Jalandhar News: ਦੇਸੀ ਦਾਰੂ ਕੱਢਣ ਵਾਲਿਆਂ 'ਤੇ ਪੁਲਿਸ ਦਾ ਵੱਡਾ ਐਕਸ਼ਨ, 2.70 ਕਰੋੜ ਦੀ ਲਾਹਨ ਨਸ਼ਟ
ਪੁਲਿਸ ਨੇ ਮੌਕੇ ਤੋਂ ਕਰੀਬ 4.50 ਲੱਖ ਲੀਟਰ ਲਾਹਣ, 8 ਕਿਲੋ ਡੋਡੇ, ਭੁੱਕੀ ਤੇ ਸ਼ਰਾਬ ਦੀਆਂ ਭੱਠੀਆਂ ਬਰਾਮਦ ਕੀਤੀਆਂ ਹਨ। ਹਾਲਾਂਕਿ ਪੁਲਿਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਦਰਿਆ ਪਾਰ ਕਰਕੇ ਲੁਧਿਆਣਾ ਵੱਲ ਭੱਜ ਗਏ।
Jalandhar News: ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 22 ਮੌਤਾਂ ਤੋਂ ਬਾਅਦ ਪੁਲਿਸ ਤੇ ਆਬਕਾਰੀ ਵਿਭਾਗ ਅਲਰਟ 'ਤੇ ਹੈ। ਅੱਜ ਯਾਨੀ ਐਤਵਾਰ ਤੜਕੇ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਹੈ। ਸਤਲੁਜ ਦਰਿਆ ਦੇ ਨਾਲ ਲੱਗਦੇ ਮਹਿਤਪੁਰ ਦੇ ਇਲਾਕੇ ਵਿੱਚ ਜਲੰਧਰ ਪੁਲਿਸ ਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਨੇ ਰੇਡ ਕੀਤੀ।
ਪੁਲਿਸ ਨੇ ਮੌਕੇ ਤੋਂ ਕਰੀਬ 4.50 ਲੱਖ ਲੀਟਰ ਲਾਹਣ, 8 ਕਿਲੋ ਡੋਡੇ, ਭੁੱਕੀ ਤੇ ਸ਼ਰਾਬ ਦੀਆਂ ਭੱਠੀਆਂ ਬਰਾਮਦ ਕੀਤੀਆਂ ਹਨ। ਹਾਲਾਂਕਿ ਪੁਲਿਸ ਪਾਰਟੀ ਨੂੰ ਦੇਖ ਕੇ ਮੁਲਜ਼ਮ ਦਰਿਆ ਪਾਰ ਕਰਕੇ ਲੁਧਿਆਣਾ ਵੱਲ ਭੱਜ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਤਾਬਕ ਮੁਲਜ਼ਮ ਇੰਨੇ ਸ਼ਾਤਿਰ ਸਨ ਕਿ ਉਨ੍ਹਾਂ ਨੇ ਸਤਲੁਜ ਦਰਿਆ ਨੇੜੇ ਵੱਡੇ-ਵੱਡੇ ਟੋਏ ਬਣਾ ਲਏ ਸਨ। ਮੁਲਜ਼ਮ ਇਸ ਵਿੱਚ ਲੱਕੜ ਦੇ ਸਟੈਂਡ ਰੱਖ ਕੇ ਸ਼ਰਾਬ ਬਣਾ ਰਹੇ ਸਨ। ਸੂਤਰਾਂ ਅਨੁਸਾਰ ਜਲੰਧਰ ਦੇ ਆਬਕਾਰੀ ਵਿਭਾਗ ਨੂੰ ਸਰਕਾਰ ਵੱਲੋਂ ਨਾਜਾਇਜ਼ ਸ਼ਰਾਬ ਸਬੰਧੀ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਵਿਭਾਗੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਤੌਰ 'ਤੇ ਭੱਠੀਆਂ ਲਾ ਕੇ ਸ਼ਰਾਬ ਤਿਆਰ ਕੀਤੀ ਜਾ ਰਹੀ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਜਲੰਧਰ ਦਿਹਾਤੀ ਪੁਲਿਸ ਦੀ ਮਦਦ ਨਾਲ ਅੱਜ ਸਵੇਰੇ 6 ਵਜੇ ਮਹਿਤਪੁਰ ਦੇ ਪਿੰਡ ਵੇਰਾਂ 'ਚ ਛਾਪੇਮਾਰੀ ਕੀਤੀ।
ਪੁਲਿਸ ਪਾਰਟੀ ਦੀਆਂ ਗੱਡੀਆਂ ਨੂੰ ਆਉਂਦਾ ਦੇਖ ਕੇ ਸਾਰੇ ਮੁਲਜ਼ਮ ਸਤਲੁਜ ਦਰਿਆ ਵਿੱਚ ਛਾਲ ਮਾਰ ਕੇ ਲੁਧਿਆਣਾ ਵੱਲ ਭੱਜ ਗਏ। ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਸ਼ਰਾਬ ਦੀਆਂ ਭੱਠੀਆਂ ਚੱਲ ਰਹੀਆਂ ਸੀ ਤੇ ਦਰਿਆ ਦੇ ਪਾਣੀ ਨਾਲ ਸ਼ਰਾਬ ਬਣਾਈ ਜਾ ਰਹੀ ਸੀ। ਮੌਕੇ 'ਤੇ ਦਰਜਨ ਦੇ ਕਰੀਬ ਵਿਅਕਤੀ ਕੰਮ ਕਰ ਰਹੇ ਸਨ, ਜੋ ਪੁਲਿਸ ਨੂੰ ਦੇਖ ਕੇ ਫ਼ਰਾਰ ਹੋ ਗਏ।
ਹਾਸਲ ਜਾਣਕਾਰੀ ਅਨੁਸਾਰ ਟੀਮਾਂ ਨੇ ਮੌਕੇ ਤੋਂ ਕਰੀਬ 4.50 ਲੱਖ ਲੀਟਰ ਲਾਹਣ ਤੇ 8 ਕਿਲੋ ਭੁੱਕੀ ਬਰਾਮਦ ਕੀਤੀ। ਪੁਲਿਸ ਨੇ ਉਕਤ ਸਾਮਾਨ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਸ਼ਟ ਕੀਤੇ ਨਸ਼ੇ ਦੀ ਬਾਜ਼ਾਰੀ ਕੀਮਤ 2.70 ਕਰੋੜ ਰੁਪਏ ਦੇ ਕਰੀਬ ਸੀ।