਰ ਕੌਰ ਤੇ ਮਨਵੀਰ ਦੀ ਬੇਟੀ ਵਾਨੀ ਨਾਲ ਪੰਜਾਬ ਤੋਂ ਕਾਰ ਰਾਹੀਂ ਸ਼੍ਰੀਗੰਗਾਨਗਰ ਦੇ ਪਦਮਪੁਰ ਗਿਆ ਸੀ। ਉਹ ਮੰਗਲਵਾਰ ਦੁਪਹਿਰ ਨੂੰ ਉੱਥੇ ਇੱਕ ਜਾਣਕਾਰ ਨੂੰ ਮਿਲਣ ਤੋਂ ਬਾਅਦ ਵਾਪਸ ਪੰਜਾਬ ਪਰਤ ਰਿਹਾ ਸੀ।
ਇਸ ਦੌਰਾਨ ਘੜਸਾਨਾ ਤੋਂ ਸ੍ਰੀਗੰਗਾਨਗਰ ਵੱਲ ਆ ਰਹੀ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਸੂਰਜਵੀਰ ਸਿੰਘ, ਉਸ ਦੀ ਪਤਨੀ ਮਨਦੀਪ ਕੌਰ, ਮਾਤਾ ਕੁਲਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਸਪਤਾਲ ਲਿਜਾਂਦੇ ਸਮੇਂ ਸੂਰਜਵੀਰ ਦੀ ਇੱਕ ਸਾਲ ਦੀ ਭਤੀਜੀ ਵਾਨੀ ਦੀ ਵੀ ਮੌਤ ਹੋ ਗਈ। ਸੂਰਜਵੀਰ ਦੀ ਭੈਣ ਮਨਵੀਰ ਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਸ੍ਰੀਗੰਗਾਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਮ੍ਰਿਤਕ ਇੱਕ ਸਾਲ ਦੀ ਵਾਨੀ ਕੈਨੇਡਾ ਦੀ ਰਹਿਣ ਵਾਲੀ ਸੀ। ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਮ੍ਰਿਤਕ ਦਾ ਚਾਚਾ ਸੁਖਵਿੰਦਰ ਸਿੰਘ ਮੰਗਲਵਾਰ ਸ਼ਾਮ 5 ਵਜੇ ਸ੍ਰੀਗੰਗਾਨਗਰ ਪਹੁੰਚਿਆ। ਉਸ ਨੇ ਦੱਸਿਆ ਕਿ ਸੂਰਜਵੀਰ, ਉਸ ਦੀ ਪਤਨੀ ਮਨਦੀਪ ਕੌਰ ਤੇ ਮਾਤਾ ਕੁਲਦੀਪ ਕੌਰ ਪੰਜਾਬ ਰਹਿੰਦੇ ਸਨ। ਸੂਰਜਵੀਰ ਦੀ ਭੈਣ ਮਨਵੀਰ ਕੌਰ ਕੈਨੇਡਾ ਰਹਿੰਦੀ ਹੈ। ਉਸ ਦੇ ਨਾਲ ਉਸ ਦੀ 1 ਸਾਲ ਦੀ ਬੇਟੀ ਵਾਨੀ ਵੀ ਸੀ, ਜਿਸ ਦੀ ਹਾਦਸੇ 'ਚ ਮੌਤ ਹੋ ਗਈ। ਦੂਜੇ ਪਾਸੇ ਏਲਖੰਡ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 5 ਯਾਤਰੀਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ, ਜਦਕਿ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।