Sukhbir Badal: ਬਾਦਲ ਪਰਿਵਾਰ ਦੇ ਸਿਆਸੀ ਸਫਰ ਨੂੰ ਲੱਗੀ ਬ੍ਰੇਕ! ਸੁਖਬੀਰ ਬਾਦਲ ਵੱਲੋਂ ਹਰ ਗੁਨਾਹ ਕਬੂਲਣ ਦੇ ਸਿਆਸੀ ਮਾਇਨੇ ਕੀ?
Sukhbir Badal: ਪਿਛਲੇ ਕਈ ਦਹਾਕੇ ਸ਼੍ਰੋਮਣੀ ਅਕਾਲੀ ਦਲ ਉਪਰ ਕਾਬਜ਼ ਰਹੇ ਬਾਦਲ ਪਰਿਵਾਰ ਦੀ ਸ਼ਾਖ ਨੂੰ ਵੱਡਾ ਧੱਕਾ ਲੱਗਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਆਸਤ ਦੇ ਬਾਬਾ ਬੋਹੜ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ
Sukhbir Badal: ਪਿਛਲੇ ਕਈ ਦਹਾਕੇ ਸ਼੍ਰੋਮਣੀ ਅਕਾਲੀ ਦਲ ਉਪਰ ਕਾਬਜ਼ ਰਹੇ ਬਾਦਲ ਪਰਿਵਾਰ ਦੀ ਸ਼ਾਖ ਨੂੰ ਵੱਡਾ ਧੱਕਾ ਲੱਗਾ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਆਸਤ ਦੇ ਬਾਬਾ ਬੋਹੜ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਦਾ ਖਿਤਾਬ ਵਾਪਸ ਲੈ ਲਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਉਸਾਰੀ ਦੇ ਹੁਕਮ ਦਿੱਤੇ ਹਨ ਜਿਸ ਤੋਂ ਲੱਗਦਾ ਹੈ ਕਿ ਬਾਦਲ ਪਰਿਵਾਰ ਦੇ ਸਿਆਸੀ ਸਫਰ ਨੂੰ ਬ੍ਰੇਕ ਲੱਗ ਸਕਦੀ ਹੈ।
ਇਸ ਸਭ ਦੇ ਬਾਵਜੂਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਮੌਕੇ ਸੁਖਬੀਰ ਬਾਦਲ ਦਾ ਰਵੱਈਆ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਨੇ ਆਪਣੇ ਉੱਪਰ ਲੱਗੇ ਹਰ ਦੋਸ਼ ਨੂੰ ਕਬੂਲ ਕਰ ਲਿਆ। ਕਈ ਅਜਿਹੇ ਗੰਭੀਰ ਦੋਸ਼ਾਂ ਨੂੰ ਵੀ ਉਨ੍ਹਾਂ ਨੇ ਸੰਗਤਾਂ ਦੇ ਸਾਹਮਣੇ ਕਬੂਲਿਆ ਜਿਸ ਦਾ ਭਵਿੱਖ ਵਿੱਚ ਸਿੱਧਾ ਅਸਰ ਬਾਦਲ ਪਰਿਵਾਰ ਦੇ ਸਿਆਸੀ ਕਰੀਅਰ ਉਪਰ ਪਵੇਗਾ। ਸੁਖਬੀਰ ਬਾਦਲ ਨੇ ਜਿਸ ਤਰ੍ਹਾਂ ਨਿਮਾਣੇ ਸਿੱਖ ਵਜੋਂ ਬਗੈਰ ਕੋਈ ਉਜਰਤ ਸਾਰੇ ਦੋਸ਼ ਕਬੂਲੇ, ਉਸ ਤੋਂ ਇਹ ਵੀ ਚਰਚਾ ਛਿੜੀ ਹੈ ਕਿ ਕਿਤੇ ਬਾਦਲ ਪਰਿਵਾਰ ਸਿਆਸਤ ਤੋਂ ਲਾਂਭੇ ਤਾਂ ਨਹੀਂ ਹੋ ਰਿਹਾ।
ਇਸ ਦੇ ਨਾਲ ਹੀ ਦੋ ਨਵੰਬਰ ਦੀ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦਾ ਵੀ ਅਹਿਸਾਸ ਹੋਇਆ। ਕਈ ਦਹਾਕਿਆਂ ਬਾਅਦ ਸਿੰਘ ਸਹਿਬਾਨ ਨੇ ਬੜੀ ਬੇਬਾਕੀ ਨਾਲ ਅਕਾਲੀ ਲੀਡਰਾਂ ਤੋਂ ਸੰਗਤਾਂ ਦੇ ਸਾਹਮਣੇ ਜਵਾਬ ਤਬਲੀ ਕੀਤੀ ਤੇ ਉਨ੍ਹਾਂ ਨੂੰ ਸਜ਼ਾ ਸੁਣਾਈ। ਸਿਆਸੀ ਮਾਹਿਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਦਾ ਖਿਤਾਬ ਵਾਪਸ ਲੈਣ ਨੂੰ ਵੱਡੀ ਇਤਿਹਾਸਕ ਘਟਨਾ ਦੱਸ ਰਹੇ ਹਨ। ਇਸ ਸਭ ਨਾਲ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਉਪਰ ਭਰੋਸਾ ਹੋਰ ਵਧਿਆ ਹੈ।
ਦਰਅਸਲ ਸ੍ਰੀ ਅਕਾਲ ਤਖਤ ਵਿਖੇ ਦੋ ਦਸੰਬਰ ਨੂੰ ਹੋਈ ਇਕੱਤਰਤਾ ਦੌਰਾਨ ਸੁਖਬੀਰ ਬਾਦਲ ਕੋਲੋਂ ਗੁਰੂ ਦੀ ਹਜ਼ੂਰੀ ਤੇ ਸੰਗਤ ਦੀ ਹਾਜ਼ਰੀ ਵਿੱਚ ਉਨ੍ਹਾਂ ’ਤੇ ਲੱਗੇ ਦੋਸ਼ਾਂ ਬਾਰੇ ਸਵਾਲ-ਜਵਾਬ ਕੀਤੇ ਗਏ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਬਾਦਲ ’ਤੇ ਲੱਗੇ ਦੋਸ਼ ਸਬੰਧੀ ਪੁੱਛਿਆ ਕਿ ਅਕਾਲੀ ਸਰਕਾਰ ਵੇਲੇ ਉਨ੍ਹਾਂ ਪੰਥਕ ਮੁੱਦਿਆਂ, ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ ਸਨ, ਨੂੰ ਉਨ੍ਹਾਂ ਵਿਸਾਰ ਦਿੱਤਾ ਸੀ। ਇਸ ਬਾਰੇ ਉਹ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ। ਸੁਖਬੀਰ ਬਾਦਲ ਨੇ ਜਦੋਂ ਇਸ ਦੇ ਵਿਸਥਾਰ ’ਚ ਜਾਣ ਦਾ ਯਤਨ ਕੀਤਾ ਤਾਂ ਜਥੇਦਾਰ ਨੇ ਆਖਿਆ ਕਿ ਉਹ ਸਿਰਫ ਹਾਂ ਜਾਂ ਨਾਂਹ ਵਿੱਚ ਜਵਾਬ ਦੇਣ ਤਾਂ ਉਸ ਨੇ ਗੁਨਾਹ ਕਬੂਲ ਕਰਦਿਆਂ ਹਾਂ ਜੀ ਕਿਹਾ।
ਦੂਜਾ ਸਵਾਲ ਕਰਦਿਆਂ ਸਿੰਘ ਸਾਹਿਬਾਨ ਨੇ ਕਿਹਾ ਕਿ ਖਾੜਕੂਵਾਦ ਵੇਲੇ ਬੇਗੁਨਾਹ ਸਿੱਖਾਂ ਦਾ ਕਤਲ ਕਰਨ ਵਾਲੇ ਅਫਸਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਤਰੱਕੀਆਂ ਦਿੱਤੀਆਂ ਗਈਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਾਰਟੀ ਦੀਆਂ ਟਿਕਟਾਂ ਵੀ ਦਿੱਤੀਆਂ ਗਈਆਂ। ਕੀ ਤੁਸੀਂ ਇਹ ਗੁਨਾਹ ਕੀਤਾ ਹੈ ਤਾਂ ਸੁਖਬੀਰ ਬਾਦਲ ਨੇ ਹਾਂ ਵਿੱਚ ਜਵਾਬ ਦਿੱਤਾ।
ਤੀਜਾ ਸਵਾਲ ਡੇਰਾ ਸਿਰਸਾ ਮੁਖੀ ਖ਼ਿਲਾਫ਼ ਦਰਜ ਕੇਸ ਨੂੰ ਵਾਪਸ ਕਰਵਾਉਣ ਦਾ ਗੁਨਾਹ ਕੀਤਾ ਹੈ ਜਾਂ ਨਹੀਂ ਤਾਂ ਇਸ ਦੇ ਜਵਾਬ ਵਿੱਚ ਵੀ ਸੁਖਬੀਰ ਨੇ ਹਾਂ ਆਖਿਆ। ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਉਣ ਲਈ 2015 ’ਚ ਜਥੇਦਾਰਾਂ ਨੂੰ ਚੰਡੀਗੜ੍ਹ ਬੁਲਾਉਣ ਤੇ ਉਨ੍ਹਾਂ ’ਤੇ ਪ੍ਰਭਾਵ ਪਾ ਕੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ ਕਰਾਉਣ ਦੇ ਜਵਾਬ ਵਿੱਚ ਮੁੜ ਸੁਖਬੀਰ ਬਾਦਲ ਨੇ ਵਿਸਥਾਰ ਵਿੱਚ ਜਾਣ ਦਾ ਯਤਨ ਕੀਤਾ ਤਾਂ ਜਥੇਦਾਰ ਨੇ ਤਾੜਨਾ ਕਰਦਿਆਂ ਉਨ੍ਹਾਂ ਨੂੰ ਆਪਣਾ ਜਵਾਬ ਹਾਂ ਜਾਂ ਨਾਂਹ ਵਿੱਚ ਹੀ ਦੇਣ ਦੀ ਤਾਕੀਦ ਕੀਤੀ। ਸੁਖਬੀਰ ਨੇ ਇਹ ਗੁਨਾਹ ਵੀ ਕਬੂਲ ਕਰ ਲਿਆ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਸੁਖਬੀਰ ਕੋਲੋਂ ਪੁੱਛਿਆ ਗਿਆ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀ ਦਿਵਾਉਣ ਵਾਸਤੇ ਕੀਤੇ ਗਏ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ’ਤੇ ਦਬਾਅ ਪਾ ਕੇ ਗੁਰੂ ਦੀ ਗੋਲਕ ਵਿੱਚੋਂ 90 ਲੱਖ ਰੁਪਏ ਤੋਂ ਵੱਧ ਦੇ ਇਸ਼ਤਿਹਾਰ ਦਿੱਤੇ ਗਏ, ਕੀ ਇਹ ਗੁਨਾਹ ਹੈ ਜਾਂ ਨਹੀਂ ਤਾਂ ਉਨ੍ਹਾਂ ਨੇ ਇਸ ਨੂੰ ਵੀ ਕਬੂਲ ਕੀਤਾ।