Punjab News: Punjab News: ਸ਼ਕਤੀਵਾਲਾ ਬਾਬਾ ਗ੍ਰਿਫਤਾਰ, ਔਰਤਾਂ ਨੂੰ ਗਹਿਣੇ ਦੁੱਗਣੇ ਕਰਨ ਦੇ ਝਾਂਸੇ 'ਚ ਫਸਾ ਬਣਾਉਂਦਾ ਸੀ ਲੁੱਟ ਦਾ ਸ਼ਿਕਾਰ
Punjab News: ਪਿੱਛੇ ਜਿਹੇ ਇੱਕ ਨਿਊਜ਼ ਖੂਬ ਚਰਚਾ ਦੇ ਵਿੱਚ ਰਹੀ ਸੀ ਕਿ ਇੱਕ ਬਾਬਾ ਕਿਵੇਂ ਭੋਲੇ-ਭਾਲੇ ਲੋਕਾਂ ਨੂੰ ਗਹਿਣੇ ਡਬਲ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀਆਂ ਮਰ ਰਿਹਾ ਹੈ। ਹੁਣ ਇਹ ਬਾਬਾ ਪੰਜਾਬ ਪੁਲਿਸ ਦੇ ਹੱਥੀ ਚੜ੍ਹ ਗਿਆ ਹੈ।
Nurpur Bedi News: ਜ਼ਿਲ੍ਹਾ ਪੁਲਿਸ ਵਲੋਂ ਨੂਰਪੁਰਬੇਦੀ ਦੇ ਹੱਥੇ ਇੱਕ ਪਾਖੰਡੀ ਬਾਬਾ ਲੱਗਿਆ ਹੈ, ਜੋ ਕਿ ਭੋਲੀ-ਭਾਲੀ ਔਰਤਾਂ ਨੂੰ ਸ਼ਕਤੀਆਂ ਰਾਹੀਂ ਗਹਿਣੇ ਦੁੱਗਣੇ ਕਰਨ ਦੇ ਝੂਠੇ ਝਾਂਸੇ ਵਿੱਚ ਫਸਾ ਕੇ ਲੁੱਟਦਾ ਸੀ। ਹੁਣ ਇਹ ਬਾਬਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ।
ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ੍ਰੀ ਗੁਲਨੀਤ ਸਿੰਘ ਖੁਰਾਣਾ, ਆਈ.ਪੀ.ਐਸ. ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਕਿ ਨੂਰਪੁਰਬੇਦੀ ਵਿਖੇ ਔਰਤ ਨੂੰ ਸ਼ਕਤੀਆਂ ਰਾਹੀਂ ਗਹਿਣੇ ਦੁੱਗਣੇ ਕਰਨ ਦੇ ਝੂਠੇ ਝਾਂਸੇ ਵਿਚ ਫਸਾ ਕੇ ਲੁੱਟਣ ਵਾਲੇ ਨਕਲੀ ਸਾਧ ਰੂਪੀ ਵਿਅਕਤੀ ਗ੍ਰਿਫਤਾਰ ਕੀਤਾ। ਇਸ ਸੰਬੰਧ ਉਨ੍ਹਾਂ ਦੱਸਿਆ ਕਿ ਮਿਤੀ 03 ਜੁਲਾਈ 2024 ਨੂੰ ਬਲਵੀਰ ਸਿੰਘ ਅਤੇ ਉਸਦੀ ਘਰਵਾਲੀ ਬਿਮਲਾ ਦੇਵੀ ਵਾਸੀ ਪਿੰਡ ਸਮੀਰੋਵਾਲ, ਥਾਣਾ ਨੂਰਪੁਰਬੇਦੀ ਆਪਣੇ ਘਰ ਤੋਂ ਆਪਣੀ ਸਕੂਟਰੀ ਉਤੇ ਸਵਾਰ ਹੋ ਕੇ ਘਰੇਲੂ ਸਮਾਨ ਲੈਣ ਲਈ ਨੂਰਪੁਰਬੇਦੀ ਗਏ ਸੀ, ਜਿੱਥੇ ਉਹਨਾਂ ਨੂੰ ਇੱਕ ਸਾਧੂ-ਨੁਮਾ ਵਿਅਕਤੀ ਨੇ ਸ਼ਿਵ ਮੰਦਰ ਬਾਰੇ ਪੁੱਛਿਆ ਅਤੇ ਚਲਾ ਗਿਆ। ਫਿਰ ਬਜ਼ਾਰ ਵਿੱਚ ਉਹਨਾਂ ਨੂੰ ਇੱਕ ਮਰਦ ਅਤੇ ਇੱਕ ਔਰਤ ਮੋਟਰ-ਸਾਈਕਲ 'ਤੇ ਮਿਲੇ, ਜਿਹਨਾਂ ਨੇ ਉਸ ਸਾਧੂ-ਨੁਮਾ ਵਿਅਕਤੀ ਨੂੰ ਬਹੁਤ ਸ਼ਕਤੀਵਾਲਾ ਬਾਬਾ ਦੱਸਿਆ ਅਤੇ ਕਿਹਾ ਕਿ ਇਹ ਘਰ ਵਿੱਚ ਬਰਕਤਾਂ ਪਾ ਦਿੰਦਾ ਹੈ।
ਇੰਨੇ ਸਮੇਂ ਵਿੱਚ ਹੀ ਉਹ ਸਾਧੂ ਵੀ ਉੱਥੇ ਆ ਗਿਆ ਤਾਂ ਮੋਟਰਸਾਈਕਲ ਸਵਾਰ ਮਰਦ ਦੇ ਨਾਲ ਵਾਲੀ ਔਰਤ ਨੇ ਆਪਣੇ ਗਹਿਣੇ ਉਤਾਰ ਕੇ ਬਾਬੇ ਨੂੰ ਦੇ ਦਿੱਤੇ ਅਤੇ ਕਿਹਾ ਕਿ ਇਹ ਦੁੱਗਣੇ ਕਰ ਦੇਣਗੇ, ਤਾਂ ਬਲਵੀਰ ਸਿੰਘ ਦੀ ਘਰਵਾਲੀ ਬਿਮਲਾ ਦੇਵੀ ਨੇ ਵੀ ਆਪਣੀਆਂ ਪਹਿਨੀਆਂ ਹੋਈਆਂ 02 ਸੋਨੇ ਦੀਆਂ ਚੂੜੀਆਂ, ਕੰਨਾਂ ਦੀਆਂ ਵਾਲੀਆਂ ਵਜ਼ਨ 02 ਤੋਲੇ ਲਾਹ ਕੇ ਅਖਬਾਰ ਵਿੱਚ ਲਪੇਟ ਕੇ ਬਾਬੇ ਨੂੰ ਫੜਾ ਦਿੱਤੀਆਂ ਤਾਂ ਬਾਬੇ ਨੇ ਇੱਕ ਰੁਮਾਲ ਵਿੱਚ ਕੁੱਝ ਲਪੇਟਿਆ ਹੋਇਆ, ਸਮਾਨ ਬਿਮਲਾ ਦੇਵੀ ਨੂੰ ਦਿੱਤਾ ਅਤੇ ਕਿਹਾ ਕਿ ਇਸ ਨੂੰ ਘਰ ਜਾ ਕੇ ਖੋਲ ਲੈਣਾ, ਇਸ ਵਿੱਚੋਂ ਤੁਹਾਨੂੰ ਦੁੱਗਣੇ ਗਹਿਣੇ (doubling jewelry) ਮਿਲਣਗੇ।
ਜਦੋਂ ਬਿਮਲਾ ਦੇਵੀ ਨੇ ਘਰ ਜਾ ਕੇ ਰੁਮਾਲ ਖੋਲ ਕੇ ਦੇਖਿਆ ਤਾਂ ਉਸ ਵਿੱਚ ਕੁੱਝ ਕਾਗਜ਼ ਦੇ ਟੁਕੜੇ ਸਨ। ਇਸ ਸਬੰਧੀ ਇਤਲਾਹ ਮਿਲਣ ਤੇ ਮੁਕੱਦਮਾ ਨੰਬਰ 52 ਮਿਤੀ 05.07.2024 ਅ/ਧ 318(4),3(5) ਬੀ ਐਨ ਐਸ ਥਾਣਾ ਨੂਰਪੁਰਬੇਦੀ ਬਰਖਿਲਾਫ ਨਾ-ਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ।
ਐੱਸ ਐੱਸ ਪੀ ਨੇ ਦੱਸਿਆ ਕਿ ਇਸ ਮੁਕੱਦਮਾ ਦੀ ਤਫਤੀਸ਼ ਲਈ ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ ਰੂਪਨਗਰ ਅਤੇ ਉਪ ਕਪਤਾਨ ਪੁਲਿਸ, ਸ਼੍ਰੀ ਅਨੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਸੀ.ਆਈ.ਏ. ਰੂਪਨਗਰ ਅਤੇ ਥਾਣਾ ਨੂਰਪੁਰਬੇਦੀ ਦੀਆਂ ਸਾਂਝੀਆ ਟੀਮਾਂ ਬਣਾਈਆਂ ਗਈਆਂ ਸਨ। ਜਿਸ ਤਹਿਤ ਮੁਖਬਰੀ ਦੇ ਅਧਾਰ ਤੇ ਕੱਲ੍ਹ ਮਿਤੀ 13.07.2024 ਨੂੰ ਨਾਕਾਬੰਦੀ ਦੌਰਾਨ ਇੱਕ ਸਾਧੂ-ਨੁਮਾ ਵਿਅਕਤੀ ਨੂੰ ਥਾਣਾ ਨੂਰਪੁਰਬੇਦੀ ਦੇ ਪਿੰਡ ਸੰਗਤਪੁਰਾ ਵਿਖੇ ਰੋਕ ਕੇ ਪੁੱਛ-ਗਿੱਛ ਕੀਤੀ ਗਈ, ਜਿਸ ਦੀ ਪਛਾਣ ਗੁਲਾਮਾ ਪੁੱਤਰ ਖੋਖਾ, ਵਾਸੀ ਝੁੰਗੀਆਂ, ਨੇੜੇ ਜੰਡ ਪੀਰ, ਮੁਰਾਦਪੁਰਾ ਮੁਹੱਲਾ ਤਰਨਤਾਰਨ ਵਜੋਂ ਹੋਈ।
ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ ਇਸਨੇ ਇਸ ਉਕਤ ਵਾਰਦਾਤ ਨੂੰ ਅੰਜਾਮ ਦੇਣਾ ਮੰਨਿਆ ਹੈ। ਜਿਸ ਨੂੰ ਇਸ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਜੋ ਇਹ ਭੋਲੇ-ਭਾਲੇ ਲੋਕਾਂ ਨੂੰ ਗਹਿਣੇ ਡਬਲ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ। ਜਿਸ ਨੂੰ ਅੱਜ ਮਿਤੀ 14.07.2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।