ਕੋਰੋਨਾ ਵਾਇਰਸ: ਡਿਸਚਾਰਜ ਹੋਏ ਬਜ਼ੁਰਗ ਦੇ ਹੱਥ ਹਸਪਤਾਲ ਨੇ ਫੜ੍ਹਾਇਆ 8.35 ਕਰੋੜ ਦਾ ਬਿੱਲ
62 ਦਿਨਾਂ ਬਾਅਦ ਹਸਪਤਾਲ ਤੋਂ ਡਿਸਚਾਰਜ ਹੋਏ ਮਾਇਕਲ ਨੂੰ ਹਸਪਤਾਲ ਵੱਲੋਂ 181 ਪੰਨਿਆਂ ਦਾ 1.1 ਮਿਲੀਅਨ ਡਾਲਰ ਯਾਨੀ 8.35 ਕਰੋੜ ਦਾ ਬਿੱਲ ਦਿੱਤਾ ਗਿਆ।
ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਅਮਰੀਕਾ ਤੋਂ ਹੈਰਾਨ ਕਰਦੀ ਖ਼ਬਰ ਸਾਹਮਣੇ ਆਈ ਹੈ। ਸਿਆਟਲ 'ਚ ਰਹਿਣ ਵਾਲੇ 70 ਸਾਲਾ ਮਾਇਕਲ ਫਲੋਰ ਨੇ 62 ਦਿਨਾਂ ਤਕ ਕੋਰੋਨਾ ਨਾਲ ਜੰਗ ਲੜ੍ਹਨ ਤੋਂ ਬਾਅਦ ਇਸ 'ਤੇ ਜਿੱਤ ਪ੍ਰਾਪਤ ਕੀਤੀ। ਪਰ ਇਸ ਤੋਂ ਬਾਅਦ ਜੋ ਹੋਇਆ ਉਹ ਮਾਇਕਲ ਲਈ ਵੱਡੀ ਹੈਰਾਨੀ ਸੀ।
ਦਰਅਸਲ 62 ਦਿਨਾਂ ਬਾਅਦ ਹਸਪਤਾਲ ਤੋਂ ਡਿਸਚਾਰਜ ਹੋਏ ਮਾਇਕਲ ਨੂੰ ਹਸਪਤਾਲ ਵੱਲੋਂ 181 ਪੰਨਿਆਂ ਦਾ 1.1 ਮਿਲੀਅਨ ਡਾਲਰ ਯਾਨੀ 8.35 ਕਰੋੜ ਦਾ ਬਿੱਲ ਦਿੱਤਾ ਗਿਆ।
ਮਾਇਕਲ ਨੇ ਦੱਸਿਆ ਕਿ ਹਸਪਤਾਲ ਨੇ ਉਨ੍ਹਾਂ ਤੋਂ ਆਈਸੀਯੂ ਦੇ ਪ੍ਰਤੀ ਦਿਨ 7.39 ਲੱਖ ਰੁਪਏ ਚਾਰਜ ਕੀਤੇ। ਸਟੇਰਾਇਲ ਰੂਮ 'ਚ ਰੱਖਣ ਲਈ ਮਾਇਕਲ ਤੋਂ 42 ਦਿਨਾਂ ਦੇ ਤਿੰਨ ਕਰੋੜ 10 ਲੱਖ ਰੁਪਏ ਵਸੂਲੇ ਗਏ। ਇਸ ਤੋਂ ਇਲਾਵਾ ਵੈਂਟੀਲੇਟਰ 'ਤੇ ਰੱਖਣ ਲਈ ਹਸਪਤਾਲ ਨੇ ਮਾਇਕਲ ਤੋਂ 62 ਲੱਖ, 28 ਹਜ਼ਾਰ ਰੁਪਏ ਚਾਰਜ ਕੀਤੇ।
ਹਾਲਾਂਕਿ ਮਾਇਕਲ ਨੂੰ ਇਹ ਵੱਡੀ ਰਾਹਤ ਹੈ ਕਿ ਉਹ ਬਜ਼ੁਰਗਾਂ ਲਈ ਬਣਾਏ ਸਰਕਾਰੀ ਇੰਸ਼ੋਰੈਂਸ ਕਵਰ 'ਚ ਆਉਂਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਜੇਬ 'ਚੋਂ ਹਸਪਤਾਲ ਦਾ ਬਿੱਲ ਅਦਾ ਨਹੀਂ ਕਰਨਾ ਪਏਗਾ। ਮਾਇਕਲ ਦਾ ਕਹਿਣਾ ਹੈ ਕਿ ਉਹ ਇਸ ਬਿੱਲ ਲਈ ਆਪਣੇ ਆਪ ਨੂੰ ਅਪਰਾਧੀ ਮੰਨ ਰਹੇ ਹਨ। ਉਨ੍ਹਾਂ ਨੂੰ ਫਿਕਰ ਹੈ ਕਿ ਟੈਕਸ ਪੇਅਰਸ ਨੂੰ ਏਨੇ ਪੈਸੇ ਦੇਣੇ ਪੈਣਗੇ।